ਬੀਕੇਯੂ (ਡਕੌਂਦਾ) ਨੇ ਟੌਲ ਪਲਾਜ਼ਾ ਹਟਾਉਣ ਲਈ ਕਾਰਵਾਈ ਸ਼ੁਰੂ ਕੀਤੀ
ਕਰਨ ਭੀਖੀ
ਭੀਖੀ, 21 ਦਸੰਬਰ
ਪਿੰਡ ਹਮੀਰਗੜ੍ਹ ਢੈਪਈ ਨੇੜੇ ਅਣ-ਅਧਿਕਾਰਤ ਖੰਡਰ ਟੌਲ ਪਲਾਜ਼ੇ ਨੂੰ ਹਟਾਉਣ ਲਈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਕਿਸਾਨਾਂ ਤੇ ਕਿਸਾਨ ਬੀਬੀਆਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਕਤ ਟੌਲ ਪਲਾਜ਼ਾ ਹਟਾਉਣ ਲਈ ਜੇਸੀਬੀ ਨਾਲ ਭੰਨ-ਤੋੜ ਦਾ ਕੰਮ ਸ਼ੁਰੂ ਕਰ ਦਿੱਤਾ। ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਪੁੱਜਣ ਤੋਂ ਪਹਿਲਾਂ ਹੀ ਟੌਲ ਪਲਾਜ਼ੇ ਦਾ ਕਾਫ਼ੀ ਹਿੱਸਾ ਢਾਹ ਦਿੱਤਾ ਗਿਆ ਸੀ। ਇਸ ਮੌਕੇ ਕਿਸਾਨ ਆਗੂ ਲਛਮਣ ਸਿੰਘ ਚੱਕ ਅਲੀਸ਼ੇਰ ਤੇ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਇਹ ਟੌਲ ਪਲਾਜ਼ਾ ਗੈਰ-ਸਮਾਜੀ ਅਨਸਰਾਂ ਦਾ ਅੱਡਾ ਬਣ ਰਿਹਾ ਸੀ ਅਤੇ ਇਸ ਦੇ ਦੁਆਲੇ ਤੰਗ ਸੜਕਾਂ ਕਾਰਨ ਨਿੱਤ ਹਾਦਸੇ ਵਾਪਰ ਰਹੇ ਹਨ। ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਜਥੇਬੰਦੀ ਵੱਲੋਂ ਇੱਥੇ ਕਈ ਵਾਰ ਧਰਨਾ ਦਿੱਤਾ ਗਿਆ ਸੀ, ਪਰ ਪ੍ਰਸ਼ਾਸਨ ਦੇ ਕੰਨ ’ਤੇ ਜੂੰ ਨਹੀਂ ਸਰਕੀ ਉਲਟਾ ਮਾਮਲਾ ਅਦਾਲਤ ਵਿੱਚ ਵਿਚਾਰ-ਅਧੀਨ ਹੋਣ ਕਾਰਨ ਪੱਲਾ ਝਾੜ ਲੈਂਦੇ ਸਨ। ਹਾਦਸਿਆਂ ਵਿੱਚ ਜਾਂਦੀਆਂ ਜਾਨਾਂ ਪ੍ਰਤੀ ਪ੍ਰਸ਼ਾਸਨ ਦਾ ਰਵੱਈਆ ਗੈਰ-ਮਨੁੱਖੀ ਅਤੇ ਗੈਰ-ਜ਼ਿੰਮੇਵਰਾਨਾ ਸੀ ਜਿਸ ਤੋਂ ਅੱਕ ਕੇ ਜਥੇਬੰਦੀ ਨੇ ਪਲਾਜ਼ੇ ਨੂੰ ਖੁਦ ਹਟਾਉਣ ਦਾ ਫੈਸਲਾ ਲਿਆ।
ਉਨ੍ਹਾਂ ਇਸ ਮੁੱਦੇ ਉਤੇ ਵਿਧਾਨ ਸਭਾ ਵਿੱਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਵੱਲੋਂ ਦਿੱਤੇ ਬਿਆਨ ਦੀ ਨਿੰਦਾ ਕਰਦਿਆਂ ਕਿਹਾ ਕਿ ਮੰਤਰੀ ਦਾ ਵਿਧਾਨ ਸਭਾ ਵਿੱਚ ਦਿੱਤਾ ਬਿਆਨ ਗੁਮਰਾਹਕੁਨ ਤੇ ਝੂਠਾ ਸੀ ਜਦੋਂਕਿ ਜ਼ਮੀਨੀ ਪੱਧਰ ’ਤੇ ਇੱਥੇ ਕੁਝ ਵੀ ਨਹੀਂ। ਧਰਨੇ ਰਾਜ ਸਿੰਘ ਅਲੀਸ਼ੇਰ, ਹਰਦੇਵ ਸਿੰਘ, ਧੰਨਜੀਤ ਸਿੰਘ ਢੈਪਈ, ਜਗਜੀਤ ਸਿੰਘ ਧਲੇਵਾ ਨੇ ਕਿਹਾ ਕਿ ਉਹ ਸੰਘਰਸ਼ ਜਾਰੀ ਰੱਖਣਗੇ ਅਤੇ ਇੱਥੇ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਰੱਖਿਆ ਜਾਵੇਗਾ। ਉੱਧਰ, ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।