ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੋਦੀ ਵੱਲੋਂ ਭਾਜਪਾ ਦਾ ਚੋਣ ਮੈਨੀਫੈਸਟੋ ਜਾਰੀ

06:57 AM Apr 15, 2024 IST
ਚੋਣ ਮੈਨੀਫੈਸਟੋ ਜਾਰੀ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ (ਐਨ ਸੱਜੇ), ਅਮਿਤ ਸ਼ਾਹ ਅਤੇ ਰਾਜਨਾਥ ਸਿੰਘ। -ਫੋਟੋ: ਮਾਨਸ ਰੰਜਨ ਭੂਈ

ਨਵੀਂ ਦਿੱਲੀ, 14 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕ ਸਭਾ ਚੋਣਾਂ ਲਈ ਭਾਜਪਾ ਦਾ ਚੋਣ ਮੈਨੀਫੈਸਟੋ ਜਾਰੀ ਕਰਦਿਆਂ ‘ਵਿਕਸਤ ਭਾਰਤ’ ਦੇ ਆਪਣੇ ਸੁਫ਼ਨੇ ਦਾ ਖਾਕਾ ਪੇਸ਼ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਨਸੀਹਤ ਦਿੱਤੀ ਕਿ ਉਹ ਅਗਲੇ 1000 ਸਾਲਾਂ ਲਈ ਭਾਰਤ ਦੀ ‘ਤਕਦੀਰ’ ਨੂੰ ਆਕਾਰ ਦੇਣ ਲਈ ਉਨ੍ਹਾਂ ਦੀ ਪਾਰਟੀ (ਭਾਜਪਾ) ਨੂੰ ਮੁੜ ਫ਼ਤਵਾ ਦੇਣ। ਸ੍ਰੀ ਮੋਦੀ ਨੇ ਪਾਰਟੀ ਦੇ ‘ਸੰਕਲਪ ਪੱਤਰ’ ਨੂੰ ਆਪਣੀ ਗਾਰੰਟੀ ਦਾ ਦਸਤਾਵੇਜ਼ ਦੱਸਦਿਆਂ ਕੇਂਦਰ ਵਿਚ ਆਪਣੀ ਸਰਕਾਰ ਦੀਆਂ ਦਸ ਸਾਲ ਦੀਆਂ ਪ੍ਰਾਪਤੀਆਂ ’ਤੇ ਰੌਸ਼ਨੀ ਪਾਈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਹੁਣ ਤੱਕ ਹਰੇਕ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ, ‘‘ਇਹ ‘ਸੰਕਲਪ ਪੱਤਰ’ ਵਿਕਸਤ ਭਾਰਤ ਦੇ ਚਾਰ ਮਜ਼ਬੂਤ ਥੰਮ੍ਹਾਂ- ਯੁਵਾ ਸ਼ਕਤੀ, ਨਾਰੀ ਸ਼ਕਤੀ, ਗਰੀਬ ਤੇ ਕਿਸਾਨਾਂ- ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਚੋਣ ਮਨੋਰਥ ਪੱਤਰ ‘ਇਕ ਰਾਸ਼ਟਰ, ਇਕ ਚੋਣ’ ਪਹਿਲਕਦਮੀ ਨੂੰ ਲਾਗੂ ਕਰਨ, ਸਾਂਝੀਆਂ ਵੋਟਰ ਸੂਚੀਆਂ, ਰੇਲ ਸਫ਼ਰ ਲਈ ਉਡੀਕ ਸੂਚੀ ਖ਼ਤਮ ਕਰਨ, 5ਜੀ ਨੈੱਟਵਰਕਾਂ ਦੇ ਵਿਸਥਾਰ ਤੇ ਕੁੱਲ ਆਲਮ ਵਿਚ ਰਾਮਾਇਣ ਉਤਸਵ ਮਨਾਉਣ ਦੀ ਗੱਲ ਕਰਦਾ ਹੈ।

Advertisement

ਭਾਜਪਾ ਹੈੱਡਕੁਆਰਟਰ ’ਤੇ ਗੱਲਬਾਤ ਕਰਦੇ ਹੋਏ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਲੇਖਕ ਵਿਜੈ ਚੌਥਾਈਵਾਲਾ। ਫੋਟੋ: ਪੀਟੀਆਈ

ਸ੍ਰੀ ਮੋਦੀ ਨੇ ਕਿਹਾ ਕਿ ਭਾਜਪਾ ਨੇ ਦੇਸ਼ ਹਿੱਤ ਵਿਚ ਸਾਬਤ ਕਦਮੀ ਕਈ ਧੜੱਲੇਦਾਰ ਤੇ ਚੁਣੌਤੀਪੂਰਨ ਫੈਸਲੇ ਲਏ ਤੇ ਪਾਰਟੀ ਦੀ ਥਾਂ ਦੇਸ਼ ਨੂੰ ਤਰਜੀਹ ਦਿੱਤੀ। ਉਨ੍ਹਾਂ ਕਿਹਾ, ‘‘ਨਾਰੀ ਸ਼ਕਤੀ ਬਿੱਲ ਇਕ ਕਾਨੂੰਨ ਬਣ ਚੁੱਕਾ ਹੈ। ਭਾਜਪਾ ਨੇ ਧਾਰਾ 370 ਖ਼ਤਮ ਕੀਤੀ ਤੇ ਅਸੀਂ ਸੀਏਏ (ਨਾਗਰਿਕਤਾ ਸੋਧ ਐਕਟ) ਲੈ ਕੇ ਆਏ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਦਾ ਸੰਕਲਪ ਪੱਤਰ ਦੇਸ਼ ਦੇ 140 ਕਰੋੜ ਲੋਕਾਂ ਦੇ ਸੁਫ਼ਨਿਆਂ ਨੂੰ ਹਕੀਕੀ ਰੂਪ ਦੇਣ ਅਤੇ ਭਾਰਤ ਨੂੰ ਵਿਕਸਤ ਮੁਲਕ ਬਣਾਉਣ ਵੱਲ ਸੇਧਤ ਹੈ।’’ ਉਨ੍ਹਾਂ ਕਿਹਾ, ‘‘ਮੈਂ ਲਾਲ ਕਿਲੇ ਦੀ ਫਸੀਲ ਤੋਂ ਕਿਹਾ ਸੀ ਕਿ ਅਗਲੇ 1000 ਸਾਲਾਂ ਲਈ ਦੇਸ਼ ਦੀ ‘ਤਕਦੀਰ’ ਨੂੰ ਆਕਾਰ ਦੇਣ ਲਈ ‘ਯਹੀ ਸਮੇਂ ਹੈ, ਸਹੀ ਸਮੇਂ ਹੈ’....ਮੈਂ ‘ਮੋਦੀ ਕੀ ਗਾਰੰਟੀ’ ਵਜੋਂ ਦੇਸ਼ ਦੇ ਲੋਕਾਂ ਦੇ ਆਸ਼ੀਰਵਾਦ ਲਈ ਇਹ ਸੰਕਲਪ ਪੱਤਰ ਉਨ੍ਹਾਂ ਅੱਗੇ ਰੱਖਦਾ ਹਾਂ। ਦੇਸ਼ ਦੇ 140 ਕਰੋੜ ਲੋਕਾਂ ਦੀਆਂ ਇੱਛਾਵਾਂ ਮੋਦੀ ਦਾ ਮਿਸ਼ਨ ਹਨ।’’ ਉਨ੍ਹਾਂ ਕਿਹਾ ਕਿ ਅੱਜ ਜਦੋਂ ਕੁੱਲ ਆਲਮ ਦੇ ਵੱਖ ਵੱਖ ਹਿੱਸਿਆਂ ਵਿਚ ਅਸ਼ਾਂਤੀ ਦਾ ਮਾਹੌਲ ਹੈ ਤਾਂ ਭਾਰਤ ਵਿਚ ਸਪਸ਼ਟ ਬਹੁਮੱਤ ਵਾਲੀ ਸਥਿਰ ਸਰਕਾਰ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 100 ਦਿਨਾ ਐਕਸ਼ਨ ਪਲਾਨ (ਕਾਰਜ ਯੋਜਨਾ) ’ਤੇ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਜੇਕਰ ਸੱਤਾ ਵਿਚ ਆਏ ਤਾਂ ਭਾਜਪਾ ਵੱਲੋਂ ਸੰਕਲਪ ਪੱਤਰ ਵਿਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਇਹ ਕੰਮ ਆਏਗਾ। ਉਨ੍ਹਾਂ ਕਿਹਾ, ‘‘ਇਸ ਨਵੇਂ ਭਾਰਤ ਨੇ ਰਫ਼ਤਾਰ ਫੜ ਲਈ ਹੈ। ਹੁਣ ਇਸ ਨੂੰ ਰੋਕਣਾ ਨਾਮੁਮਕਿਨ ਹੈ।’’ ਸ੍ਰੀ ਮੋਦੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਭ੍ਰਿਸ਼ਟਾਚਾਰ ਖਿਲਾਫ਼ ਸਖ਼ਤ ਕਾਰਵਾਈ ਕੀਤੀ ਤੇ ਸੱਤਾ ਵਿਚ ਆਉਣ ਮਗਰੋਂ ਇਹ ਕੰਮ ਜਾਰੀ ਰਹੇਗਾ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਭਾਜਪਾ ‘ਇਕ ਰਾਸ਼ਟਰ ਇਕ ਚੋਣ’ ਪਹਿਲਕਦਮੀ ਨੂੰ ਅਮਲ ਵਿਚ ਲਿਆਉਣ ਲਈ ਕੰਮ ਕਰੇਗੀ। ਉਨ੍ਹਾਂ ਜ਼ੋਰ ਦਿੱਤਾ ਕਿ ਇਕਸਾਰ ਸਿਵਲ ਕੋਡ (ਯੂਸੀਸੀ) ਦੇਸ਼ ਹਿੱਤ ਵਿਚ ਸੀ। ਪਾਰਟੀ ਮੈਨੀਫੈਸਟੋ ਜਾਰੀ ਕਰਨ ਮਗਰੋਂ ਸ੍ਰੀ ਮੋਦੀ ਨੇ ਇਸ ਦੀਆਂ ਕਾਪੀਆਂ ਸਰਕਾਰੀ ਸਕੀਮਾਂ ਦੇ ਲਾਭਪਾਤਰੀ ਚਾਰ ਸਮੂਹਾਂ- ਗਰੀਬ, ਯੁਵਾ, ਅੰਨਦਾਤਾ ਤੇ ਨਾਰੀ ਸ਼ਕਤੀ (ਗਿਆਨ) ਦੇ ਨੁਮਾਇੰਦਿਆਂ ਨੂੰ ਦਿੱਤੀਆਂ। ਇਸ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਮੈਨੀਫੈਸਟੋ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੇ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕਰਦਾ ਹੈ। ਉਨ੍ਹਾਂ ਕਿਹਾ, ‘‘ਮੋਦੀ ਦੀ ਗਾਰੰਟੀ 24 ਕੈਰੇਟ ਸੋਨੇ ਦੇ ਬਰਾਬਰ ਹੈ।’’ ਸਿੰਘ, ਜੋ ਮੈਨੀਫੈਸਟੋ ਕਮੇਟੀ ਦਾ ਹਿੱਸਾ ਸਨ, ਨੇ ਕਿਹਾ ਕਿ ਦੇਸ਼ ਭਰ ਵਿਚੋਂ 15 ਲੱਖ ਤੋਂ ਵੱਧ ਸੁਝਾਅ ਆਏ ਹਨ, ਜਿਨ੍ਹਾਂ ਨੂੰ ਇਸ ਮੈਨੀਫੈਸਟੋ ਵਿਚ ਸ਼ਾਮਲ ਕੀਤਾ ਗਿਆ ਹੈ। -ਪੀਟੀਆਈ

ਭਾਜਪਾ ਦਾ ਚੋਣ ਮੈਨੀਫੈਸਟੋ ‘ਜੁਮਲਾ ਪੱਤਰ’: ਕਾਂਗਰਸ

ਨਾਗਪੁਰ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ

ਨਵੀਂ ਦਿੱਲੀ: ਕਾਂਗਰਸ ਨੇ ਭਾਜਪਾ ਵੱਲੋਂ ਲੋਕ ਸਭਾ ਚੋਣਾਂ ਲਈ ਜਾਰੀ ਚੋਣ ਮੈਨੀਫੈਸਟੋ ਨੂੰ ‘ਜੁਮਲਾ ਪੱਤਰ’ ਕਰਾਰ ਦਿੱਤਾ ਹੈ ਜੋ ਸ਼ਬਦ ਜਾਲ ਨਾਲ ਭਰਿਆ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਾਰੰਟੀ ‘‘ਜੁਮਲਿਆਂ ਦੀ ਵਾਰੰਟੀ’ ਹੈ ਕਿਉਂਕਿ ਉਹ ਆਪਣੇ ਪੁਰਾਣੇ ਵਾਅਦਿਆਂ ਨੂੰ ਪੁਗਾਉਣ ਵਿਚ ਨਾਕਾਮ ਰਹੇ ਹਨ। ਪਾਰਟੀ ਨੇ ਦੋਸ਼ ਲਾਇਆ ਕਿ ਮੋਦੀ ਨੌਕਰੀਆਂ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਤੇ ਮਹਿੰਗਾਈ ਦੇ ਟਾਕਰੇ ਨੂੰ ਲੈ ਕੇ ਆਪਣੇ ਪੁਰਾਣੇ ਵਾਅਦਿਆਂ ’ਤੇ ਖਰੇ ਨਹੀਂ ਉੱਤਰੇ ਅਤੇ ਹੁਣ 2047 ਦੀਆਂ ਗੱਲਾਂ ਕਰਕੇ ਪਾਲਾਂ ਬਦਲ ਰਹੇ ਹਨ। ਕਾਂਗਰਸ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੈਨੀਫੈਸਟੋ ‘ਮੁਆਫ਼ੀਨਾਮਾ’ ਦਾ ਨਾਮ ਦਿੱਤਾ ਜਾਣਾ ਚਾਹੀਦਾ ਸੀ ਤੇ ਮੋਦੀ ਨੂੰ ਪਿਛਲੇ ਦਸ ਸਾਲਾਂ ਵਿਚ ਕੀਤੇ ਵਾਅਦੇ ਪੂਰੇ ਨਾ ਕਰਨ ਲਈ ਕਿਸਾਨਾਂ, ਨੌਜਵਾਨਾਂ, ਗਰੀਬ ਲੋਕਾਂ ਤੇ ਦਲਿਤਾਂ ਤੋਂ ਮੁਆਫ਼ੀ ਮੰਗਣੀ  ਚਾਹੀਦੀ ਹੈ। ਖੜਗੇ ਨੇ ਦੋਸ਼ ਲਾਇਆ ਕਿ ਮੋਦੀ ਨੇ ਆਪਣੇ ਕਾਰਜਕਾਲ ਦੌਰਾਨ ਅਜਿਹਾ ਕੋਈ ਵੱਡਾ ਕੰਮ ਨਹੀਂ ਕੀਤਾ, ਜਿਸ ਦਾ ਦੇਸ਼ ਦੇ ਲੋਕਾਂ ਨੂੰ ਲਾਭ ਹੋਵੇ। ਉਨ੍ਹਾਂ ਕਿਹਾ ਕਿ ਨੌਜਵਾਨ ਨੌਕਰੀਆਂ ਮੰਗ ਕਰ ਰਹੇ ਹਨ ਤੇ ਖੁਰਾਕੀ ਵਸਤਾਂ ਦੀਆਂ ਕੀਮਤਾਂ ਅਸਮਾਨੀ ਪੁੱਜੀਆਂ ਹੋਈਆਂ ਹਨ, ਪਰ ਭਾਜਪਾ ਦੇ ਮੈਨੀਫੈਸਟੋ ਵਿਚ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਕੋਈ ਜ਼ਿਕਰ ਨਹੀਂ ਹੈ। ਉਨ੍ਹਾਂ ਐੱਕਸ ’ਤੇ ਇਕ ਪੋਸਟ ਵਿਚ ਪ੍ਰਧਾਨ ਮੰਤਰੀ ਨੂੰ 14 ਸਵਾਲ ਪੁੱਛਦਿਆਂ ਕਿਹਾ, ‘‘ਪੁਰਾਣੀਆਂ ਗਾਰੰਟੀਆਂ ਬਾਰੇ ਕੋਈ ਜਵਾਬਦੇਹੀ ਨਹੀਂ, ਸਿਰਫ਼ ਸ਼ਬਦਾਂ ਦੀ ਹੇਰਾਫੇਰੀ! ਮੋਦੀ ਕੀ ਗਾਰੰਟੀ ‘ਜੁਮਲਿਆਂ ਦੀ ਵਾਰੰਟੀ’ ਹੈ।’’ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ, ‘‘ਭਾਜਪਾ ਦੇ ਮੈਨੀਫੈਸਟੋ ਤੇ ਨਰਿੰਦਰ ਮੋਦੀ ਦੇ ਭਾਸ਼ਣ ਵਿਚੋਂ ਦੋ ਸ਼ਬਦ- ਮਹਿੰਗਾਈ ਤੇ ਬੇਰੁਜ਼ਗਾਰੀ- ਗਾਇਬ ਸਨ।’’ ਗਾਂਧੀ ਨੇ ਐੱਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਇੰਡੀਆ ਦੀ ਯੋਜਨਾ ਬਿਲਕੁਲ ਸਪਸ਼ਟ ਹੈ...30 ਲੱਖ ਪੋਸਟਾਂ ’ਤੇ ਭਰਤੀ ਤੇ ਹਰੇਕ ਪੜ੍ਹੇ ਲਿਖੇ ਨੌਜਵਾਨ ਲਈ ਇਕ ਲੱਖ ਰੁਪਏ ਦੀ ਸਥਾਈ ਨੌਕਰੀ। ਐਤਕੀਂ ਨੌਜਵਾਨ ਮੋਦੀ ਦੇ ਜਾਲ ਵਿਚ ਨਹੀਂ ਫਸਣਗੇ। ਉਹ ਕਾਂਗਰਸ ਦੇ ਹੱਥ ਮਜ਼ਬੂਤ ਕਰਨਗੇ ਤੇ ਦੇਸ਼ ਵਿਚ ‘ਰੁਜ਼ਗਾਰ ਕ੍ਰਾਂਤੀ’ ਲਿਆਉਣਗੇ।’’
ਕਾਂਗਰਸ ਤਰਜਮਾਨ ਪਵਨ ਖੇੜਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2014 ਲੋਕ ਸਭਾ ਚੋਣਾਂ ਦੇ ਮੈਨੀਫੈਸਟੋ ਵਿਚ ਮੋਦੀ ਨੇ ਵਿਸ਼ੇਸ਼ ਟਾਸਕ ਫੋਰਸ ਦੇ ਗਠਨ ਨਾਲ ਕਾਲਾ ਧਨ ਵਾਪਸ ਲਿਆਉਣ ਦਾ ਵਾਅਦਾ ਕੀਤਾ ਸੀ, ਪਰ ਇਸ ਦੀ ਥਾਂ ਚੋਣ ਬਾਂਡ ਲਿਆਂਦੇ ਗਏ। ਉਨ੍ਹਾਂ ਕਿਹਾ ਕਿ ਭਾਜਪਾ ਨੇ ਉੱਤਰ-ਪੂਰਬ ਵਿਚ ਅਮਨ ਤੇ ਕਾਨੂੰਨ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਸੀ ਪਰ ਮਨੀਪੁਰ ਵਿਚ ਹਿੰਸਾ ਜਾਰੀ ਹੈ ਤੇ ਮੋਦੀ ਇਸ ਬਾਰੇ ਖਾਮੋਸ਼ ਹਨ। ਰਾਮ ਮੰਦਰ ਮੁੱਦੇ ਦੀ ਗੱਲ ਕਰਦਿਆਂ ਖੇੜਾ ਨੇ ਕਿਹਾ, ‘‘ਰਾਮ ਸਿਆਸਤ ਨਾਲ ਨਹੀਂ ਬਲਕਿ ਆਸਥਾ ਨਾਲ ਜੁੜਿਆ ਮਸਲਾ ਹੈ। ਅਸੀਂ ਭਾਜਪਾ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦੇਵਾਂਗੇ ਕਿ ਉਹ ਰਾਮ ਨੂੰ ਸਿਆਸਤ ਵਿਚ ਘੜੀਸੇ।’’ ‘ਇਕ ਰਾਸ਼ਟਰ ਇਕ ਚੋਣ’ ਬਾਰੇ ਖੇੜਾ ਨੇ ਕਿਹਾ ਕਿ ਕੁਝ ਰਾਜਾਂ ਵਿਚ ਲੋਕ ਸਭਾ ਚੋਣਾਂ ਸੱਤ ਗੇੜਾਂ ਵਿਚ ਹੋ ਰਹੀਆਂ ਹਨ ਤੇ ਭਾਜਪਾ ਇਕ ਚੋਣ ਦੀ ਗੱਲ ਕਰਦੀ ਹੈ। ਉਨ੍ਹਾਂ ਕਿਹਾ, ‘‘ਮੋਦੀ ਨੂੰ ਨਾਅਰੇ ਦੇਣ ਦੀ ਆਦਤ ਹੈ। ਇਕ ਰਾਸ਼ਟਰ, ਇਕ ਗਲਤੀ ਤੇ ਇਹ ਨਰਿੰਦਰ ਮੋਦੀ ਹੈ।’’ ਉਨ੍ਹਾਂ ਕਿਹਾ ਕਿ ਮੋਦੀ ਨੇ ਵਿਸ਼ੇਸ਼ ਪੈਕੇਜ ਜ਼ਰੀਏ ਦੇਸ਼ ਦੇ 100 ਜ਼ਿਲ੍ਹਿਆਂ ਵਿਚੋਂ ਗਰੀਬੀ ਖ਼ਤਮ ਕਰਨ ਦਾ ਵਾਅਦਾ ਕੀਤਾ ਹੈ, ਪਰ ਭੁੱਖਮਰੀ ਇੰਡੈਕਸ ਦੇ ਅੰਕੜੇ ਕੁਝ ਹੋਰ ਹੀ ਸਚਾਈ ਬਿਆਨ ਕਰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨੇ 100 ਨਵੇਂ ਸਮਾਰਟ ਸ਼ਹਿਰ ਬਣਾਉਣ ਦਾ ਵਾਅਦਾ ਕੀਤਾ ਸੀ, ਜੋ ਕਦੇ ਨਹੀਂ ਬਣੇ ਅਤੇ ਇਸ ਦੀ ਥਾਂ ਚੀਨ ਵੱਲੋਂ ਸਰਹੱਦ ਦੇ ਨਾਲ ‘ਸਮਾਰਟ ਪਿੰਡ’ ਜ਼ਰੂਰ ਉਸਾਰੇ ਜਾ ਰਹੇ ਹਨ। ਖੇੜਾ ਨੇ ਕਿਹਾ ਕਿ ਲੋਕ ਮੋਦੀ ਦੇ ਵਾਅਦਿਆਂ ਤੋਂ ਤੰਗ ਆ ਚੁੱਕੇ ਹਨ। ਕਾਂਗਰਸ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਕਿਹਾ, ‘‘ਇਹ ਮੈਨੀਫੈਸਟੋ ਨਹੀਂ, ਜੁਮਲਾ ਪੱਤਰ ਹੈ।’’ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਭਾਜਪਾ ਦਾ ‘ਸੰਕਲਪ ਪੱਤਰ’ ਮਹਿਜ਼ ‘ਪਾਖੰਡ’ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮਾਈਕਰੋ ਬਲੌਗਿੰਗ ਪਲੈਟਫਾਰਮ ’ਤੇ ਕਿਹਾ, ‘‘ਭਾਜਪਾ ਦਾ ਮੈਨੀਫੈਸਟੋ 76 ਸਫ਼ਿਆਂ ਦਾ ਹੈ। ਇਸ ਵਿਚ 53 ਤਸਵੀਰਾਂ ਕੈਮਰਾਜੀਵੀ ਦੀਆਂ ਹਨ। ਇਹ ਉਸ ਵਿਅਕਤੀ ਲਈ ਵਿਦਾਇਗੀ ਯਾਦਗਾਰ ਹੈ, ਜਿਸ ਨੇ ਪਿਛਲੇ ਦਸ ਸਾਲਾਂ ’ਚ ਵਿਗਾੜਿਆ, ਨੁਕਸਾਨਿਆ, ਇਨਕਾਰ ਕੀਤਾ, ਮੋੜਿਆ, ਬਦਨਾਮ ਕੀਤਾ ਅਤੇ ਨਿਰਾਦਰ ਕੀਤਾ ਹੈ।’’ -ਪੀਟੀਆਈ 

Advertisement

Advertisement