ਭਾਜਪਾ ਦੀ ਨੀਅਤ ਅੰਬੇਡਕਰ ਅਤੇ ਸੰਵਿਧਾਨ ਵਿਰੋਧੀ: ਉਦੈ ਭਾਨੂ
ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਦਸੰਬਰ
ਭਾਰਤੀ ਯੂਥ ਕਾਂਗਰਸ ਨੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਅੰਬੇਡਕਰ ਬਾਰੇ ਕੀਤੀ ਇਤਰਾਜ਼ਯੋਗ ਟਿੱਪਣੀ ਦਾ ਵਿਰੋਧ ਕੀਤਾ। ਯੂਥ ਕਾਂਗਰਸ ਨੇ ਕਿਹਾ ਕਿ ਭਾਜਪਾ ਤਾਨਾਸ਼ਾਹੀ ਢੰਗ ਨਾਲ ਸੰਸਦ ਚਲਾ ਰਹੀ ਹੈ ਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਯੂਥ ਕਾਂਗਰਸ ਦੇ ਵਰਕਰ ਰੋਸ ਪ੍ਰਦਰਸ਼ਨ ਲਈ ਯੂਥ ਕਾਂਗਰਸ ਦੇ ਦਫਤਰ ਦੇ ਬਾਹਰ ਇਕੱਠੇ ਹੋਏ ਤਾਂ ਦਿੱਲੀ ਪੁਲੀਸ ਨੇ ਬੈਰੀਕੇਡ ਲਗਾ ਕੇ ਸਾਰੇ ਵਰਕਰਾਂ ਨੂੰ ਉਥੇ ਹੀ ਰੋਕ ਲਿਆ। ਇਸ ਧਰਨੇ ਦੌਰਾਨ ਦਿੱਲੀ ਪ੍ਰਦੇਸ਼ ਯੂਥ ਕਾਂਗਰਸ ਦੇ ਪ੍ਰਧਾਨ ਅਕਸ਼ੈ ਲਾਕੜਾ ਸਮੇਤ ਕਈ ਯੂਥ ਕਾਂਗਰਸੀ ਵਰਕਰ ਮੌਜੂਦ ਸਨ। ਇਸ ਮੌਕੇ ਭਾਰਤੀ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਉਦੈ ਭਾਨੂ ਚਿਬ ਨੇ ਕਿਹਾ ਕਿ ਭਾਜਪਾ ਦੀ ਨੀਅਤ ਅੰਬੇਡਕਰ ਅਤੇ ਸੰਵਿਧਾਨ ਵਿਰੋਧੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਾਬਾ ਸਾਹਿਬ ਦਾ ਅਪਮਾਨ ਕੀਤਾ ਹੈ ਤੇ ਇਹ ਸਭ ਪੂਰੀ ਦੁਨੀਆ ਨੇ ਦੇਖਿਆ ਹੈ। ਅਮਿਤ ਸ਼ਾਹ ਦੇ ਭਾਸ਼ਣ ਦਾ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਸੀ ਅਤੇ ਉਸ ਤੋਂ ਬਾਅਦ ਵੀ ਉਹ ਝੂਠ ਬੋਲ ਰਹੇ ਹਨ। ਅਮਿਤ ਸ਼ਾਹ ਨੂੰ ਦੇਸ਼ ਤੋਂ ਮੁਆਫੀ ਮੰਗਣੀ ਪਵੇਗੀ।
ਇਸੇ ਦੌਰਾਨ ਦਿੱਲੀ ਪ੍ਰਦੇਸ਼ ਯੂਥ ਕਾਂਗਰਸ ਦੇ ਪ੍ਰਧਾਨ ਅਕਸ਼ੈ ਲਾਕੜਾ ਨੇ ਕਿਹਾ ਕਿ ਹਰ ਭਾਰਤੀ ਦੇ ਦਿਲ ਵਿੱਚ ਬਾਬਾ ਸਾਹਿਬ ਲਈ ਵਿਸ਼ੇਸ਼ ਸਤਿਕਾਰ ਹੈ। ਭਾਰਤ ਉਨ੍ਹਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ। ਬਾਬਾ ਸਾਹਿਬ ਦਾ ਅਪਮਾਨ ਕਰਨ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਮੋਦੀ ਵੀ ਸੰਸਦ ਦੀ ਮਰਿਆਦਾ ਦਾ ਅਪਮਾਨ ਕਰ ਰਹੇ ਹਨ। ਕਾਂਗਰਸ ਆਗੂ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਹੋਰਾਂ ਨਾਲ ਭਾਜਪਾ ਸੰਸਦ ਮੈਂਬਰ ਧੱਕਾ ਕਰ ਰਹੇ ਹਨ। ਭਾਨੂ ਚਿਬ ਨੇ ਮੰਗ ਕੀਤੀ ਕਿ ਜਦੋਂ ਤੱਕ ਅਮਿਤ ਸ਼ਾਹ ਅਸਤੀਫਾ ਨਹੀਂ ਦਿੰਦੇ ਅਤੇ ਮੁਆਫੀ ਨਹੀਂ ਮੰਗਦੇ, ਉਦੋਂ ਤੱਕ ਉਹ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ।