For the best experience, open
https://m.punjabitribuneonline.com
on your mobile browser.
Advertisement

ਭਾਜਪਾ ਦੇ ਪੋਸਟਰਾਂ ਨੇ ਸਿਆਸਤ ’ਚ ਹਲਚਲ ਮਚਾਈ

10:32 AM Apr 05, 2024 IST
ਭਾਜਪਾ ਦੇ ਪੋਸਟਰਾਂ ਨੇ ਸਿਆਸਤ ’ਚ ਹਲਚਲ ਮਚਾਈ
ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਲਾਏ ਗਏ ਪੋਸਟਰ।
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਅਪਰੈਲ
ਆਮ ਆਦਮੀ ਪਾਰਟੀ ਨੇ ਭਾਜਪਾ ਦੇ ਉਨ੍ਹਾਂ ਕਾਲੇ ਰੰਗ ਦੇ ਪੋਸਟਰਾਂ ’ਤੇ ਇਤਰਾਜ਼ ਪ੍ਰਗਟਾਇਆ ਹੈ, ਜਿਨ੍ਹਾਂ ਉਪਰ ਵਿਰੋਧੀ ਧਿਰ ਦੇ ਆਗੂਆਂ ਮੁੱਖ ਤੌਰ ’ਤੇ ਅਰਵਿੰਦ ਕੇਜਰੀਵਾਲ, ਅਖਿਲੇਸ਼ ਯਾਦਵ, ਮਮਤਾ ਬੈਨਰਜੀ, ਰਾਹੁਲ ਗਾਂਧੀ ਤੇ ਖੜਗੇ ਦੀਆਂ ਤਸਵੀਰਾਂ ਨੂੰ ਪ੍ਰਤੀਕ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਤਸਵੀਰਾਂ ਵਿੱਚ ਉਕਤ ਆਗੂਆਂ ਦੇ ਨੈਣ-ਨਕਸ਼ ਤਾਂ ਨਹੀਂ ਹਨ ਪਰ ਉਨ੍ਹਾਂ ਦੇ ਕ੍ਰਮਵਾਰ ਮਫ਼ਲਰ, ਲਾਲ ਟੋਪੀ, ਸਾੜੀ, ਦਾਹੜੀ ਤੇ ਚਿਹਰੇ ਦੇ ਅਧੂਰੇ ਰੇਖਾ-ਚਿੱਤਰ ਲਾ ਕੇ ਵਿਰੋਧੀ ਧਿਰਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਦੀ ਅਗਵਾਈ ਵਿੱਚ ‘ਆਪ’ ਦੇ ਲੀਗਲ ਸੈੱਲ ਦੇ ਆਗੂਆਂ ਤੇ ਪੰਕਜ ਗੁਪਤਾ ਸਣੇ ਵਫ਼ਦ ਨੇ ਦਿੱਲੀ ਦੇ ਚੋਣ ਅਧਿਕਾਰੀ ਨਾਲ ਮੁਲਾਕਾਤ ਕੀਤੀ ਹੈ। ਆਤਿਸ਼ੀ ਨੇ ਦੱਸਿਆ ਕਿ 6 ਦਿਨ ਪਹਿਲਾਂ ਭਾਜਪਾ ਦੇ ਹੋਰਡਿੰਗਜ਼ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਸੀ ਪਰ ਕੋਈ ਕਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹੁਣ ਕਾਰਵਾਈ ਦਾ ਭਰੋਸਾ ਮਿਲਿਆ ਹੈ ਪਰ ਜੇਕਰ ਅਜਿਹਾ ਨਾ ਹੋਇਆ ਤਾਂ ਭਾਰਤੀ ਚੋਣ ਕਮਿਸ਼ਨ ਤੋਂ ਸਮਾਂ ਮੰਗਿਆ ਜਾਵੇਗਾ। ਹਾਲਾਂਕਿ ਉਨ੍ਹਾਂ ਸ਼ੰਕੇ ਪ੍ਰਗਟਾਏ ਕਿ ਚੋਣ ਕਮਿਸ਼ਨ ਵਿਰੋਧੀ ਧਿਰਾਂ ਨੂੰ ਛੇਤੀ ਸਮਾਂ ਨਹੀਂ ਦਿੰਦਾ। ਆਤਿਸ਼ੀ ਨੇ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਸਾਰੀਆਂ ਧਿਰਾਂ ਨੂੰ ਬਰਾਬਰ ਮੌਕੇ ਦੇਣ ਬਾਰੇ ਸਵਾਲ ਉੱਠ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰ ਦੇ ਮੁੱਖ ਮੰਤਰੀ ਜੇਲ੍ਹ ਵਿੱਚ ਭੇਜੇ ਗਏ। ਕਾਂਗਰਸ ਦੇ ਖਾਤੇ ਫਰੀਜ਼ ਕੀਤੇ ਗਏ ਤੇ ਚੋਣਾਂ ਦੌਰਾਨ ਆਮਦਨ ਕਰ ਵਿਭਾਗ ਵਿਰੋਧੀਆਂ ਨੂੰ ਨੋਟਿਸ ਜਾਰੀ ਕਰ ਰਿਹਾ ਹੈ। ਇਸੇ ਤਰ੍ਹਾਂ ‘ਆਪ’ ਦਾ ਦਫ਼ਤਰ ਚਾਰ ਦਿਨ ਸੁਰੱਖਿਆ ਦੇ ਨਾਂ ’ਤੇ ਸੀਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਆਤਿਸ਼ੀ ਨੇ ਕਿਹਾ ਕਿ ਸੰਵਿਧਾਨ ਨੇ ਚੋਣ ਕਮਿਸ਼ਨ ਨੂੰ ਲੋਕਤੰਤਰ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ ਤੇ ਉਮੀਦ ਹੈ ਕਿ ਚੋਣ ਕਮਿਸ਼ਨ ਕਿਸੇ ਇੱਕ ਪਾਰਟੀ ਦਾ ਪੱਖ ਨਹੀਂ ਪੂਰੇਗਾ।
ਸ੍ਰੀ ਅਰਵਿੰਦ ਕੇਜਰੀਵਾਲ ਦੀ ਤਸਵੀਰ ਸ਼ਹੀਦਾਂ ਦੇ ਨਾਲ ਲਾਉਣ ਬਾਬਤ ਆਤਿਸ਼ੀ ਨੇ ਕਿਹਾ ਕਿ ਉਨ੍ਹਾਂ ਸ਼ਹੀਦਾਂ ਨੇ ਵਿਦੇਸ਼ੀ ਹਕੂਮਤ ਦੀ ਤਾਨਾਸ਼ਾਹੀ ਖ਼ਿਲਾਫ਼ ਸੰਘਰਸ਼ ਕੀਤਾ ਸੀ ਤੇ ਕੇਜਰੀਵਾਲ ਭਾਜਪਾ ਦੀ ਤਾਨਾਸ਼ਾਹੀ ਖ਼ਿਲਾਫ਼ ਲੜ ਰਹੇ ਹਨ। ਹੁਣ ਵੀ ਹਾਲਾਤ ਆਜ਼ਾਦੀ ਤੋਂ ਪਹਿਲਾਂ ਵਾਲੇ ਬਣ ਗਏ ਹਨ ਤੇ ਤਾਨਾਸ਼ਾਹੀ ਦਾ ਬੋਲਬਾਲਾ ਹੈ।

Advertisement

ਦੇਸ਼ ਭਗਤਾਂ ਨਾਲ ਕੇਜਰੀਵਾਲ ਦੀ ਫੋਟੋ ਲਾਉਣਾ ਮੰਦਭਾਗਾ: ਸਚਦੇਵਾ

ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ‘ਆਪ’ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਡਾ. ਬੀਆਰ ਦੀਆਂ ਫੋਟੋਆਂ ਵਿਚਕਾਰ ਅਰਵਿੰਦ ਕੇਜਰੀਵਾਲ ਦੀ ਫੋਟੋ ਲਗਾਉਣਾ ਬੇਹੱਦ ਮੰਦਭਾਗਾ ਹੈ। ਭਾਜਪਾ ਨੇ ਮੰਗ ਕੀਤੀ ਕਿ ਇਸ ਨੂੰ ਤੁਰੰਤ ਹਟਾਇਆ ਜਾਵੇ। ਸ੍ਰੀ ਸਚਦੇਵਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਨੂੰ ਜੇਲ੍ਹ ਵਿੱਚ ਜਾਣ ਦੀ ਇਜਾਜ਼ਤ ਦੇ ਕੇ ਲਗਾਤਾਰ ਸਿਆਸੀ ਮਰਿਆਦਾ ਦਾ ਘਾਣ ਕਰ ਰਹੀ ਹੈ। ਸੁਨੀਤਾ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਦੇ ਦਫ਼ਤਰੀ ਕਮਰੇ ਅਤੇ ਕੁਰਸੀ ’ਤੇ ਬੈਠ ਕੇ ਸਿਆਸੀ ਸੰਦੇਸ਼ ਜਾਰੀ ਕਰ ਰਹੀ ਹੈ। ਸ੍ਰੀ ਸਚਦੇਵਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਫੋਟੋ ਸ਼ਹੀਦ-ਏ-ਆਜ਼ਮ ਅਤੇ ਡਾ. ਅੰਬੇਡਕਰ ਵਰਗੇ ਦੇਸ਼ ਭਗਤਾਂ ਦੇ ਵਿਚਕਾਰ ਲਗਾ ਕੇ ਆਮ ਆਦਮੀ ਪਾਰਟੀ ਨੇ ਮਹਾਨ ਦੇਸ਼ ਭਗਤਾਂ ਦੀ ਸ਼ਾਨ ਦਾ ਅਪਮਾਨ ਕੀਤਾ ਹੈ।

Advertisement
Author Image

sukhwinder singh

View all posts

Advertisement
Advertisement
×