ਬੀਕੇਯੂ ਡਕੌਂਦਾ ਨੇ ਕਿਸਾਨ ਦੇ ਘਰ ਦੀ ਕੁਰਕੀ ਰੋਕੀ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 13 ਦਸੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ (ਧਨੇਰ) ਵੱਲੋਂ ਅੱਜ ਪਿੰਡ ਬੀਹਲਾ ਖ਼ੁਰਦ ਵਿੱਚ ਕਿਸਾਨ ਦੇ ਘਰ ਦੀ ਕੁਰਕੀ ਦਾ ਵਿਰੋਧ ਕੀਤਾ ਗਿਆ। ਕਿਸਾਨ ਯੂਨੀਅਨ ਦੇ ਵਿਰੋਧ ਸਦਕਾ ਕੁਰਕੀ ਨਾ ਹੋ ਸਕੀ। ਇਸ ਮੌਕੇ ਕਿਸਾਨ ਆਗੂ ਨਾਨਕ ਸਿੰਘ ਅਮਲਾ ਸਿੰਘ ਵਾਲਾ, ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ ਅਤੇ ਭਿੰਦਰ ਸਿੰਘ ਮੂੰਮ ਨੇ ਕਿਹਾ ਕਿ ਕਿਸਾਨ ਚਰਨਜੀਤ ਸਿੰਘ ਦੇ ਡੇਅਰੀ ਫ਼ਾਰਮ ਲਈ ਇੱਕ ਨਿੱਜੀ ਫਾਇਨਾਂਸ ਕੰਪਨੀ ਤੋਂ ਘਰ ’ਤੇ ਕਰਜ਼ ਲਿਆ ਸੀ।
ਕੰਪਨੀ ਨੇ ਪਸ਼ੂਆਂ ਦੇ ਬੀਮੇ ਦੇ ਨਾਮ ’ਤੇ 58 ਹਜ਼ਾਰ ਰੁਪਏ ਦੇ ਲਗਪਗ ਰਕਮ ਵਿੱਚੋਂ ਕੱਟ ਲਏ। ਕਿਸਾਨ ਦੀਆਂ 9 ਗਊਆਂ ਲੰਮੀ ਸਕਿੱਨ ਦੀ ਬਿਮਾਰੀ ਨਾਲ ਮਰ ਗਈਆਂ ਪਰ ਕੰਪਨੀ ਨੇ ਨਾ ਤਾਂ ਮਰੇ ਪਸ਼ੂਆਂ ਦੇ ਬੀਮੇ ਦਾ ਕਲੇਮ ਦਿਵਾਇਆ ਅਤੇ ਨਾ ਹੀ ਕਰਵਾਏ ਬੀਮੇ ਦਾ ਕੋਈ ਸਬੂਤ ਦੇ ਰਹੇ ਹਨ। ਇਸ ਤੋਂ ਸਾਫ਼ ਹੈ ਕਿ ਕੰਪਨੀ ਨੇ ਬੀਮਾ ਸਬੰਧਤ ਕਿਸਾਨ ਨਾਲ ਬੀਮੇ ਦੇ ਨਾਮ ’ਤੇ ਠੱਗੀ ਮਾਰੀ ਹੈ। ਇਸ ਤੋਂ ਬਾਅਦ ਕੰਪਨੀ ਨੇ ਕਿਸਾਨ ਵਿਰੁੱਧ ਕੇਸ ਦਰਜ ਕਰਕੇ ਉਸ ਦੇ ਡੇਅਰੀ ਫਾਰਮ ਦੀ ਕੁਰਕੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਕਿਸਾਨ ਜਥੇਬੰਦੀ ਕਿਸੇ ਵੀ ’ਤੇ ਬਰਦਾਸ਼ਤ ਨਹੀਂ ਕਰੇਗੀ।
ਇਸ ਮੌਕੇ ਸੋਹਣ ਸਿੰਘ, ਬਲਵੀਰ ਸਿੰਘ ਮਨਾਲ, ਬਲਦੇਵ ਸਿੰਘ ਸਹਿਜੜਾ, ਸਾਧੂ ਸਿੰਘ ਮਨਾਲ, ਸੁਖਦੇਵ ਸਿੰਘ ਕੁਰੜ, ਚੰਦ ਸਿੰਘ ਕੁਰੜ, ਅੰਮ੍ਰਿਤ ਸਿੰਘ, ਗੁਰਤੇਜ ਸਿੰਘ ਚਰਨਜੀਤ ਸਿੰਘ ਹਾਜ਼ਰ ਸਨ।