ਉੱਤਰੀ ਭਾਰਤ ਵਿਚ ਭਾਜਪਾ ਦੀ ਗੁਗਲੀ
ਦਰਬਾਰਾ ਸਿੰਘ ਕਾਹਲੋਂ
ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿਚੋਂ ਤਿੰਨ ਰਾਜਾਂ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ ਅੰਦਰ ਕਾਂਗਰਸ ਪਾਰਟੀ ਨੂੰ ਹਰਾ ਕੇ ਭਾਰਤੀ ਜਨਤਾ ਪਾਰਟੀ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉੱਤਰੀ ਭਾਰਤ ਵਿਚ ਉਹ ਰਾਜਨੀਤੀ ਦਾ ਅਸ਼ਵਮੇਧ ਯੱਗ ਜਿੱਤਣ ਦੀ ਪੁਜ਼ੀਸ਼ਨ ਵਿਚ ਹੈ। ਉਸ ਦੇ ਮੁੱਖ ਚੋਣ ਮੁਹਿੰਮਕਾਰ ਨਰੇਂਦਰ ਮੋਦੀ ਜੋ 2014 ਤੋਂ ਪ੍ਰਧਾਨ ਮੰਤਰੀ ਹਨ, ਦੇ ਕੱਦ-ਬੁੱਤ ਦਾ ਆਗੂ ਕਿਸੇ ਰਾਜਨੀਤਕ ਪਾਰਟੀ ਅੰਦਰ ਨਹੀਂ ਉੱਭਰਿਆ ਜੋ ਉਸ ਨੂੰ ਠੱਲ੍ਹ ਪਾ ਸਕੇ। ਭਾਰਤ ਜੋੜੋ ਯਾਤਰਾ ਦੀ ਸਫਲਤਾ ਅਤੇ ਕਰਨਾਟਕ ਵਿਚ ਭਾਜਪਾ ਨੂੰ ਸੱਤਾ ਵਿਚੋਂ ਵਗਾਹ ਮਾਰਨ ਬਾਅਦ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ ਜੋ ਸੁਫ਼ਨੇ ਸੰਜੋਏ ਸਨ ਪਰ ਮੋਦੀ ਦੀ ਅਗਵਾਈ ਵਿਚ ਭਾਜਪਾ ਦੀ ਯੁੱਧਨੀਤਕ ਚੋਣ ਮੁਹਿੰਮ ਅੱਗੇ ਇਹ ਬੁਰੀ ਤਰ੍ਹਾਂ ਚਕਨਾਚੂਰ ਹੋ ਗਏ।
ਆਪਣੀ ਇਸ ਜਿੱਤ ਨੂੰ 2024 ਦੀਆਂ ਲੋਕ ਸਭਾ ਚੋਣਾਂ ਵਿਚ ਬਰਕਰਾਰ ਰੱਖਣ ਦੀ ਪ੍ਰਬਲ ਇੱਛਾ ਦੀ ਪੂਰਤੀ ਲਈ ਭਾਜਪਾ ਹਾਈਕਮਾਨ ਨੇ ਆਪਣੇ ਮਾਂ ਵਿਚਾਰਧਾਰਕ ਸੰਗਠਨ ਆਰਐੱਸਐੱਸ ਨਾਲ ਵਿਚਾਰ-ਵਟਾਂਦਰੇ ਰਾਹੀਂ ਜਿਵੇਂ ਰਾਜਨੀਤਕ ਪਰਿਵਰਤਨ ਦੀ ਗੁਗਲੀ ਖੇਡੀ ਹੈ, ਉਸ ਨੇ ਵਿਰੋਧੀ ਰਾਜਨੀਤਕ ਪਾਰਟੀਆਂ ਅਤੇ ਨਵੇਂ ਉੱਭਰਦੇ ਗੱਠਜੋੜ ‘ਇੰਡੀਆ’ ਨੂੰ ਕੰਬਣੀ ਛੇੜ ਦਿੱਤੀ ਹੈ। ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਅੰਦਰ ਨਵੀਂ ਪੀੜ੍ਹੀ ਨਾਲ ਸਬੰਧਿਤ ਨੌਜਵਾਨ ਆਗੂਆਂ ਨੂੰ ਕਮਾਨ ਸੌਂਪੀ ਹੈ। ਹਰ ਰਾਜ ਵਿਚ ਦੋ ਦੋ ਉੱਪ ਮੁੱਖ ਮੰਤਰੀਆਂ ਦੀ ਵਿਵਸਥਾ ਕੀਤੀ ਹੈ ਤਾਂ ਕਿ ਸਮਾਜ ਦੇ ਵੱਖ ਵੱਖ ਭਾਈਚਾਰਿਆਂ ਅਤੇ ਭੂਗੋਲਿਕ ਖਿੱਤਿਆਂ ਨੂੰ ਸੰਤੁਲਿਤ ਪ੍ਰਤੀਨਿਧਤਾ ਦਿੱਤੀ ਜਾ ਸਕੇ। ਭਾਜਪਾ ਨੇ ਉੱਤਰ ਪ੍ਰਦੇਸ਼ ਅੰਦਰ ਅਦਿੱਤਿਆ ਨਾਥ ਯੋਗੀ ਅਤੇ ਅਸਾਮ ਅੰਦਰ ਹੇਮੰਤ ਬਿਸਵ ਸਰਮਾ ਨੂੰ ਮੁੱਖ ਮੰਤਰੀ ਬਣਾਉਣ ਸਮੇਂ ਭਾਵੇਂ ਉਨ੍ਹਾਂ ਦੇ ਸੰਗਠਨਾਤਮਿਕ ਪਿਛੋਕੜ ਨੂੰ ਪ੍ਰੋੜਤਾ ਨਹੀਂ ਸੀ ਦਿੱਤੀ ਪਰ ਬਾਅਦ ਵਿਚ ਇਹ ਦੋਵੇਂ ਹਿੰਦੂਤਵ ਭਗਵਾ ਬ੍ਰਿਗੇਡ ਤੇ ਆਰਐੱਸਐੱਸ ਵਿਚਾਰਧਾਰਾ ਨੂੰ ਅਪਣਾਉਂਦੇ ਸੰਘ ਪਰਿਵਾਰ ਦੇ ਚਹੇਤੇ ਆਗੂਆਂ ਵਜੋਂ ਸਥਾਪਿਤ ਹੁੰਦੇ ਗਏ ਪਰ ਅਜੋਕੀਆਂ ਵਿਧਾਨ ਸਭਾ ਚੋਣਾਂ ਬਾਅਦ ਭਾਜਪਾ ਹਾਈਕਮਾਨ ਨੇ ਐਸਾ ਜੋਖ਼ਮ ਉਠਾਉਣ ਤੋਂ ਕਿਨਾਰਾ ਕਰਨਾ ਬਿਹਤਰ ਸਮਝਿਆ।
ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਅੰਦਰ ਜਾਤੀਵਾਦੀ ਜਨਗਣਨਾ ਨਾਲੋਂ ਓਬੀਸੀ ਜਮਾਤਾਂ ਨੂੰ ਲਾਂਭੇ ਕਰਨ ਲਈ ਭਾਜਪਾ ਨੇ ਆਰਐੱਸਐੱਸ, ਭਾਰਤੀ ਜਨਗਣਨਾ ਨਾਲੋਂ ਯੁਵਾ ਮੋਰਚਾ ਅਤੇ ਏਬੀਵੀਪੀ ਸੰਗਠਨਾਂ ਸਬੰਧਿਤ ਐਸੇ ਆਗੂਆਂ ਨੂੰ ਮੁੱਖ ਮੰਤਰੀ ਵਜੋਂ ਚੁਣਿਆ। ਇਕ ਤਾਂ ਜਾਤੀਵਾਦੀ ਜਨਗਣਨਾ ਮੁੱਦੇ ਨੂੰ ਨਜਿੱਠਣਾ, ਦੂਸਰੇ ਇਨ੍ਹਾਂ ਵਰਗਾਂ ਦੀਆਂ ਲੋਕ ਸਭਾ ਚੋਣਾਂ ਵੇਲੇ ਵੱਡੇ ਪੱਧਰ ’ਤੇ ਵੋਟਾਂ ਬਟੋਰਨ ਦੀ ਮਨਸ਼ਾ ਨਾਲ ਅਜਿਹਾ ਕੀਤਾ ਗਿਆ। ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂੰ ਦਿਉ ਸਾਏ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਓਬੀਸੀ ਜਮਾਤਾਂ ਨਾਲ ਸਬੰਧਿਤ ਹਨ। ਸੰਗਠਨਾਤਮਿਕ ਤਨਜ਼ੀਮਾਂ ਅਤੇ ਆਰਐੱਸਐੱਸ ਨਾਲ ਸਬੰਧਿਤ ਤੇ ਓਬੀਸੀ ਆਗੂਆਂ ਦੀ ਮੁੱਖ ਮੰਤਰੀਆਂ ਵਜੋਂ ਚੋਣ ਰਾਹੀਂ ਭਾਜਪਾ ਹਾਈਕਮਾਨ ਨੇ ਮੱਧ ਪ੍ਰਦੇਸ਼ ਵਿਚ ਚਾਰ ਵਾਰ ਬਣੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਛੱਤੀਸਗੜ੍ਹ ਵਿਚ 15 ਸਾਲ ਮੁੱਖ ਮੰਤਰੀ ਰਹੇ ਡਾ. ਰਮਨ ਸਿੰਘ ਨੂੰ ਮੱਖਣ ਵਿਚੋਂ ਵਾਲ ਵਾਂਗ ਲਾਂਭੇ ਕਰ ਦਿੱਤਾ।
ਰਾਜਸਥਾਨ ਅੰਦਰ ਰਜਵਾੜਾਸ਼ਾਹੀ ਨਾਲ ਸਬੰਧਿਤ ਤਾਕਤਵਰ ਆਗੂ ਵਸੁੰਧਰਾ ਰਾਜੇ ਸਿੰਧੀਆ ਨੂੰ ਅਹਿਸਾਸ ਹੋ ਗਿਆ ਸੀ ਕਿ ਹੁਣ ਭਾਜਪਾ ਹਾਈਕਮਾਨ ਉਸ ਨੂੰ ਵੀ ਮੁੜ ਸੱਤਾ ਵਿਚ ਬਿਠਾਉਣ ਵਾਲੀ ਨਹੀਂ। ਰਾਜਸਥਾਨ ਅੰਦਰ ਰਾਜਵਾੜਾਸ਼ਾਹੀ ਅਤੇ ਏਕਾਧਿਕਾਰਵਾਦੀ ਲੀਡਰਸ਼ਿਪ ਦਾ ਦੁਖਾਂਤ ਇਹ ਉੱਭਰ ਕੇ ਸਾਹਮਣੇ ਆਇਆ ਕਿ ਪਿਛਲੇ 25 ਸਾਲ ਤੋਂ ਇਸ ਦੀ ਸੱਤਾ ’ਤੇ ਕਾਂਗਰਸ ਆਗੂ ਅਸ਼ੋਕ ਗਹਿਲੋਤ ਅਤੇ ਭਾਜਪਾ ਆਗੂ ਵਸੁੰਧਰਾ ਰਾਜੇ ਸਿੰਧੀਆ ਕਾਬਜ਼ ਰਹੇ। ਦੋਵੇਂ ਅਕਸਰ ਆਪੋ-ਆਪਣੀ ਹਾਈਕਮਾਨ ਤੋਂ ਨਾਬਰ ਅਤੇ ਰਾਜਨੀਤਕ ਬਲੈਕ ਮੇਲਿੰਗ ਦੀ ਰਾਜਨੀਤੀ ਕਰਦੇ ਰਹੇ।
ਵਸੁੰਧਰਾ ਰਾਜੇ ਸਿੰਧੀਆ ਨੇ ਆਪਣੇ 40 ਦੇ ਕਰੀਬ ਵਿਧਾਇਕ ਹਮਾਇਤੀਆਂ ਨਾਲ ਵੱਖਰਾ ਦਰਬਾਰ ਸਜਾ ਕੇ, ਹਾਈਕਮਾਨ ਨੂੰ ਤਿੱਖੇ ਤੇਵਰ ਦਿਖਾ ਕੇ, ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਕੇ ਸੱਤਾ ਹਥਿਆਉਣ ਦਾ ਨਾਕਾਮ ਡਰਾਮਾ ਰਚਿਆ ਪਰ ਜਦੋਂ ਕੇਂਦਰੀ ਅਬਜ਼ਰਵਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਧਾਇਕ ਦਲ ਦੇ ਆਗੂ ਦੀ ਚੋਣ ਸਬੰਧੀ ਪਰਚੀ ਉਸ ਦੇ ਹੱਥ ਵਿਚ ਫੜਾਉਂਦੇ ਮੂੰਹ ਫੇਰ ਲਿਆ ਤਾਂ ਉਸ ਦਾ ਰੰਗ ਉੱਡ ਗਿਆ। ਹਾਈਕਮਾਨ ਨੇ ਬ੍ਰਾਹਮਣ ਜਾਤੀ ਨਾਲ ਸਬੰਧਿਤ ਪਿਛਲੇ ਬੈਂਚ ’ਤੇ ਬੈਠੇ ਪਹਿਲੀ ਵਾਰ ਵਿਧਾਇਕ ਬਣੇ ਆਗੂ ਭਜਨ ਲਾਲ ਸ਼ਰਮਾ ਨੂੰ ਚੁਣ ਲਿਆ ਅਤੇ ਵਸੁੰਧਰਾ ਰਾਜੇ ਸਿੰਧਿਆ ਨੂੰ ਲਾਂਭੇ ਕਰ ਦਿੱਤਾ। ਭਾਜਪਾ ਹਾਈਕਮਾਨ ਨੇ ਦਰਸਾ ਦਿੱਤਾ ਕਿ ਉਹ ਐਸੇ ਮਾਮਲਿਆਂ ਵਿਚ ਰਾਜਨੀਤਕ ਇੱਛਾ ਸ਼ਕਤੀ, ਸਖ਼ਤੀ ਅਤੇ ਸੰਗਠਿਤ ਦਮ-ਖ਼ਮ ਰੱਖਦੀ ਹੈ ਜੋ ਕਾਂਗਰਸ ਹਾਈਕਮਾਨ ਵਿਚ ਕਿਧਰੇ ਦਿਖਾਈ ਨਹੀਂ ਦਿੰਦੀ।
ਰਾਜਸਥਾਨ ਅੰਦਰ ਵਿਧਾਇਕ ਦਲ ਦੇ ਆਗੂ ਦੀ ਚੋਣ, ਮੁੱਖ ਮੰਤਰੀ ਅਤੇ ਦੋ ਉਪ ਮੁੱਖ ਮੰਤਰੀਆਂ ਦੀ ਚੋਣ ਬਾਰੇ ਫਰਜ਼ੀ ਪੱਤਰ ਵੀ ਰਾਜਨੀਤਕ ਹਲਕਿਆਂ ਵਿਚ ਘੁੰਮਦਾ ਰਿਹਾ। ਇਹ ਪੱਤਰ ਜੋ ਭਾਜਪਾ ਦੇ ਕੇਂਦਰੀ ਦਫ਼ਤਰ ਵੱਲੋਂ ਜਾਰੀ ਹੋਇਆ ਦਿਖਾਇਆ ਗਿਆ, ਵਿਚ ਮੁੱਖ ਮੰਤਰੀ ਬਾਬਾ ਬਾਲਕ ਨਾਥ, ਉੱਪ ਮੁੱਖ ਮੰਤਰੀ ਦੀਆ ਕੁਮਾਰੀ ਅਤੇ ਕਿਰੋੜੀ ਲਾਲ ਮੀਣਾ ਐਲਾਨੇ ਦਿਖਾਏ ਗਏ। ਦਰਅਸਲ ਮੁੱਖ ਮੰਤਰੀ ਦੀ ਦੌੜ ਵਿਚ ਇਹ ਤਿੰਨੇ ਆਗੂ ਸਨ। ਜੇ ਭਾਜਪਾ ਵਰਗੀ ਤਾਕਤਵਰ ਸੱਤਾਧਾਰੀ ਪਾਰਟੀ ਵਿਚ ਅਜਿਹਾ ਹੁੰਦਾ ਹੈ ਤਾਂ ਇਸ ਦੇਸ਼ ਰਾਜਨੀਤੀ ਅਤੇ ਰਾਜਨੀਤੀਵਾਨ ਕਿਸ ਹੱਦ ਤੱਕ ਜਾਅਲਸਾਜ਼ ਹਨ, ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਅਗਲੀਆਂ ਲੋਕ ਸਭਾ ਚੋਣਾਂ ਵੇਲੇ ਜਾਤੀਵਾਦੀ, ਵਰਗਵਾਦੀ, ਧਰਮਵਾਦੀ ਅਤੇ ਖਿੱਤੇ ਸਬੰਧਿਤ ਵੋਟਰਾਂ ਨੂੰ ਭਰਮਾਉਣ ਲਈ ਭਾਜਪਾ ਹਾਈਕਮਾਨ ਨੇ ਤਿੰਨਾਂ ਰਾਜਾਂ ਵਿਚ ਦੋ ਦੋ ਉੱਪ ਮੁੱਖ ਮੰਤਰੀ ਤਾਇਨਾਤ ਕੀਤੇ ਹਨ। ਇਸ ਨਾਲ ਪਾਰਟੀ ਅੰਦਰ ਧੜੇਬੰਦੀ ਨੂੰ ਵੀ ਲਗਾਮ ਦੇਣ ਦਾ ਯਤਨ ਸ਼ਾਮਲ ਹੈ। ਮੱਧ ਪ੍ਰਦੇਸ਼ ਅੰਦਰ ਮੁੱਖ ਮੰਤਰੀ ਮੋਹਨ ਯਾਦਵ ਓਬੀਸੀ ਜਾਤੀ ਨਾਲ ਸਬੰਧਿਤ ਹਨ। ਉੱਪ ਮੁੱਖ ਮੰਤਰੀ ਜਗਦੀਸ਼ ਦੇਵੜਾ ਐਸਸੀ ਵਰਗ ਨਾਲ ਸਬੰਧਿਤ ਹਨ। ਉਹ ਮੰਦਸੌਰ ਜ਼ਿਲ੍ਹੇ ਦੇ ਮਲਹਾਰਗੜ੍ਹ ਤੋਂ ਵਿਧਾਇਕ ਹਨ। ਦੂਸਰਾ ਉੱਪ ਮੁੱਖ ਮੰਤਰੀ ਰਾਜੇਂਦਰ ਸ਼ੁਕਲਾ ਬ੍ਰਾਹਮਣ ਜਾਤੀ ਨਾਲ ਸਬੰਧਿਤ ਹੈ। ਰੀਵਾ ਤੋਂ ਵਿਧਾਇਕ ਹਨ। ਨਰੇਂਦਰ ਤੋਮਰ ਸਾਬਕਾ ਕੇਂਦਰੀ ਮੰਤਰੀ ਸਪੀਕਰ ਬਣਾ ਦਿੱਤਾ ਹੈ। ਛੱਤੀਸਗੜ੍ਹ ਅੰਦਰ ਮੁੱਖ ਮੰਤਰੀ ਵਿਸ਼ਨੂ ਦੇਵ ਸਾਏ ਓਬੀਸੀ ਸਬੰਧਿਤ ਹਨ। ਉੱਪ ਮੁੱਖ ਮੰਤਰੀ ਅਰੁਣ ਸਾਉ ਵੀ ਓਬੀਸੀ ਸਬੰਧਿਤ ਹਨ, ਪੇਸ਼ੇ ਵਜੋਂ ਵਕੀਲ ਹਨ, ਰਾਜ ਭਾਜਪਾ ਇਕਾਈ ਦੇ ਜਨਰਲ ਸਕੱਤਰ, ਭਾਜਪਾ ਜਨਤਾ ਯੁਵਾ ਮੋਰਚਾ ਦੇ ਆਗੂ ਹਨ ਅਤੇ ਕਵਾਰਧਾ ਵਿਧਾਨਸਭਾ ਹਲਕੇ ਤੋਂ ਵਿਧਾਇਕ ਹਨ। ਸਾਬਕਾ ਮੁੱਖ ਮੰਤਰੀ ਰਮਨ ਸਿੰਘ ਨੂੰ ਵਿਧਾਨ ਸਭਾ ਦਾ ਸਪੀਕਰ ਬਣਾ ਦਿੱਤਾ ਹੈ।
ਰਾਜਸਥਾਨ ਦਾ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਬ੍ਰਾਹਮਣ ਜਾਤੀ ਨਾਲ ਸਬੰਧਿਤ ਹੈ। ਉਹ 6ਵੇਂ ਐਸੇ ਬ੍ਰਾਹਮਣ ਆਗੂ ਹਨ ਜੋ ਰਾਜਸਥਾਨ ਵਿਚ ਮੁੱਖ ਮੰਤਰੀ ਬਣਾਏ ਹਨ। ਉਹ ਭਾਵੇਂ ਸੰਨ 2000 ਵਿਚ ਟਿਕਟ ਨਾ ਮਿਲਣ ’ਤੇ ਨਵਗਤ ਰਾਜਸਥਾਨ ਸਮਾਜਿਕ ਨਿਆਂ ਮੰਚ ਨਾਲ ਜੁੜ ਗਏ ਪਰ ਨਡਬਾਈ ਵਿਧਾਨ ਸਭਾ ਹਲਕੇ ਤੋਂ ਹਾਰ ਕੇ ਮੁੜ ਭਾਜਪਾ ਵਿਚ ਆ ਗਏ। ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਚਹੇਤੇ ਆਗੂ ਹਨ। ਉੱਪ ਮੁੱਖ ਮੰਤਰੀ ਦੀਆ ਕੁਮਾਰੀ ਵਿਦਿਆ ਨਗਰ ਤੋਂ ਵਿਧਾਇਕ ਹੈ। ਦੂਸਰਾ ਉੱਪ ਮੁੱਖ ਮੰਤਰੀ ਪ੍ਰੇਮ ਚੰਦ ਭੈਰਵਾ ਦੁਦੂ ਹਲਕੇ ਤੋਂ ਵਿਧਾਇਕ ਹੈ।
ਰਾਜਸਥਾਨ ਮੁੱਖ ਮੰਤਰੀ ਨੇ ਪਹਿਲੇ ਆਦੇਸ਼ ਅਧੀਨ ਔਰਤ ਦੀ ਸੁਰੱਖਿਆ, ਘੁਟਾਲਾ ਰਹਿਤ ਸ਼ਾਸਨ ਦਾ ਐਲਾਨ ਕੀਤਾ। ਪੇਪਰ ਲੀਕ ਘੁਟਾਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਧਾਰਮਿਕ ਅਤੇ ਪਬਲਿਕ ਥਾਵਾਂ ’ਤੇ ਲਾਊਡ ਸਪੀਕਰਾਂ ਦੀ ਮੱਧਮ ਆਵਾਜ਼, ਇਸ ’ਤੇ ਅਮਲ ਕਰਨ ਲਈ ਹਰ ਜ਼ਿਲ੍ਹੇ ਵਿਚ ਫਲਾਇੰਗ ਸੁਕਐਡ, ਗੈਰ-ਕਾਨੂੰਨੀ ਮੀਟ-ਮੱਛੀ ਵਿਕਰੀ ’ਤੇ ਰੋਕ ਦੇ ਐਲਾਨ ਕੀਤੇ ਹਨ। ਛੱਤੀਸਗੜ੍ਹ ਦੇ ਮੁੱਖ ਮੰਤਰੀ ਨੇ ਨਰਿੰਦਰ ਮੋਦੀ ਦੀਆਂ ਗਰੰਟੀਆਂ ਦੀ ਪੂਰਤੀ ਲਈ ਪਹਿਲੇ ਹੁਕਮ ਵਿਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 18 ਲੱਖ ਘਰ ਬੇਘਰਿਆਂ ਅਤੇ ਲੋੜਵੰਦਾਂ ਲਈ ਉਸਾਰਨ ਦਾ ਐਲਾਨ ਕੀਤਾ।
ਹੁਣ ਵੀ ਜੇ ਕਾਂਗਰਸ ਹਾਈਕਮਾਨ ਨਾ ਸੰਭਲੀ ਅਤੇ ‘ਇੰਡੀਆ’ ਗੱਠਜੋੜ ਸੂਤ ਨਾ ਬੈਠਾ ਤਾਂ ਉੱਤਰੀ ਭਾਰਤ ਅੰਦਰ ਕਿਸੇ ਵੀ ਰਾਜਨੀਤਕ ਪਾਰਟੀ ਦਾ ਭਾਜਪਾ ਦੀ ਰਾਜਨੀਤਕ ਪਾਰਟੀ ਦਾ ਭਾਜਪਾ ਦੀ ਰਾਜਨੀਤਕ ਪਰਿਵਰਤਨ ਗੁਗਲੀ ਅੱਗੇ ਅਗਲੀਆਂ ਲੋਕ ਸਭਾ ਚੋਣਾਂ ਵਿਚ ਟਿਕ ਸਕਣਾ ਸੰਭਵ ਨਹੀਂ ਹੋਵੇਗਾ।
ਸੰਪਰਕ: 1-289-829-2929