ਬੀਕੇਯੂ ਏਕਤਾ (ਉਗਰਾਹਾਂ) ਦੀ ਮੀਟਿੰਗ
ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 3 ਅਗਸਤ
ਭਾਕਿਯੂ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਬਲਾਕ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਚੋਣਾਂ ਜਿੱਤਣ ਲਈ ਮਨੀਪੁਰ ਤੋਂ ਲੈ ਕੇ ਹਰਿਆਣੇ ਦੇ ਨੂਹ ਜ਼ਿਲ੍ਹੇ ਤੱਕ ਫ਼ਿਰਕੂ ਦੰਗੇ ਭੜਕਾ ਕੇ ਦੇਸ਼ ਦੇ ਲੋਕਾਂ ਵਿੱਚ ਭੈਅ ਅਤੇ ਨਫ਼ਰਤ ਦਾ ਮਾਹੌਲ ਬਣਾਉਣਾ ਚਾਹੁੰਦੀ ਹੈ। ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੇਸ਼ ਦੰਗੇ ਭੜਕਾ ਕੇ ਕਿਸਾਨਾਂ-ਮਜ਼ਦੂਰਾਂ ਦੇ ਬੁਨਿਆਦੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਯਤਨਸ਼ੀਲ ਹੈ ਅਤੇ ਹਿੰਦੂ ਵੋਟ ਬੈਂਕ ਨੂੰ ਆਪਣੇ ਪੱਖ ਵਿੱਚ ਭੁਗਤਾਉਣ ਲਈ ਦੇਸ਼ ਦੇ ਹਰ ਹਿੱਸੇ ਵਿੱਚ ਅਜਿਹੇ ਦੰਗੇ ਕਰਵਾ ਰਹੀ ਹੈ। ਬਲਾਕ ਦੀ ਮੀਟਿੰਗ ਰਜਿੰਦਰ ਸਿੰਘ ਖਟੜਾ ਦੀ ਪ੍ਰਧਾਨਗੀ ਹੇਠ ਡੇਹਲੋਂ ਦੇ ਗੁਰਦੁਆਰਾ ਸਾਹਿਬ ਵਿੱਚ ਹੋਈ। ਕਿਸਾਨ ਆਗੂ ਜਸਦੀਪ ਸਿੰਘ ਜੱਸੋਵਾਲ, ਜਗਜੀਤ ਸਿੰਘ, ਗੁਰਮਿੰਦਰ ਸਿੰਘ ਗੁਰਮ, ਕਰਮਜੀਤ ਸਿੰਘ ਲਹਿਰਾ ਅਤੇ ਜਸਵੀਰ ਸਿੰਘ ਖੱਟੜਾ ਨੇ ਸੰਬੋਧਨ ਕਰਦਿਆਂ ਭਾਰਤ ਮਾਲਾ ਸੜਕ ਯੋਜਨਾ ਤਹਿਤ ਜਬਰੀ ਜ਼ਮੀਨ ਗ੍ਰਹਿਣ ਕਰਨ ਵਿਰੁੱਧ ਸੰਘਰਸ਼ ਨੂੰ ਮੁਆਵਜ਼ਾ ਨਾ ਮਿਲਣ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ। ਜਥੇਬੰਦੀ ਵੱਲੋਂ ਹੜ੍ਹ ਪੀੜਤਾਂ ਲਈ ਤੁਰੰਤ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਗਈ। ਮੀਟਿੰਗ ਦੌਰਾਨ 6 ਅਗਸਤ ਨੂੰ ਚੰਡੀਗੜ੍ਹ ਜਾਣ ਲਈ ਰੂਪਰੇਖਾ ਤਿਆਰ ਕੀਤੀ ਗਈ।