ਭਾਜਪਾ-ਜੇਜੇਪੀ ਛੱਡਣ ਵਾਲੇ ਆਗੂਆਂ ਨੂੰ ਟਿਕਟ ਮਿਲਣ ’ਤੇ ਬੀਕੇਯੂ (ਚੜੂਨੀ) ਕਰੇਗੀ ਵਿਰੋਧ
ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 4 ਸਤੰਬਰ
ਵਿਧਾਨ ਸਭਾ ਚੋਣਾਂ ਦੌਰਾਨ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਨੇ ਕਾਂਗਰਸ ਅਤੇ ਹਰਿਆਣਾ ਦੀਆਂ ਹੋਰ ਪਾਰਟੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਨੇ ਭਾਜਪਾ-ਜੇਜੇਪੀ ਛੱਡ ਕੇ ਆਏ ਕਿਸੇ ਆਗੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ, ਤਾਂ ਕਿਸਾਨ ਉਸ ਉਮੀਦਵਾਰ ਦਾ ਡੱਟ ਕੇ ਵਿਰੋਧ ਕਰਨਗੇ। ਬੀਕੇਯੂ ਦੇ ਸੂਬਾਈ ਬੁਲਾਰੇ ਰਾਕੇਸ਼ ਬੈਂਸ ਨੇ ਕਿਹਾ ਕਿ ਭਾਜਪਾ-ਜੇਜੇਪੀ ਦੇ ਕਾਰਜਕਾਲ ਦੌਰਾਨ ਕਈ ਵਾਰ ਕਿਸਾਨਾਂ ’ਤੇ ਅੱਤਿਆਚਾਰ ਹੋਏ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਉਹ ਮੀਡੀਆ ਰਾਹੀਂ ਦੇਖ ਰਹੇ ਹਨ ਕਿ ਭਾਜਪਾ ਅਤੇ ਜੇਜੇਪੀ ਦੇ ਕਈ ਆਗੂ ਅਤੇ ਵਿਧਾਇਕ ਪਾਰਟੀਆਂ ਛੱਡ ਕੇ ਕਾਂਗਰਸ ਅਤੇ ਹੋਰ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਹਨ ਅਤੇ ਟਿਕਟਾਂ ਦੀ ਮੰਗ ਕਰ ਰਹੇ ਹਨ। ਇਸ ਮਗਰੋਂ ਮੀਟਿੰਗ ਕਰਨ ਤੋਂ ਬਾਅਦ ਅੱਜ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਨਾਲ ਜੁੜੇ ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ ਕਿਸਾਨ ਇਨ੍ਹਾਂ ਉਮੀਦਵਾਰਾਂ ਦਾ ਡੱਟ ਕੇ ਵਿਰੋਧ ਕਰਨਗੇ।
ਵੋਟਰਾਂ ਨੂੰ ਵੋਟਾਂ ਪਾਉਣ ਦੀ ਅਪੀਲ
ਬੀਕੇਯੂ ਦੇ ਬੁਲਾਰੇ ਰਾਕੇਸ਼ ਬੈਂਸ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਵੋਟਰ ਘਰਾਂ ਤੋਂ ਬਾਹਰ ਨਹੀਂ ਸਨ ਨਿਕਲੇ, ਜਦਕਿ ਵੋਟਰਾਂ ਨੂੰ 5 ਸਾਲਾਂ ਵਿੱਚ ਇੱਕ ਵਾਰ ਹੀ ਆਪਣੀ ਗਲਤੀ ਸੁਧਾਰਨ ਦਾ ਮੌਕਾ ਮਿਲਦਾ ਹੈ। ਇਸ ਲਈ ਹਰ ਵੋਟਰ ਨੂੰ ਆਪਣੀ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਆਪਣੀ ਵਿਧਾਨ ਸਭਾ ਵਿੱਚ ਪੜ੍ਹੇ ਲਿਖੇ ਅਤੇ ਇਮਾਨਦਾਰ ਉਮੀਦਵਾਰ ਨੂੰ ਹੀ ਵੋਟ ਪਾਉਣੀ ਚਾਹੀਦੀ ਹੈ।