ਭਾਜਪਾ ਯੁਵਾ ਮੋਰਚਾ ਵੱਲੋਂ ਦਿੱਲੀ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਸਤੰਬਰ
ਦਿੱਲੀ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਸਾਗਰ ਤਿਆਗੀ ਦੀ ਅਗਵਾਈ ਹੇਠ ਕਨਾਟ ਪਲੇਸ ਵਿੱਚ ਦਿੱਲੀ ਸਰਕਾਰ ਦੇ ਭ੍ਰਿਸ਼ਟਾਚਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨੀ ਵੀ ਲਗਾਈ ਗਈ। ਧਰਨੇ ਅਤੇ ਪੋਲ ਖੋਲ੍ਹ ਪ੍ਰਦਰਸ਼ਨੀ ਨੂੰ ਪ੍ਰਦੇਸ਼ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ, ਸੰਸਦ ਮੈਂਬਰ ਰਾਮਵੀਰ ਸਿੰਘ ਬਿਧੂੜੀ, ਵਿਜੇਂਦਰ ਗੁਪਤਾ, ਵਿਧਾਇਕ ਰਾਜ ਕੁਮਾਰ ਆਨੰਦ ਆਦਿ ਨੇ ਸੰਬੋਧਨ ਕੀਤਾ। ਇਸ ਦੌਰਾਨ ਸ੍ਰੀ ਸਚਦੇਵਾ ਨੇ ਕਿਹਾ ਕਿ ਕੇਜਰੀਵਾਲ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅਸਤੀਫ਼ਾ ਦੇਣ ਨਾਲ ਮਾਮਲਾ ਖਤਮ ਹੋ ਜਾਵੇਗਾ, ਉਨ੍ਹਾਂ ਨੂੰ ਦਸ ਸਾਲਾਂ ਦੇ ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਦਾ ਜਵਾਬ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਝੂਠ ਦੀ ਦੁਕਾਨ ਹੈ ਅਤੇ ਦਿੱਲੀ ਦੇ ਲੋਕਾਂ ਨੂੰ 10 ਸਾਲਾਂ ਦਾ ਹਿਸਾਬ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਇਹ 10 ਸਾਲ ਕੌਮੀ ਰਾਜਧਾਨੀ ਦਿੱਲੀ ਨੂੰ 50 ਸਾਲ ਪਿੱਛੇ ਲੈ ਗਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦਾ ਫਲਾਪ ਸ਼ੋਅ ਅੱਜ ਵੀ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਆਤਿਸ਼ੀ ਵੀ ਫਲਾਪ ਮੁੱਖ ਮੰਤਰੀ ਸਾਬਿਤ ਹੋਣਗੇ।
ਧਰਨੇ ਦੌਰਾਨ ਰਾਮਵੀਰ ਸਿੰਘ ਬਿਧੂੜੀ ਨੇ ਦੱਸਿਆ ਕਿ ਨਵੇਂ ਮਕਾਨ ’ਤੇ 189 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਮੌਕੇ ਯੋਗਿੰਦਰ ਚੰਦੋਲੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਆਮ ਆਦਮੀ ਨਹੀਂ ਹੈ ਸਗੋਂ ਉਹ ਇੱਕ ਖਾਸ ਆਦਮੀ ਹੈ। ਅੱਜ ਦਿੱਲੀ ਵਿੱਚ ਨਾ ਤਾਂ ਸੀਵਰੇਜ ਲਾਈਨ ਵਿਛਾਈ ਜਾ ਰਹੀ ਹੈ ਅਤੇ ਨਾ ਹੀ ਨਾਲਿਆਂ ਦੀ ਸਫ਼ਾਈ ਹੋ ਰਹੀ ਹੈ। ਵਿਧਾਇਕ ਰਾਜਕੁਮਾਰ ਆਨੰਦ ਨੇ ਕਿਹਾ ਕਿ ਉਨ੍ਹਾਂ ਅਰਵਿੰਦ ਕੇਜਰੀਵਾਲ ਨਾਲ 9 ਸਾਲ ਤੋਂ ਵੱਧ ਸਮਾਂ ਕੰਮ ਕੀਤਾ ਪਰ ਹਮੇਸ਼ਾ ਇਹ ਦਰਦ ਰਿਹਾ ਕਿ ਉਹ ਦਲਿਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝੇ ਰੱਖਦੇ ਰਹੇ ਹਨ। ਇਸ ਮੌਕੇ ਭਾਜਪਾ ਵਰਕਰਾਂ ਵੱਲੋਂ ਕੇਜਰੀਵਾਲ ਅਤੇ ਦਿੱਲੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।