ਬੀਕੇਯੂ ਏਕਤਾ ਉਗਰਾਹਾਂ ਨੇ ਦੋਸ਼ ’ਚ ਘਿਰਿਆ ਆਗੂ ਜਥੇਬੰਦੀ ’ਚੋਂ ਕੱਢਿਆ
ਮਹਿੰਦਰ ਸਿੰਘ ਰੱਤੀਆਂ
ਮੋਗਾ, 28 ਜੂਨ
ਬੀਕੇਯੂ ਏਕਤਾ ਉਗਰਾਹਾਂ ਦੀ ਮੀਟਿੰਗ ਸ਼ਹੀਦ ਸਾਧੂ ਸਿੰਘ ਦੀ ਯਾਦਗਾਰ, ਪਿੰਡ ਤਖਤੂਪੁਰਾ ਵਿੱਚ ਹੋਈ। ਮੀਟਿੰਗ ਵਿੱਚ ਲੱਖਾਂ ਰੁਪਏ ਫੰਡ ਘਪਲੇ ਦੇ ਦੋਸ਼ਾਂ ’ਚ ਘਿਰੇ ਜਥੇਬੰਦੀ ਦੇ ਬਲਾਕ ਸਕੱਤਰ ਹਰਮਿੰਦਰ ਸਿੰਘ ਡੇਮਰੂ ਨੂੰ ਜਥੇਬੰਦੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ, ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਬਲੌਰ ਸਿੰਘ ਘਾਲੀ ਤੇ ਹੋਰ ਆਗੂਆਂ ਨੇ ਸ਼ਿਰਕਤ ਕੀਤੀ।
ਮੈਂਬਰਸ਼ਿਪ ਤੋਂ ਖਾਰਜ ਕੀਤੇ ਗਏ ਹਰਮਿੰਦਰ ਸਿੰਘ ਡੇਮਰੂ ਨੇ ਕਿਹਾ ਕਿ ਉਸ ਨੇ ਵੀ ਇਸ ਮੀਟਿੰਗ ’ਚ ਸ਼ਿਰਕਤ ਕੀਤੀ ਸੀ। ਉਸ ਨੇ ਆਗੂਆਂ ਨੂੰ ਫੰਡਾਂ ’ਚ ਬੇਨਿਯਮੀਆਂ ਸਬੰਧੀ ਸਬੂਤ ਪੇਸ਼ ਕਰਨ ਲਈ ਆਖਿਆ ਜੋ ਪੇਸ਼ ਨਹੀਂ ਕੀਤੇ ਗਏ।
ਦੂਜੇ ਪਾਸੇ, ਕਿਸਾਨ ਆਗੂਆਂ ਨੇ ਕਿਹਾ ਕਿ ਚੰਦ ਪੁਰਾਣਾ ਟੌਲ ਪਲਾਜ਼ਾ ’ਤੇ ਚੱਲ ਰਹੇ ਪੱਕੇ ਧਰਨੇ ਸਮੇਂ ਕੁੱਝ ਜਥੇਬੰਦਕ ਕਾਰਕੁਨਾਂ ਵੱਲੋਂ ਬਲਾਕ ਆਗੂ ਹਰਮਿੰਦਰ ਸਿੰਘ ਡੇਮਰੂ ਖ਼ਿਲਾਫ਼ ਫੰਡਾਂ ਵਿੱਚ ਘਪਲੇਬਾਜ਼ੀ ਅਤੇ ਆਪਹੁਦਰੀਆਂ ਦੀਆਂ ਸ਼ਿਕਾਇਤਾਂ ਤੋਂ ਜਥੇਬੰਦੀ ਨੂੰ ਜਾਣੂ ਕਰਵਾਇਆ ਸੀ। ਇਨ੍ਹਾਂ ਸ਼ਿਕਾਇਤਾਂ ਉੱਤੇ ਜ਼ਿਲ੍ਹਾ ਵਰਕਿੰਗ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਸਕੱਤਰ ਅਤੇ ਖ਼ਜਾਨਚੀ ਸਣੇ ਤਿੰਨ ਮੈਂਬਰੀ ਆਡਿਟ ਕਮੇਟੀ ਬਣਾਈ ਗਈ। ਕਮੇਟੀ ਦੀ ਪੜਤਾਲੀਆ ਰਿਪੋਰਟ ਉੱਤੇ ਮੀਟਿੰਗ ਵਿਚ ਚਰਚਾ ਮਗਰੋਂ ਬਲਾਕ ਆਗੂ ਹਰਮੰਦਰ ਸਿੰਘ ਡੇਮਰੂ ਨੂੰ ਜਥੇਬੰਦੀ ’ਚੋਂ ਖਾਰਜ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਧੂਰੇ ਰਿਕਾਰਡ ਮੁਤਾਬਕ ਵੀ ਲੱਖਾਂ ਰੁਪਏ ਦੇ ਘਪਲੇ ਦੀ ਪੁਸ਼ਟੀ ਹੋਈ ਹੈ। ਇਕੱਠੇ ਕੀਤੇ ਫੰਡ ਨਾਲ ਸਬੰਧਤ ਰਸੀਦ ਬੁੱਕਾਂ ਵੀ ਮੌਜੂਦ ਨਹੀਂ।