ਸਿੱਖਾਂ ਦੇ ਮਸਲੇ ਹੱਲ ਕਰਵਾਉਣ ਲਈ ਧੁੰਮਾ ਵੱਲੋਂ ਭਾਜਪਾ ਦਾ ਸਮਰਥਨ ਸ਼ਲਾਘਾਯੋਗ: ਹਰਪਾਲਪੁਰ
ਖੇਤਰੀ ਪ੍ਰਤੀਨਿਧ
ਪਟਿਆਲਾ, 21 ਨਵੰਬਰ
ਪੰਜਾਬ ਖਾਦੀ ਗ੍ਰਾਮ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਸੂਬਾਈ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਧੁੰਮਾ ਵੱਲੋਂ ਭਾਜਪਾ ਨੂੰ ਸਮਰਥਨ ਦੇਣ ਦੀ ਕਾਰਵਾਈ ’ਤੇ ਤਸੱਲੀ ਪ੍ਰਗਟਾਈ ਹੈ। ਉਨ੍ਹਾਂ ਦਾ ਤਰਕ ਸੀ ਕਿ ਸਿੱਖ ਕੌਮ ਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਭਾਜਪਾ ਨਾਲ ਸਿੱਖਾਂ ਦੀ ਪੀਡੀ ਸਾਂਝ ਪਾਉਣੀ ਅਤੇ ਬਣਾਉਣੀ ਜ਼ਰੂਰੀ ਬਣ ਗਿਆ ਹੈ ਕਿਉਂਕਿ ਇਹ ਗੱਲ ਤਾਂ ਇੱਕ ਸਧਾਰਨ ਵਿਅਕਤੀ ਵੀ ਸਮਝ ਸਕਦਾ ਹੈ ਕਿ ਸਿੱਖਾਂ ਦੇ ਅਨੇਕਾਂ ਅਹਿਮ ਮਸਲੇ ਕੇਂਦਰ ਦੇ ਹੱਥ ਹੀ ਹਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੋਦੀ ਸਰਕਾਰ ਨੇ ਹੀ ਸਿੱਖ ਮਸਲਿਆਂ ਨੂੰ ਤਵੱਜੋ ਦਿੱਤੀ ਹੈ। ਉਨ੍ਹਾਂ ਕਿਹਾ ਮੋਦੀ ਸਰਕਾਰ ਨੇ ਜਿੱਥੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਵਾਇਆ ਤੇ ਦਿੱਲੀ ਦੰਗਿਆਂ ਦੇ ਦੋਸ਼ੀਆਂ ਖਿਲਾਫ਼ ਕੇਸ ਵੀ ਮੁੜ ਖੁਲ੍ਹਵਾਏ, ਉੱਥੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ 400ਵਾਂ ਪ੍ਰਕਾਸ਼ ਪੁਰਬ ਦਿਹਾੜਾ ਲਾਲ ਕਿਲ੍ਹੇ ’ਤੇ ਮਨਾਉਂਦਿਆਂ ਗੁਰੂ ਜੀ ਦੇ ਨਾਮ ’ਤੇ ਸਿੱਕੇ ਅਤੇ ਪੋਸਟਲ ਸਟੈਂਪ ਜਾਰੀ ਕਰਨ ਸਮੇਤ ਬੀਰ ਬਾਲ ਦਿਵਸ ਦੇ ਨਾਮ ਹੇਠ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾ ਕੇ ਸਿੱਖਾਂ ਨੂੰ ਮਾਣ ਬਖਸ਼ਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਅਤੇ ਯੂਕੇ ਤੇ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿੱਚ ਗੁਰੂ ਨਾਨਕ ਦੇਵ ਦੇ ਨਾਮ ’ਤੇ ਚੇਅਰ ਸਥਾਪਤ ਕਰ ਕੇ ਸਿੱਖ ਕੌਮ ਦਾ ਵਿਦੇਸ਼ਾਂ ’ਚ ਵੀ ਮਾਣ ਵਧਾਇਆ ਹੈ। ਉਨ੍ਹਾਂ ਆਸ ਜਤਾਈ ਕਿ ਕੇਂਦਰ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨ ਮਸਲਿਆਂ ਨੂੰ ਵੀ ਗੱਲਬਾਤ ਰਾਹੀਂ ਜਲਦੀ ਹੱਲ ਕਰੇਗੀ।