ਬੀਕੇਯੂ ਆਜ਼ਾਦ ਵੱਲੋਂ ਕੇਂਦਰ ਦੀਆਂ ਅਰਥੀਆਂ ਫੂਕਣ ਦਾ ਐਲਾਨ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 28 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਸੂਬਾ ਪੱਧਰੀ ਮੀਟਿੰਗ ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਸੂਬਾ ਕਾਰਜਕਾਰੀ ਆਗੂ ਦਿਲਬਾਗ ਸਿੰਘ ਹਰੀਗੜ੍ਹ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਚੱਲ ਰਹੇ ਮੋਰਚੇ ਦੀ ਪੂਰੀ ਸਮੀਖਿਆ ਕੀਤੀ ਗਈ। ਇਸ ਦੌਰਾਨ ਆਉਣ ਵਾਲੇ ਪ੍ਰੋਗਰਾਮਾਂ ਨੂੰ ਪੂਰੇ ਜ਼ੋਰ ਨਾਲ ਲਾਗੂ ਕਰਨ ਲਈ ਡਿਊਟੀਆਂ ਲਾਈਆਂ ਗਈਆਂ। ਮੀਟਿੰਗ ਵਿੱਚ ਬੋਲਦਿਆਂ ਸੂਬਾ ਆਗੂ ਜਸਵਿੰਦਰ ਲੌਂਗੋਵਾਲ, ਦਿਲਬਾਗ ਹਰੀਗੜ ਤੇ ਮਨਜੀਤ ਨਿਆਲ ਨੇ ਕਿਹਾ ਕਿ ਹਰਿਆਣਾ ਤੇ ਮੋਦੀ ਸਰਕਾਰਾਂ ਵੱਲੋਂ ਆਪਣੇ ਹੱਕਾਂ ਦੀ ਮੰਗ ਕਰਦੇ ਕਿਸਾਨਾਂ ਮਜ਼ਦੂਰਾਂ ਉੱਪਰ ਗੋਲੀਆਂ ਚਲਾਉਣ ਵਾਲੇ ਪੁਲੀਸ ਅਧਿਕਾਰੀਆਂ ਨੂੰ ਤਗ਼ਮੇ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਜਿਸ ਦੇ ਰੋਸ ਵਜੋਂ ਦੋਨਾਂ ਫੋਰਮਾ ਵੱਲੋਂ ਪੂਰੇ ਭਾਰਤ ਵਿੱਚ 1 ਅਗਸਤ ਨੂੰ ਡੀਸੀ ਤੇ ਐੱਸਡੀਐੱਮ ਦਫ਼ਤਰਾਂ ਅੱਗੇ ਮੋਦੀ ਤੇ ਹਰਿਆਣਾ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਮੁੱਖ ਮੰਤਰੀ ਦਾ ਕਿਸਾਨਾਂ ਨੂੰ ਮੋਟਰਾਂ ਬੰਦ ਕਰਕੇ ਝੋਨਾ ਲਾਉਣ ਦਾ ਦਾਅਵਾ ਵੀ ਝੂਠਾ ਸਾਬਤ ਹੋ ਰਿਹਾ ਹੈ। ਪੰਜਾਬ ਦੇ ਵਿੱਚ ਬਿਜਲੀ ਘੱਟ ਆਉਣ ਦੇ ਕਾਰਨ ਝੋਨੇ ਦੀ ਫ਼ਸਲ ਵਾਹੁਣ ਲਈ ਮਜਬੂਰ ਹਨ। ਇੱਕ ਪਾਸੇ ਕਿਸਾਨ ਫਸਲਾਂ ਵਾਹ ਰਹੇ ਹਨ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਬਿਜਲੀ ਐਕਟ 2023 ਲਾਗੂ ਕਰਨ ਲਈ ਤਰਲੋ ਮੱਛੀ ਹੋਈ ਪਈ ਹੈ ਜਿਸ ਦੇ ਸਿੱਟੇ ਵਜੋਂ ਧੜਾ ਧੜ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਹਨ। ਇਸ ਲਈ ਜਥੇਬੰਦੀ ਵੱਲੋਂ ਝੋਨੇ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦਵਾਉਣ ਲਈ 5 ਅਗਸਤ ਨੂੰ ਮੁੱਖ ਦਫ਼ਤਰ ਪਟਿਆਲਾ ਬਿਜਲੀ ਬੋਰਡ ਵਿਖੇ ਧਰਨਾ ਦਿੱਤਾ ਜਾਵੇਗਾ। ਮੀਟਿੰਗ ਵਿੱਚ ਜ਼ਿਲ੍ਹਾ ਆਗੂ ਕੁਲਵਿੰਦਰ ਸੋਨੀ ਲੌਂਗੋਵਾਲ, ਚਮਕੌਰ ਸਿੰਘ ਭੇਡਪੁਰਾ, ਗੁਰਵਿੰਦਰ ਸਦਰਪੁਰਾ, ਅਮਰ ਸਿੰਘ ਲੌਂਗੋਵਾਲ ਤੇ ਸੁਖਦੇਵ ਸ਼ਰਮਾ ਆਦਿ ਹਾਜ਼ਰ ਸਨ।