ਭਾਜਪਾ ‘ਸ਼ਕਤੀ’ ਦੀ ਨਹੀਂ ‘ਸੱਤਾ’ ਦੀ ਕਰਦੀ ਹੈ ਪੂਜਾ: ਪ੍ਰਿਯੰਕਾ
ਸਹਾਰਨਪੁਰ, 17 ਅਪਰੈਲ
ਭਾਜਪਾ ’ਤੇ ਵਰ੍ਹਦਿਆਂ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਹੁਕਮਰਾਨ ਧਿਰ ‘ਸੱਚ’ ਜਾਂ ‘ਮਾਂ ਸ਼ਕਤੀ’ ਦੀ ਨਹੀਂ ਸਗੋਂ ‘ਸੱਤਾ’ ਦੀ ਪੂਜਾ ਕਰਦੀ ਹੈ। ਉੱਤਰ ਪ੍ਰਦੇਸ਼ ਦੇ ਸਹਾਰਨਪੁਰ ’ਚ ਇਮਰਾਨ ਮਸੂਦ ਦੇ ਪੱਖ ’ਚ ਰੋਡ ਸ਼ੋਅ ਉਪਰੰਤ ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਈਵੀਐੱਮ ’ਚ ਕੋਈ ਗੜਬੜੀ ਨਾ ਹੋਈ ਤਾਂ ਭਾਜਪਾ 180 ਤੋਂ ਵਧ ਸੀਟਾਂ ਨਹੀਂ ਜਿੱਤ ਸਕੇਗੀ। ਉਨ੍ਹਾਂ ਚੋਣ ਬਾਂਡਾਂ ਦੇ ਮੁੱਦੇ ’ਤੇ ਵੀ ਹੁਕਮਰਾਨ ਧਿਰ ਨੂੰ ਘੇਰਿਆ। ਮੁਸਲਮਾਨਾਂ ਦੀ ਵੱਡੀ ਆਬਾਦੀ ਵਾਲੇ ਇਲਾਕਿਆਂ ’ਚ ਰੋਡ ਸ਼ੋਅ ਕਰੀਬ ਦੋ ਕਿਲੋਮੀਟਰ ਲੰਬਾ ਸੀ। ਵੱਡੀ ਗਿਣਤੀ ਅਵਾਮ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਅਪੀਲ ਕੀਤੀ ਕਿ ਉਹ ਮਸੂਦ ਨੂੰ ਭਾਰੀ ਵੋਟਾਂ ਨਾਲ ਜਿਤਾਉਣ। ‘ਸੱਤਾ ’ਤੇ ਕਾਬਜ਼ ਲੋਕ ਸੱਚ ਜਾਂ ਮਾਂ ਸ਼ਕਤੀ ਦੀ ਨਹੀਂ ਸਗੋਂ ਸੱਤਾ ਦੀ ਪੂਜਾ ਕਰਦੇ ਹਨ। ਸੱਤਾ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਉਹ ਸਰਕਾਰਾਂ ਡੇਗ ਸਕਦੇ ਹਨ, ਵਿਧਾਇਕਾਂ ਨੂੰ ਖ਼ਰੀਦ ਸਕਦੇ ਹਨ ਅਤੇ ਦੇਸ਼ ਦੀ ਸੰਪਤੀ ਅਮੀਰਾਂ ਨੂੰ ਸੌਂਪ ਸਕਦੇ ਹਨ।’ ਪ੍ਰਿਯੰਕਾ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਭਾਜਪਾ ਰਾਹੁਲ ਗਾਂਧੀ ਦੇ ‘ਸ਼ਕਤੀ ਖ਼ਿਲਾਫ਼ ਜੰਗ’ ਵਾਲੇ ਬਿਆਨ ’ਤੇ ਉਸ ਨੂੰ ਘੇਰ ਰਹੀ ਹੈ ਅਤੇ ਵਿਰੋਧੀ ਧਿਰ ’ਤੇ ਦੋਸ਼ ਲਾ ਰਹੀ ਹੈ ਕਿ ਉਹ ਹਿੰਦੂ ਦੇਵਤਿਆਂ ਦਾ ਅਪਮਾਨ ਕਰ ਰਹੀ ਹੈ। ਕਾਂਗਰਸ ਜਨਰਲ ਸਕੱਤਰ ਨੇ ਕਿਹਾ,‘‘ਜੇ ਚੋਣ ਬਾਂਡ ਪਰਦਰਸ਼ੀ ਹਨ ਤਾਂ ਪਹਿਲਾਂ ਲੋਕਾਂ ਨੂੰ ਸੂਚੀ ਕਿਉਂ ਨਹੀਂ ਦਿੱਤੀ ਗਈ? ਜਦੋਂ ਸੁਪਰੀਮ ਕੋਰਟ ਨੇ ਦਖ਼ਲ ਦਿੱਤਾ ਤਾਂ ਸੂਚੀ ਬਾਹਰ ਆਈ। ਜਿਹੜੀ ਕੰਪਨੀ ਨੂੰ 180 ਕਰੋੜ ਰੁਪਏ ਮੁਨਾਫ਼ਾ ਹੋ ਰਿਹਾ ਸੀ ਉਸ ਨੇ ਭਾਜਪਾ ਨੂੰ 1100 ਕਰੋੜ ਰੁਪਏ ਦਾਨ ਦਿੱਤੇ। ਕਾਲੇ ਧਨ ਨੂੰ ਚੋਣ ਬਾਂਡਾਂ ਰਾਹੀਂ ਸਫ਼ੈਦ ਬਣਾਇਆ ਗਿਆ ਸੀ।’’ ਉਨ੍ਹਾਂ ਕਿਹਾ ਕਿ ਇਸ ਨਾਲ ਮੋਦੀ ਦੇ ਭ੍ਰਿਸ਼ਟਾਚਾਰ ਦਾ ਪਰਦਾਫ਼ਾਸ਼ ਹੋ ਗਿਆ ਹੈ। ਪ੍ਰਿਯੰਕਾ ਦੇ ਭਾਸ਼ਨ ਦੌਰਾਨ ਨੇੜਲੀ ਮਸਜਿਦ ’ਚੋਂ ‘ਅਜ਼ਾਨ’ ਸੁਣੇ ਜਾਣ ਕਾਰਨ ਉਨ੍ਹਾਂ ਆਪਣਾ ਭਾਸ਼ਨ ਕੁਝ ਦੇਰ ਲਈ ਰੋਕ ਦਿੱਤਾ ਸੀ। ਇਸ ਮੌਕੇ ਉਨ੍ਹਾਂ ਰਾਮਨੌਮੀ ਦਾ ਜ਼ਿਕਰ ਵੀ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰਚਾਰ ਦਾ ਸਮਾਂ ਖ਼ਤਮ ਹੋਣ ਕਾਰਨ ਰੋਡ ਸ਼ੋਅ ਅੱਗੇ ਵਧਣ ਤੋਂ ਰੋਕ ਦਿੱਤਾ ਜਿਸ ਕਾਰਨ ਉਹ ਕਾਂਗਰਸ ਕਮੇਟੀ ਦੇ ਦਫ਼ਤਰ ਨਾ ਪਹੁੰਚ ਸਕੀ। ਰੋਡ ਸ਼ੋਅ ਮੌਕੇ ਸਪਾ ਵਰਕਰ ਵੀ ਮੌਜੂਦ ਸਨ। -ਪੀਟੀਆਈ