For the best experience, open
https://m.punjabitribuneonline.com
on your mobile browser.
Advertisement

‘ਸਰਕਾਰਾਂ ਡੇਗਣ ਦੀ ਭਾਜਪਾ ਦੀ ਮੁਹਾਰਤ ਪੰਜਾਬ ’ਚ ਨਹੀਂ ਚੱਲੇਗੀ’

06:59 AM May 28, 2024 IST
‘ਸਰਕਾਰਾਂ ਡੇਗਣ ਦੀ ਭਾਜਪਾ ਦੀ ਮੁਹਾਰਤ ਪੰਜਾਬ ’ਚ ਨਹੀਂ ਚੱਲੇਗੀ’
ਬਠਿੰਡਾਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ। -ਫੋਟੋ: ਪੀਟੀਆਈ
Advertisement

* ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਨਕਾਰਨ ਦਾ ਸੱਦਾ
* ਅਮਿਤ ਸ਼ਾਹ ’ਤੇ ‘ਆਪ’ ਸਰਕਾਰ ਨੂੰ ਧਮਕਾਉਣ ਦਾ ਦੋਸ਼ ਲਾਇਆ

Advertisement

ਚਰਨਜੀਤ ਭੁੱਲਰ/ਸ਼ਗਨ ਕਟਾਰੀਆ
ਚੰਡੀਗੜ੍ਹ/ਬਠਿੰਡਾ, 27 ਮਈ
‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਸਮੁੱਚੀ ਭਾਜਪਾ ਨੂੰ ਲੋਕ ਸਭਾ ਚੋਣਾਂ ’ਚ ਨਕਾਰ ਕੇ ਜੁਆਬ ਦੇਣ ਅਤੇ ਪੰਜਾਬੀਆਂ ਨੂੰ ਨਫ਼ਰਤ ਕਰਨ ਵਾਲੇ ਇਨ੍ਹਾਂ ਭਾਜਪਾਈ ਆਗੂਆਂ ਨੂੰ ਚੋਣਾਂ ’ਚ ਵੋਟਾਂ ਰਾਹੀਂ ਸਬਕ ਸਿਖਾਉਣ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਹੁਣ ਲੋਕ ਸਭਾ ਚੋਣਾਂ ਮਗਰੋਂ ਪੰਜਾਬ ਦੀ ਚੁਣੀ ਹੋਈ ਸਰਕਾਰ ਡਿੱਗਣ ਦੀਆਂ ਗੱਲਾਂ ਕਰ ਰਹੇ ਹਨ, ਪਰ ਪੰਜਾਬੀ ਇਸ ਗੁੰਡਾਗਰਦੀ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਹਨ। ਦੋਵਾਂ ਆਗੂਆਂ ਨੇ ਕਿਹਾ ਕਿ ਭਾਜਪਾ ਦੀ ਸਰਕਾਰਾਂ ਡੇਗਣ ਦੀ ਮੁਹਾਰਤ ਪੰਜਾਬ ਵਿਚ ਨਹੀਂ ਚੱਲੇਗੀ। ‘ਆਪ’ ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ 750 ਕਿਸਾਨ ਸ਼ਹੀਦ ਹੋਏ ਅਤੇ ਕੇਂਦਰੀ ਵਰਤਾਰੇ ਤੋਂ ਸਭ ਕਿਸਾਨ ਜਾਣੂ ਹਨ। ਉਸ ਮਗਰੋਂ ਪੰਜਾਬ ਦੀ ਆਰਥਿਕ ਘੇਰਾਬੰਦੀ ਕੀਤੀ ਗਈ ਅਤੇ ਹੁਣ ਤਿੰਨ ਕਰੋੜ ਪੰਜਾਬੀਆਂ ਵੱਲੋਂ ਚੁਣੇ ਆਗੂਆਂ ਨੂੰ ‘ਸ਼ਹਿਰੀ ਨਕਸਲੀ’ ਕਿਹਾ ਜਾ ਰਿਹਾ ਹੈ। ਕੇਜਰੀਵਾਲ ਨੇ ਬਠਿੰਡਾ ਵਿਚ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਅਮਿਤ ਸ਼ਾਹ ਨੇ ‘ਆਪ’ ਸਰਕਾਰ ਨੂੰ ਇੱਕ ਤਰੀਕੇ ਨਾਲ ਧਮਕਾਇਆ ਹੈ। ਕੇਜਰੀਵਾਲ ਨੇ ਸਵਾਲ ਕੀਤਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਸਪਸ਼ਟ ਕਰਨ ਕਿ ਉਹ ਜਮਹੂਰੀ ਤਰੀਕੇ ਨਾਲ ਚੁਣੀ ਗਈ ਸਰਕਾਰ ਦਾ ਤਖ਼ਤਾ ਪਲਟਣ ਦੀ ਯੋਜਨਾ ਕਿਵੇਂ ਬਣਾ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, “ਤੁਸੀਂ ਸਰਕਾਰ ਨੂੰ ਕਿਵੇਂ ਉਖਾੜ ਦਿਓਗੇ? ਕੀ ਤੁਸੀਂ ਈਡੀ ਨੂੰ ਉਨ੍ਹਾਂ ਦੇ ਬੂਹੇ ਭੇਜ ਕੇ ਪੰਜਾਬ ਦੇ ਲੋਕਾਂ ਨੂੰ ਡਰਾਓਗੇ? ਤਿੰਨ ਕਰੋੜ ਪੰਜਾਬੀਆਂ ਦੀ ਚੁਣੀ ਹੋਈ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਕਿਵੇਂ ਰਚੋਗੇ?’’ ਕੇਜਰੀਵਾਲ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਹ ਇਸ ਗੁੰਡਾਗਰਦੀ ਨੂੰ ਕਿਵੇਂ ਸਵੀਕਾਰ ਕਰਨਗੇ? ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨੇ ਸਰਕਾਰਾਂ ਡੇਗਣ ਦੀ ਕਲਾ ਵਿੱਚ ਮੁਹਾਰਤ ਹਾਸਲ ਕਰ ਲਈ ਹੈ। ਮਾਨ ਨੇ ਕਿਹਾ, ‘‘ਉਨ੍ਹਾਂ ਹੇਮੰਤ ਸੋਰੇਨ ਨੂੰ ਗ੍ਰਿਫ਼ਤਾਰ ਕੀਤਾ, ਸ਼ਿਵ ਸੈਨਾ ਵਿੱਚ ਫੁੱਟ ਦੀ ਯੋਜਨਾ ਬਣਾਈ ਅਤੇ ਹਾਲ ਹੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਪਰ ਪੰਜਾਬ ਵਿੱਚ ਉਹ ਮੇਰੀ ਸਰਕਾਰ ਨਹੀਂ ਡੇਗ ਸਕਦੇ।’’ ਕੇਜਰੀਵਾਲ ਨੇ ਕਿਹਾ ਕਿ ਪੰਜਾਬੀ ਵੱਡੇ ਦਿਲ ਵਾਲੇ ਲੋਕ ਹਨ ਅਤੇ ਜੇ ਭਾਜਪਾ ਨੇ ਅਜਿਹੀ ਬਾਂਹ ਮਰੋੜਨ ਦੀਆਂ ਚਾਲਾਂ ਨਾ ਵਰਤੀਆਂ ਹੁੰਦੀਆਂ ਤਾਂ ਉਹ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਇੱਕ ਸੀਟ ਜ਼ਰੂਰ ਦੇ ਦਿੰਦੇ। ਉਨ੍ਹਾਂ ਕਿਹਾ ਕਿ ਪੰਜਾਬੀ ਧਮਕੀ ਬਰਦਾਸ਼ਤ ਨਹੀਂ ਕਰਦੇ ਹਨ।

ਕੌਮੀ ਖੁਰਾਕ ਸੁਰੱਖਿਆ ਵਿੱਚ ਪੰਜਾਬ ਦਾ ਯੋਗਦਾਨ ਨਜ਼ਰਅੰਦਾਜ਼: ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਅਫ਼ਸੋਸ ਜਤਾਇਆ ਕਿ ਭਾਜਪਾ ਨੇ ਰਾਸ਼ਟਰੀ ਖ਼ੁਰਾਕ ਸੁਰੱਖਿਆ ਵਿੱਚ ਪੰਜਾਬ ਦੇ ਯੋਗਦਾਨ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ। ਉਨ੍ਹਾਂ ਕਿਹਾ, “ਅਸੀਂ ਕੇਂਦਰੀ ਪੂਲ ਨੂੰ 220 ਲੱਖ ਮੀਟ੍ਰਿਕ ਟਨ ਚੌਲ ਅਤੇ 140 ਲੱਖ ਮੀਟ੍ਰਿਕ ਟਨ ਕਣਕ ਦਿੰਦੇ ਹਾਂ, ਜਿਸ ਨਾਲ ਕੇਂਦਰ ਫੂਡ ਸਕੀਮਾਂ ਦੀ ਜਨਤਕ ਵੰਡ ਨੂੰ ਚਲਾਉਂਦਾ ਹੈ। ਉਲਟਾ ਕਿਸਾਨਾਂ ’ਤੇ ਗੋਲੀਬਾਰੀ ਕੀਤੀ ਜਾਂਦੀ ਹੈ, ਜੋ ਕੇਂਦਰ ਨਾਲ ਗੱਲ ਕਰਨ ਲਈ ਦਿੱਲੀ ਜਾਣਾ ਚਾਹੁੰਦੇ ਹਨ।’’ ਕੇਜਰੀਵਾਲ ਨੇ ਕਿਹਾ, ‘‘ਭਾਜਪਾ ਕੋਲ ਪੰਜਾਬੀਆਂ ਲਈ ਕੀਤੇ ਗਏ ਭਲਾਈ ਕਾਰਜਾਂ ਅਤੇ ਪ੍ਰੋਗਰਾਮਾਂ ਦੇ ਮਾਮਲੇ ਵਿੱਚ ਦਿਖਾਉਣ ਲਈ ਕੁਝ ਨਹੀਂ ਹੈ। ਜੇ ਉਹ ਸਾਡੇ ਨਾਲ ਦੁਰਵਿਵਹਾਰ ਕਰਕੇ ਇਹ ਸੋਚਦੇ ਹਨ ਕਿ ਉਹ ਪੰਜਾਬ ਦੇ ਚੋਣ ਮੈਦਾਨ ਵਿੱਚ ਮਜ਼ਬੂਤ ਖਿਡਾਰੀ ਬਣ ਸਕਦੇ ਹਨ, ਤਾਂ ਉਹ ਗ਼ਲਤ ਹਨ। ਲੋਕਾਂ ਦਾ ਫ਼ਤਵਾ ਉਨ੍ਹਾਂ ਦੀ ਭਲਾਈ ਲਈ ਕੰਮ ਕਰਕੇ ਕਮਾਇਆ ਜਾਂਦਾ ਹੈ। ਭਾਜਪਾ ਇਸ ਸਭ ਨੂੰ ਰੋਕਣਾ ਚਾਹੁੰਦੀ ਹੈ।’’

‘ਭਾਜਪਾ ਦੀ ਤਾਨਾਸ਼ਾਹੀ ਕਰਕੇ ਲੋਕਤੰਤਰ ਤੇ ਸੰਵਿਧਾਨ ਖ਼ਤਰੇ ’ਚ’

ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਕਿ ਭਾਜਪਾ ਦੀ ਤਾਨਾਸ਼ਾਹੀ ਕਾਰਨ ਅੱਜ ਦੇਸ਼ ਦਾ ਸੰਵਿਧਾਨ ਅਤੇ ਲੋਕਤੰਤਰ ਖ਼ਤਰੇ ਵਿੱਚ ਹੈ। ਉਨ੍ਹਾਂ ਕਿਹਾ ਕਿ ਜੇ ਐਤਕੀਂ ਭਾਜਪਾ ਨੂੰ ਨਾ ਹਰਾਇਆ ਤਾਂ ਦੇਸ਼ ਦਾ ਲੋਕਤੰਤਰ ਤੇ ਸੰਵਿਧਾਨ ਨਹੀਂ ਬਚੇਗਾ ਅਤੇ ਦੇਸ਼ ਦਾ ਭਵਿੱਖ ਪਾਕਿਸਤਾਨ, ਬੰਗਲਾਦੇਸ਼ ਤੇ ਰੂਸ ਵਰਗਾ ਹੋਵੇਗਾ। ਕੇਜਰੀਵਾਲ ਅੰਮ੍ਰਿਤਸਰ ਵਿੱਚ ‘ਵਪਾਰੀ ਕਾਰੋਬਾਰੀ ਮਿਲਣੀ’ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਕੇਜਰੀਵਾਲ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਦਿੱਤਾ। ਸਮਾਗਮ ਵਿੱਚ ਆਪ ਦੇ ਕੌਮੀ ਜਨਰਲ ਸਕੱਤਰ ਡਾ. ਸੰਦੀਪ ਪਾਠਕ, ਪੰਜਾਬ ਦੇ ਇੰਚਾਰਜ ਜਰਨੈਲ ਸਿੰਘ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਅੰਮ੍ਰਿਤਸਰ ਤੋਂ ‘ਆਪ’ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਅਤੇ ਵਿਧਾਇਕ ਇੰਦਰਬੀਰ ਸਿੰਘ ਨਿੱਝਰ ਤੇ ਜੀਵਨਜੋਤ ਕੌਰ ਹਾਜ਼ਰ ਸਨ। ਉਨ੍ਹਾਂ ਵਪਾਰੀ ਵਰਗ ਨੂੰ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੇ ਵਿਕਾਸ ਲਈ ਕਿਸਾਨ ਅਤੇ ਮਜ਼ਦੂਰ ਅਹਿਮ ਹਨ, ਉਸੇ ਤਰ੍ਹਾਂ ਵਪਾਰੀ, ਕਾਰੋਬਾਰੀ ਅਤੇ ਉਦਯੋਗਪਤੀ ਵੀ ਜ਼ਰੂਰੀ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਮੇਂ ਕੇਂਦਰ ਸਰਕਾਰ ਨੇ ਪੰਜਾਬ ਦੇ ਲਗਪਗ ਸਾਢੇ ਅੱਠ ਹਜ਼ਾਰ ਕਰੋੜ ਰੁਪਏ ਰੋਕੇ ਹੋਏ ਹਨ। ਇਸ ਵਿੱਚ 5500 ਕਰੋੜ ਰੁਪਏ ਪੇਂਡੂ ਵਿਕਾਸ ਫੰਡ ਦੇ ਹਨ ਅਤੇ ਇਸ ਪੈਸੇ ਨਾਲ ਪੰਜਾਬ ਦੇ ਪਿੰਡਾਂ ਵਿੱਚ ਸੜਕਾਂ ਅਤੇ ਹੋਰ ਪੇਂਡੂ ਵਿਕਾਸ ਦੇ ਕੰਮ ਕੀਤੇ ਜਾਣੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਵਿਰੋਧੀ ਧਿਰਾਂ ਵਾਲੀਆਂ ਰਾਜ ਸਰਕਾਰਾਂ ਨੂੰ ਪ੍ਰੇਸ਼ਾਨ ਕਰਦੀ ਹੈ। ਉਹ ਰਾਜਪਾਲ ਰਾਹੀਂ ਰਾਜ ਸਰਕਾਰ ਨੂੰ ਤੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਜਿੱਤ ਗਈ ਤਾਂ ਉਹ ਦੇਸ਼ ਵਿਚੋਂ ਪੱਛੜੀਆਂ ਅਤੇ ਅਨੁਸੂਚਿਤ ਜਾਤੀਆਂ ਲਈ ਰਾਖਵਾਂਕਰਨ ਖ਼ਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਦੇ ਵੀ ਮਹਿੰਗਾਈ, ਗਰੀਬੀ, ਬੇਰੁਜ਼ਗਾਰੀ, ਭੁੱਖਮਰੀ ਆਦਿ ਮੁੱਦਿਆਂ ’ਤੇ ਗੱਲ ਨਹੀਂ ਕੀਤੀ।

Advertisement
Author Image

joginder kumar

View all posts

Advertisement
Advertisement
×