ਹਲਕਾ ਡੇਰਾਬੱਸੀ ਵਿੱਚ ਭਾਜਪਾ ਦੀ ਰਹੀ ਝੰਡੀ
ਹਰਜੀਤ ਸਿੰਘ
ਡੇਰਾਬੱਸੀ, 4 ਜੂਨ
ਹਲਕਾ ਪਟਿਆਲਾ ਲੋਕ ਸਭਾ ਚੋਣਾਂ ਵਿੱਚ ਫਸਵੇਂ ਮੁਕਾਬਲੇ ਦੌਰਾਨ ਕਾਂਗਰਸ ਪਾਰਟੀ ਦੇ ਡਾ. ਧਰਮਵੀਰ ਗਾਂਧੀ ਨੂੰ ਜਿੱਤ ਮਿਲਣ ਦੇ ਨਾਲ ਹੀ ਹਲਕਾ ਡੇਰਾਬੱਸੀ ਦੇ ਸਿਆਸੀ ਸਮੀਕਰਨ ਵੀ ਤਬਦੀਲ ਹੁੰਦੇ ਨਜ਼ਰ ਆ ਰਹੇ ਹਨ। ਪਟਿਆਲਾ ਲੋਕ ਸਭਾ ਹਲਕਾ ਤੋਂ ਭਾਵੇਂ ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ ਹਾਰ ਗਏ ਹਨ ਪਰ ਇਸ ਹਲਕੇ ਵਿੱਚ ਭਾਜਪਾ ਨੇ ਚੰਗਾ ਪ੍ਰਦਰਸ਼ਨ ਕਰਦਿਆਂ 65,742 ਰਿਕਾਰਡ ਵੋਟਾਂ ਹਾਸਲ ਕਰ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦੂਜੇ ਸਥਾਨ ’ਤੇ ਕਾਂਗਰਸ ਪਾਰਟੀ ਰਹੀ ਹੈ ਜਿਸ ਨੇ ਹਲਕੇ ਤੋਂ 46,621 ਵੋਟਾਂ ਹਾਸਲ ਕੀਤੀਆਂ ਹਨ।
ਇੱਥੇ ਸਭ ਤੋਂ ਵੱਡੀ ਨਮੋਸ਼ੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨਕੇ ਸ਼ਰਮਾ ਨੂੰ ਝੱਲਣੀ ਪਈ ਜੋ ਪੂਰੇ ਪਟਿਆਲਾ ਲੋਕ ਸਭਾ ਵਿੱਚ 1,53,780 ਵੋਟਾਂ ਲੈ ਕੇ ਚੌਥੇ ਨੰਬਰ ’ਤੇ ਆਏ ਹਨ। ਉੱਥੇ ਉਹ ਆਪਣੇ ਜੱਦੀ ਵਿਧਾਨ ਸਭਾ ਹਲਕੇ ਡੇਰਾਬੱਸੀ ਤੋਂ ਵੀ ਪੂਰੀ ਤਰ੍ਹਾਂ ਪੱਛੜ ਗਏ। ਉਹ ਇਸ ਹਲਕੇ ਵਿੱਚੋਂ ਸਿਰਫ਼ 33,748 ਵੋਟਾਂ ਲੈ ਕੇ ਚੌਥੇ ਸਥਾਨ ’ਤੇ ਰਹੇ ਹਨ। ਉਨ੍ਹਾਂ ਨੇ ਲੰਘੀ 2022 ਦੀ ਵਿਧਾਨ ਸਭਾ ਚੋਣਾਂ ਦੌਰਾਨ 47,731 ਵੋਟਾਂ ਹਾਸਲ ਕੀਤੀਆਂ ਸਨ। ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਿੱਚ ਆਪਣੇ ਹਲਕੇ ਵਿੱਚੋਂ 13,983 ਵੋਟਾਂ ਘੱਟ ਮਿਲਿਆਂ ਹਨ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਵੀ ਇਸ ਹਲਕੇ ਤੋਂ ਵੱਡੀ ਨਮੋਸ਼ੀ ਝੱਲਣੀ ਪਈ। ਇਸ ਹਲਕੇ ਵਿੱਚ ਲੰਘੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੂੰ 70,032 ਵੋਟਾਂ ਨਾਲ ਵੱਡੀ ਜਿੱਤ ਮਿਲੀ ਸੀ। ਦੋ ਸਾਲਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਨੂੰ ਇਸ ਹਲਕੇ ਤੋਂ ਸਿਰਫ਼ 36,390 ਵੋਟਾਂ ਹਾਸਲ ਹੋਈਆਂ ਹਨ। ‘ਆਪ’ ਨੂੰ ਦੋ ਸਾਲਾਂ ਵਿੱਚ ਹੀ ਇਸ ਹਲਕੇ ਤੋਂ 33,642 ਵੋਟਾਂ ਦਾ ਘਾਟਾ ਪਿਆ ਹੈ ਜੋ ਪਾਰਟੀ ਅਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਕਾਰਗੁਜ਼ਾਰੀ ’ਤੇ ਵੱਡਾ ਸਵਾਲੀਆ ਨਿਸ਼ਾਨ ਲਾਉਂਦਾ ਹੈ।