For the best experience, open
https://m.punjabitribuneonline.com
on your mobile browser.
Advertisement

ਭਾਜਪਾ ਦੇ ਕਬਾਇਲੀ ਆਗੂ ਮਾਝੀ ਹੋਣਗੇ ਉੜੀਸਾ ਦੇ ਨਵੇਂ ਮੁੱਖ ਮੰਤਰੀ

06:39 AM Jun 12, 2024 IST
ਭਾਜਪਾ ਦੇ ਕਬਾਇਲੀ ਆਗੂ ਮਾਝੀ ਹੋਣਗੇ ਉੜੀਸਾ ਦੇ ਨਵੇਂ ਮੁੱਖ ਮੰਤਰੀ
ਮੁੱਖ ਮੰਤਰੀ ਵਜੋਂ ਨਾਮਜ਼ਦ ਕੀਤੇ ਜਾਣ ਮਗਰੋਂ ਭਾਜਪਾ ਵਿਧਾਇਕ ਮੋਹਨ ਚਰਨ ਮਾਝੀ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਕੇਂਦਰੀ ਮੰਤਰੀ ਰਾਜਨਾਥ ਸਿੰਘ ਤੇ ਧਰਮੇਂਦਰ ਪ੍ਰਧਾਨ। -ਫੋਟੋ: ਪੀਟੀਆਈ
Advertisement

* ਭਾਜਪਾ ਵਿਧਾਇਕ ਦਲ ਦੀ ਮੀਟਿੰਗ ’ਚ ਲਿਆ ਫ਼ੈਸਲਾ
* ਨਵੀਂ ਸਰਕਾਰ ਦਾ ਹਲਫ਼ਦਾਰੀ ਸਮਾਗਮ ਅੱਜ

Advertisement

ਭੁਵਨੇਸ਼ਵਰ, 11 ਜੂਨ
ਭਾਜਪਾ ਦੇ ਕਬਾਇਲੀ ਆਗੂ ਤੇ ਚਾਰ ਵਾਰ ਦੇ ਵਿਧਾਇਕ ਮੋਹਨ ਚਰਨ ਮਾਝੀ ਉੜੀਸਾ ਦੇ ਨਵੇਂ ਮੁੱਖ ਮੰਤਰੀ ਹੋਣਗੇ ਜਿੱਥੇ ਵਿਧਾਨ ਸਭਾ ਚੋਣਾਂ ਦੌਰਾਨ ਭਗਵਾ ਪਾਰਟੀ ਪਹਿਲੀ ਵਾਰ ਸਪੱਸ਼ਟ ਬਹੁਮਤ ਹਾਸਲ ਕਰਕੇ ਸੱਤਾ ’ਚ ਆਈ ਹੈ। ਉੜੀਸਾ ’ਚ ਪਿਛਲੇ 24 ਤੋਂ ਸੱਤਾ ’ਤੇ ਬੀਜੂ ਜਨਤਾ ਦਲ (ਬੀਜੇਡੀ) ਕਾਬਜ਼ ਸੀ।
ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਅੱਜ ਇੱਥੇ ਮਾਝੀ ਦੇ ਨਾਂ ਦਾ ਐਲਾਨ ਕਰਦਿਆਂ ਕਿਹਾ ਕਿ ਛੇ ਵਾਰ ਦੇ ਵਿਧਾਇਕ ਕਨਕ ਵਰਧਨ ਸਿੰਘ ਦਿਓ ਤੇ ਪਹਿਲੀ ਵਾਰ ਵਿਧਾਇਕ ਬਣੀ ਪ੍ਰਵਾਤੀ ਪਰੀਦਾ ਸੂਬੇ ਦੇ ਉਪ ਮੁੱਖ ਮੰਤਰੀ ਹੋਣਗੇ। ਇਸ ਸਬੰਧੀ ਫ਼ੈਸਲਾ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਲਿਆ ਗਿਆ ਜਿਸ ਨੇ 56 ਸਾਲਾ ਮਾਝੀ ਨੂੰ ਆਪਣਾ ਨੇਤਾ ਚੁਣਿਆ ਹੈ। ਰਾਜਨਾਥ ਸਿੰਘ ਤੇ ਭੁਪੇਂਦਰ ਯਾਦਵ ਨੇ ਮੀਟਿੰਗ ’ਚ ਕੇਂਦਰੀ ਅਬਜ਼ਰਵਰਾਂ ਵਜੋਂ ਹਿੱਸਾ ਲਿਆ। ਮਾਝੀ ਬੀਜੇਡੀ ਸੁਪਰੀਮੋ ਨਵੀਨ ਪਟਨਾਇਕ ਦੀ ਥਾਂ ਲੈਣਗੇ।
ਰਾਜਨਾਥ ਸਿੰਘ ਨੇ ਐਕਸ ’ਤੇ ਕਿਹਾ, ‘ਇਹ ਐਲਾਨ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਸ੍ਰੀ ਮੋਹਨ ਚਰਨ ਮਾਝੀ ਨੂੰ ਉੜੀਸਾ ਭਾਜਪਾ ਦੇ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਉਹ ਇੱਕ ਨੌਜਵਾਨ ਤੇ ਜੋਸ਼ੀਲੇ ਪਾਰਟੀ ਕਾਰਕੁਨ ਹਨ ਜੋ ਉੜੀਸਾ ਦੇ ਨਵੇਂ ਮੁੱਖ ਮੰਤਰੀ ਬਣ ਕੇ ਸੂਬੇ ਨੂੰ ਵਿਕਾਸ ਤੇ ਖੁਸ਼ਹਾਲੀ ਦੇ ਰਾਹ ’ਤੇ ਲਿਜਾਣਗੇ। ਉਨ੍ਹਾਂ ਨੂੰ ਬਹੁਤ-ਬਹੁਤ ਮੁਬਾਰਕਾਂ।’ ਪਿਛਲੀ ਵਿਧਾਨ ਸਭਾ ’ਚ ਭਾਜਪਾ ਦੇ ਵ੍ਹਿਪ ਰਹੇ ਮਾਝੀ ਪਿੱਛੇ ਜਿਹੇ ਹੋਈਆਂ ਵਿਧਾਨ ਸਭਾ ਚੋਣਾਂ ’ਚ ਜਿੱਤ ਦਰਜ ਕਰਕੇ ਚੌਥੀ ਵਾਰ ਵਿਧਾਇਕ ਬਣੇ ਹਨ। ਉਨ੍ਹਾਂ ਕਿਉਂਝਰ ਸੀਟ ਤੋਂ ਬੀਜੇਡੀ ਦੀ ਮੀਨਾ ਮਾਝੀ ਨੂੰ ਹਰਾਇਆ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੀਨੀਅਰ ਭਾਜਪਾ ਆਗੂਆਂ ਦੇ 12 ਜੂਨ ਨੂੰ ਮਾਝੀ ਸਰਕਾਰ ਦੇ ਹਲਫ਼ਦਾਰੀ ਸਮਾਗਮ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਉੜੀਸਾ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੇ 78 ਜਦਕਿ ਬੀਜੇਡੀ ਨੇ 51 ਸੀਟਾਂ ਹਾਸਲ ਕੀਤੀਆਂ ਸਨ। ਕਾਂਗਰਸ ਦੇ ਹੇਮਨੰਦ ਬਿਸਵਾਲ ਤੇ ਗਿਰੀਧਰ ਗਮਾਂਗ ਤੋਂ ਬਾਅਦ ਮਾਝੀ ਉੜੀਸਾ ਦੇ ਤੀਜੇ ਕਬਾਇਲੀ ਮੁੱਖ ਮੰਤਰੀ ਹੋਣਗੇ। ਇਸੇ ਤਰ੍ਹਾਂ ਉਪ ਮੁੱਖ ਮੰਤਰੀ ਬਣਾਏ ਗਏ ਕਨਕ ਵਰਧਨ ਸਿੰਘ ਦਿਓ ਨੇ ਪਟਨਾਗੜ੍ਹ ਤੋਂ ਬੀਜੇਡੀ ਦੇ ਸਰੋਜ ਕੁਮਾਰ ਮਿਹਰ ਨੂੰ 1375 ਵੋਟਾਂ ਨਾਲ ਜਦਕਿ ਇੱਕ ਹੋਰ ਉਪ ਮੁੱਖ ਮੰਤਰੀ ਪ੍ਰਵਾਤੀ ਪਰੀਦਾ ਨੇ ਨੀਮਪਾਰਾ ਤੋਂ ਬੀਜੇਡੀ ਆਗੂ ਦਿਲੀਪ ਕੁਮਾਰ ਨਾਇਕ ਨੂੰ 4588 ਵੋਟਾਂ ਨਾਲ ਹਰਾਇਆ ਸੀ। -ਪੀਟੀਆਈ

ਨਾਇਡੂ ਅੱਜ ਲੈਣਗੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਹਲਫ਼

ਅਮਰਾਵਤੀ: ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਮੁਖੀ ਐੱਨ ਚੰਦਰਬਾਬੂ ਨਾਇਡੂ ਨੂੰ ਅੱਜ ਆਂਧਰਾ ਪ੍ਰਦੇਸ਼ ਵਿਧਾਨ ਸਭਾ ਵਿੱਚ ਕੌਮੀ ਜਮਹੂਰੀ ਗਠਜੋੜ (ਐੱਨਡੀਏ) ਦਾ ਨੇਤਾ ਚੁਣਿਆ ਗਿਆ ਤੇ ਉਹ 12 ਜੂਨ ਨੂੰ ਸੂਬੇ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ। ਵਿਜੈਵਾੜਾ ਵਿੱਚ ਹੋਈ ਤੇਲਗੂ ਦੇਸ਼ਮ ਪਾਰਟੀ, ਜਨਸੈਨਾ ਅਤੇ ਭਾਜਪਾ ਦੇ ਵਿਧਾਇਕਾਂ ਦੀ ਮੀਟਿੰਗ ਵਿੱਚ ਨਾਇਡੂ ਦੀ ਸਰਬਸੰਮਤੀ ਨਾਲ ਨੇਤਾ ਵਜੋਂ ਚੋਣ ਕੀਤੀ ਗਈ। ਭਾਜਪਾ ਦੀ ਆਂਧਰਾ ਪ੍ਰਦੇਸ਼ ਇਕਾਈ ਦੇ ਮੁਖੀ ਡੀ. ਪੁਰੰਦੇਸ਼ਵਰੀ ਅਤੇ ਜਨਸੈਨਾ ਦੇ ਮੁਖੀ ਪਵਨ ਕਲਿਆਣ ਨੇ ਵੀ ਮੀਟਿੰਗ ਵਿੱਚ ਸ਼ਿਰਕਤ ਕੀਤੀ ਅਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਨਾਇਡੂ ਦਾ ਸਮਰਥਨ ਕੀਤਾ। ਇਸ ਤੋਂ ਪਹਿਲਾਂ ਸਵੇਰੇ ਟੀਡੀਪੀ ਨੇਤਾ ਕੇ ਅਚੇਨ ਨਾਇਡੂ ਨੇ ਕਿਹਾ ਕਿ ਨਾਇਡੂ ਨੂੰ ਸਰਬਸੰਮਤੀ ਨਾਲ ਪਾਰਟੀ ਦੇ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਇਸੇ ਤਰ੍ਹਾਂ ਜਨਸੈਨਾ ਦੇ ਮੋਢੀ ਪਵਨ ਕਲਿਆਣ ਨੂੰ ਪਾਰਟੀ ਦੇ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਨਾਇਡੂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੀ ਚੋਣ ਲਈ ਸਭ ਦਾ ਧੰਨਵਾਦ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਅਮਰਾਵਤੀ ਆਂਧਰਾ ਪ੍ਰਦੇਸ਼ ਦੀ ਇਕਲੌਤੀ ਰਾਜਧਾਨੀ ਹੋਵੇਗੀ। ਉਨ੍ਹਾਂ ਪੋਲਾਵਰਮ ਪ੍ਰਾਜੈਕਟ ਮੁਕੰਮਲ ਕਰਨ ਦਾ ਵਾਅਦਾ ਵੀ ਕੀਤਾ। ਉਨ੍ਹਾਂ ਕਿਹਾ ਕਿ ਵਿਸਾਖਾਪਟਨਮ ਨੂੰ ਵਿੱਤੀ ਰਾਜਧਾਨੀ ਵਜੋਂ ਵਿਕਸਤ ਕੀਤਾ ਜਾਵੇਗਾ। -ਪੀਟੀਆਈ

Advertisement
Author Image

joginder kumar

View all posts

Advertisement
Advertisement
×