ਜਗਾਧਰੀ ਪਹੁੰਚਣ ’ਤੇ ਭਾਜਪਾ ਵਰਕਰਾਂ ਵੱਲੋਂ ਸੂਬਾ ਪ੍ਰਧਾਨ ਦਾ ਸਵਾਗਤ
ਪੱਤਰ ਪ੍ਰੇਰਕ
ਯਮੁਨਾਨਗਰ, 31 ਜੁਲਾਈ
ਭਾਜਪਾ ਦੇ ਸੂਬਾ ਪ੍ਰਧਾਨ ਪੰਡਿਤ ਮੋਹਨ ਲਾਲ ਕੌਸ਼ਿਕ ਨੇ ਦਾਅਵਾ ਕੀਤਾ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਲੋਕ ਕਾਂਗਰਸ ਦਾ ਸਫਾਇਆ ਕਰ ਦੇਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਿਰਫ ਝੂਠ ਅਤੇ ਫਰੇਬ ਦੀ ਰਾਜਨੀਤੀ ਦੇ ਸਹਾਰੇ ਸੱਤਾ ’ਤੇ ਕਾਬਜ਼ ਹੋਣ ਦੇ ਸੁਪਨੇ ਦੇਖ ਰਹੀ ਹੈ, ਜਿਸ ਨੂੰ ਲੋਕ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ। ਮੋਹਨ ਲਾਲ ਬਡੋਲੀ ਅੱਜ ਯਮੁਨਾਨਗਰ-ਜਗਾਧਰੀ ਵਿੱਚ ਉਨ੍ਹਾਂ ਦੇ ਸਨਮਾਨ ’ਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇੱਥੇ ਪੁੱਜਣ ’ਤੇ ਨਵ-ਨਿਯੁਕਤ ਸੂਬਾ ਪ੍ਰਧਾਨ ਮੋਹਨ ਲਾਲ ਬਰੌਲੀ ਦਾ ਖੇਤੀਬਾੜੀ ਮੰਤਰੀ ਕੰਵਰ ਪਾਲ, ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ ਅਤੇ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਸਣੇ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਨੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਵਫ਼ਾਦਾਰ ਵਰਕਰਾਂ ਅਤੇ ਜਨਤਾ ਦੇ ਸਹਿਯੋਗ ਨਾਲ ਹਰਿਆਣਾ ਵਿੱਚ ਮੁੱਖ ਮੰਤਰੀ ਨਾਇਬ ਸੈਣੀ ਦੀ ਅਗਵਾਈ ਵਿੱਚ ਤੀਜੀ ਵਾਰ ਪੂਰਨ ਬਹੁਮਤ ਵਾਲੀ ਭਾਜਪਾ ਸਰਕਾਰ ਬਣੇਗੀ। ਕੇਂਦਰ ਅਤੇ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਸੂਬਾ ਪ੍ਰਧਾਨ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਭਾਜਪਾ ਸਰਕਾਰ ਨੇ ਗਰੀਬ ਵਿਅਕਤੀ ਦਾ ਮਾਣ-ਸਨਮਾਨ ਉੱਚਾ ਚੁੱਕਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ’ਤੇ ਨੌਕਰੀਆਂ ਮਿਲ ਰਹੀਆਂ ਹਨ।
ਖੇਤੀਬਾੜੀ ਮੰਤਰੀ ਕੰਵਰ ਪਾਲ ਨੇ ਕਿਹਾ ਕਿ ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ ਜਿਸ ਵਿੱਚ ਇੱਕ ਆਮ ਵਰਕਰ ਉੱਚੇ ਅਹੁਦੇ ਤੱਕ ਪਹੁੰਚ ਸਕਦਾ ਹੈ। ਸਾਬਕਾ ਮੰਤਰੀ ਅਤੇ ਸੂਬਾ ਜਨਰਲ ਸਕੱਤਰ ਕ੍ਰਿਸ਼ਨ ਬੇਦੀ ਨੇ ਕਿਹਾ ਕਿ ਭਾਜਪਾ ਸੰਗਠਨ ਮਜ਼ਬੂਤੀ ਨਾਲ ਕੰਮ ਕਰ ਰਿਹਾ ਹੈ।
ਐੱਨਐੱਚਐੱਮ ਵਰਕਰਾਂ ਨੇ ਭਾਜਪਾ ਦੇ ਸੂਬਾ ਪ੍ਰਧਾਨ ਦਾ ਪੁਤਲਾ ਫੂਕਿਆ
ਯਮੁਨਾਨਗਰ (ਪੱਤਰ ਪ੍ਰੇਰਕ): ਹੜਤਾਲ ’ਤੇ ਬੈਠੇ ਐੱਨਐੱਚਐੱਮ ਦੇ ਕਰਮਚਾਰੀ ਜਲੂਸ ਦੇ ਰੂਪ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਦਾ ਪੁਤਲਾ ਲੈ ਕੇ ਅਗਰਸੇਨ ਚੌਕ ਪਹੁੰਚੇ ਅਤੇ ਸਰਕਾਰ ਵਿਰੋਧੀ ਨਾਅਰੇ ਲਗਾਉਂਦੇ ਹੋਏ ਪੁਤਲਾ ਫੂਕਿਆ। ਜ਼ਿਲ੍ਹਾ ਹਸਪਤਾਲ ਵਿੱਚ ਚੱਲ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਐੱਨਐੱਚਐੱਮ ਮੁਲਾਜ਼ਮ ਆਗੂ ਅਮਿਤ ਗੁੱਜਰ ਨੇ ਕਿਹਾ ਕਿ ਸੂਬਾ ਸਰਕਾਰ ਹੰਕਾਰੀ ਹੋ ਚੁੱਕੀ ਹੈ, ਜੋ ਉਨ੍ਹਾਂ ਦੀਆਂ ਹੱਕੀ ਮੰਗਾਂ ਵੀ ਮੰਨਣ ਲਈ ਤਿਆਰ ਨਹੀਂ ਹੈ। ਗੌਰਵ ਸ਼ਰਮਾ ਨੇ ਕਿਹਾ ਕਿ ਸਾਡੀਆਂ ਮੰਗਾਂ ਪੂਰੀਆਂ ਹੋਣ ਤੱਕ ਹੜਤਾਲ ਜਾਰੀ ਰਹੇਗੀ । ਅੱਜ ਦੀ ਹੜਤਾਲ ਵਿੱਚ 421 ਮੁਲਾਜ਼ਮਾਂ ਨੇ ਹਿੱਸਾ ਲਿਆ ਸੀ। ਕਰਮਚਾਰੀਆਂ ਨੇ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਜੋ ਕਿ ਜ਼ਿਲ੍ਹੇ ਵਿੱਚ ਵਰਕਰਾਂ ਨਾਲ ਚੋਣ ਚਰਚਾ ਕਰਨ ਲਈ ਆਏ ਸਨ, ਦਾ ਪੁਤਲਾ ਫੂਕ ਕੇ ਸੜਕ ’ਤੇ ਨਾਅਰੇਬਾਜ਼ੀ ਕੀਤੀ। ਸ੍ਰੀ ਗੁੱਜਰ ਨੇ ਕਿਹਾ ਕਿ ਸੂਬਾ ਪੱਧਰੀ ਜਥੇਬੰਦੀ ਦੇ ਅਗਲੇ ਹੁਕਮਾਂ ਅਨੁਸਾਰ ਹੜਤਾਲ ਜਾਰੀ ਰਹੇਗੀ।