Rekha Sharma elected to Rajya Sabha ਭਾਜਪਾ ਦੀ ਰੇਖਾ ਸ਼ਰਮਾ ਦੀ ਹਰਿਆਣਾ ਤੋਂ ਰਾਜ ਸਭਾ ਲਈ ਚੋਣ
ਚੰਡੀਗੜ੍ਹ, 13 ਦਸੰਬਰ
ਕੌਮੀ ਮਹਿਲਾ ਕਮਿਸ਼ਨ ਦੀ ਸਾਬਕਾ ਅਤੇ ਭਾਜਪਾ ਦੀ ਆਗੂ ਰੇਖਾ ਸ਼ਰਮਾ ਨੂੰ ਅੱਜ ਹਰਿਆਣਾ ਤੋਂ ਰਾਜ ਸਭਾ ਜ਼ਿਮਨੀ ਚੋਣ ਵਿੱਚ ਨਿਰਵਿਰੋਧ ਚੁਣੇ ਜਾਣ ਦਾ ਐਲਾਨ ਕੀਤਾ ਗਿਆ। ਰਾਜ ਸਭਾ ਜ਼ਿਮਨੀ ਚੋਣ ਲਈ ਅੱਜ ਬਾਅਦ ਦੁਪਹਿਰ 3 ਵਜੇ ਨਾਮਜ਼ਦਗੀ ਵਾਪਸ ਲੈਣ ਦੀ ਸਮਾਂ ਸੀਮਾ ਸਮਾਪਤ ਹੋਣ ਤੋਂ ਬਾਅਦ ਇਹ ਐਲਾਨ ਕੀਤਾ ਗਿਆ। ਸ਼ਰਮਾ ਨੇ ਜ਼ਿਮਨੀ ਚੋਣ ਲਈ ਹਰਿਆਣਾ ਤੋਂ ਮੰਗਲਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਸੀ। ਉਹ ਚੋਣ ਮੈਦਾਨ ਵਿੱਚ ਇੱਕਮਾਤਰ ਉਮੀਦਵਾਰ ਸਨ। ਭਾਜਪਾ ਨੇ 20 ਦਸੰਬਰ ਦੀ ਰਾਜ ਸਭਾ ਜ਼ਿਮਨੀ ਚੋਣ ਲਈ ਸੋਮਵਾਰ ਨੂੰ ਸ਼ਰਮਾ ਦੇ ਨਾਮ ਦਾ ਐਲਾਨ ਕੀਤਾ ਸੀ।
ਹਰਿਆਣਾ ਦੇ ਮੰਤਰੀ ਮਹੀਪਾਲ ਢਾਂਡਾ ਅਤੇ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਗਿਆਨ ਚੰਦ ਗੁਪਤਾ ਦੇ ਨਾਲ ਪੁੱਜੀ ਰੇਖਾ ਸ਼ਰਮਾ ਨੂੰ ਨਿਰਵਿਰੋਧ ਚੁਣੇ ਜਾਣ ਤੋਂ ਬਾਅਦ ਰਿਟਰਨਿੰਗ ਅਫ਼ਸਰ ਨੇ ਪ੍ਰਮਾਣ ਪੱਤਰ ਦਿੱਤਾ। ਵਿਰੋਧੀ ਪਾਰਟੀ ਨੇ ਰਾਜ ਸਭਾ ਜ਼ਿਮਨੀ ਚੋਣ ਲਈ ਕੋਈ ਉਮੀਦਵਾਰ ਨਹੀਂ ਉਤਾਰਿਆ ਸੀ।
ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ ਵਿੱਚ ਭਾਜਪਾ ਦੇ 48 ਮੈਂਬਰ ਹਨ ਅਤੇ ਉਸ ਨੂੰ ਬਹੁਮਤ ਮਿਲਿਆ ਹੈ ਜਦਕਿ ਕਾਂਗਰਸ ਦੇ 37, ਇਨੈਲੋ ਦੇ ਦੋ ਅਤੇ ਤਿੰਨ ਆਜ਼ਾਦ ਮੈਂਬਰ ਹਨ। ਉੱਧਰ, ਨਾਇਬ ਸਿੰਘ ਸੈਣੀ ਸਰਕਾਰ ਨੂੰ ਆਜ਼ਾਦ ਮੈਂਬਰਾਂ ਦਾ ਸਮਰਥਨ ਵੀ ਪ੍ਰਾਪਤ ਹੈ। ਭਾਜਪਾ ਦੇ ਕ੍ਰਿਸ਼ਨ ਲਾਲ ਪੰਵਾਰ ਦੇ ਅਕਤੂਬਰ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਜਿੱਤਣ ਮਗਰੋਂ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤੇ ਜਾਣ ਕਾਰਨ ਸੰਸਦ ਦੇ ਉੱਪਰਲੇ ਸਦਨ ਵਿੱਚ ਇਹ ਸੀਟ ਖਾਲੀ ਹੋਈ ਸੀ। ਪੰਵਾਰ ਹੁਣ ਹਰਿਆਣਾ ਦੀ ਭਾਜਪਾ ਸਰਕਾਰ ਵਿੱਚ ਵਿਕਾਸ ਤੇ ਪੰਚਾਇਤ ਮੰਤਰੀ ਹਨ। -ਪੀਟੀਆਈ