ਭਾਜਪਾਈਆਂ ਵੱਲੋਂ ਕੇਜਰੀਵਾਲ ਖ਼ਿਲਾਫ਼ ਮੁਜ਼ਾਹਰਾ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 28 ਜਨਵਰੀ
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਹਰਿਆਣਾ ਦੀ ਭਾਜਪਾ ਸਰਕਾਰ ’ਤੇ ਯਮੁਨਾ ਦੇ ਪਾਣੀ ਨੂੰ ਜ਼ਹਿਰੀਲਾ ਬਣਾਉਣ ਦੇ ਦੋਸ਼ ਲਾਉਣ ਵਿਰੁੱਧ ਭਾਜਪਾਈਆਂ ਨੇ ਕੇਜਰੀਵਾਲ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀਤੀ।
ਭਾਜਪਾ ਦੇ ਕਾਰਕੁਨ ਤੇ ਆਗੂ ਅੱਜ ਸਿਰਸਾ ਸ਼ਹਿਰ ਦੇ ਸੁਭਾਸ਼ ਚੌਕ ’ਤੇ ਇਕਠੇ ਹੋਏ ਤੇ ਅਰਵਿੰਦ ਕੇਜਰੀਵਾਲ ਦਾ ਪੁਤਲਾ ਸਾੜਿਆ। ਭਾਜਪਾ ਆਗੂਆਂ ਨੇ ਕਿਹਾ ਕਿ ਕੇਜਰੀਵਾਲ ਨੇ ਇਹ ਕਹਿ ਕੇ ਗਲਤ ਟਿੱਪਣੀ ਕੀਤੀ ਕਿ ਦਿੱਲੀ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਮਿਲਦਾ ਹੈ। ਹਰਿਆਣਾ ਤੋਂ ਪਾਣੀ ਯਮੁਨਾ ਰਾਹੀਂ ਦਿੱਲੀ ਆਉਂਦਾ ਹੈ। ਭਾਜਪਾ ਦੀ ਹਰਿਆਣਾ ਸਰਕਾਰ ਨੇ ਯਮੁਨਾ ਦੇ ਪਾਣੀ ਨੂੰ ਜ਼ਹਿਰੀਲਾ ਬਣਾ ਦਿੱਤਾ ਹੈ। ਇਸ ਨੂੰ ਲੈ ਕੇ ਪੂਰੇ ਸੂਬੇ ਵਿੱਚ ਗੁੱਸਾ ਹੈ। ਹਰਿਆਣਾ ਦੇ ਲੋਕ ਇਸ ਲਈ ਕੇਜਰੀਵਾਲ ਨੂੰ ਮੁਆਫ਼ ਨਹੀਂ ਕਰਨਗੇ। ਭਾਜਪਾ ਆਗੂਆਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ ਕਿਉਂਕਿ ਉਹ ਦਿੱਲੀ ਵਿੱਚ ਹਾਰ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ ਹਨ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਸ਼ੀਸ਼ਪਾਲ ਕੰਬੋਜ, ਜਗਦੀਸ਼ ਚੋਪੜਾ, ਯਤਿੰਦਰ ਸਿੰਘ ਐਡਵੋਕੇਟ, ਮਨੀਸ਼ ਸਿੰਗਲਾ, ਸੁਨੀਲ ਬਾਮਣੀਆ, ਸ਼ਿਆਮ ਬਜਾਜ, ਅਜੇ ਸ਼ੇਰਪੁਰ ਸਮੇਤ ਕਈ ਭਾਜਪਾ ਆਗੂ ਅਤੇ ਵਰਕਰ ਮੌਜੂਦ ਸਨ।