ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਜਪਾ ਨੂੰ ਸਿਰਫ਼ 150 ਸੀਟਾਂ ਹੀ ਮਿਲਣਗੀਆਂ: ਰਾਹੁਲ

06:53 AM Apr 18, 2024 IST
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਤੇ ਅਖਿਲੇਸ਼ ਯਾਦਵ। -ਫੋਟੋ: ਮਾਨਸ ਰੰਜਨ ਭੂਈ

* ਕਾਂਗਰਸ ਆਗੂ ਨੇ ਅਖਿਲੇਸ਼ ਨਾਲ ਰਲ ਕੇ ਕੀਤੀ ਪ੍ਰੈੱਸ ਕਾਨਫਰੰਸ

Advertisement

ਗਾਜ਼ੀਆਬਾਦ, 17 ਅਪਰੈਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਚੋਣ ਬਾਂਡ ਦੁਨੀਆ ਦੀ ਸਭ ਤੋਂ ਵੱਡੀ ਵਸੂਲੀ ਯੋਜਨਾ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭ੍ਰਿਸ਼ਟਾਚਾਰ ਦੇ ਚੈਂਪੀਅਨ ਹਨ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸਾਬਕਾ ਮੁਖੀ ਨੇ ਕਿਹਾ ਕਿ ਵਿਰੋਧੀ ਧਿਰ ‘ਇੰਡੀਆ’ ਗੱਠਜੋੜ ਦੇ ਪੱਖ ’ਚ ਮਜ਼ਬੂਤ ਅਦ੍ਰਿਸ਼ ਹਨੇਰੀ ਚੱਲ ਰਹੀ ਹੈ ਅਤੇ ਭਾਜਪਾ ਸਿਰਫ਼ 150 ਸੀਟਾਂ ਤੱਕ ਸੀਮਤ ਰਹਿ ਜਾਵੇਗੀ। ਰਾਹੁਲ ਨੇ ਕਿਹਾ,‘‘ਇਹ ਚੋਣਾਂ ਵਿਚਾਰਧਾਰਾ ਦੀ ਜੰਗ ਵੀ ਹੈ। ਇਕ ਪਾਸੇ ਆਰਐੱਸਐੱਸ ਅਤੇ ਭਾਜਪਾ ਹਨ ਜੋ ਸੰਵਿਧਾਨ ਤੇ ਲੋਕਤੰਤਰੀ ਪ੍ਰਣਾਲੀ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਦੂਜੇ ਪਾਸੇ ਇੰਡੀਆ ਬਲਾਕ ਉਸ ਦੀ ਰਾਖੀ ਅਤੇ ਬਚਾਅ ਲਈ ਜੂਝ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ’ਚ ਕੁਝ ਵੱਡੇ ਮੁੱਦੇ ਬੇਰੁਜ਼ਗਾਰੀ ਅਤੇ ਮਹਿੰਗਾਈ ਆਦਿ ਹਨ ਪਰ ਭਾਜਪਾ ਇਨ੍ਹਾਂ ਤੋਂ ਲੋਕਾਂ ਦਾ ਧਿਆਨ ਵੰਡਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ‘ਪ੍ਰਧਾਨ ਮੰਤਰੀ ਕਦੇ ਸਮੁੰਦਰ ਦੇ ਪਾਣੀ ਹੇਠਾਂ ਚਲੇ ਜਾਂਦੇ ਹਨ ਅਤੇ ਕਦੇ ਉਹ ਸਮੁੰਦਰੀ ਜਹਾਜ਼ ’ਤੇ ਸਵਾਰ ਹੋ ਜਾਂਦੇ ਹਨ ਪਰ ਉਹ ਮੁੱਦਿਆਂ ਬਾਰੇ ਕੁਝ ਨਹੀਂ ਬੋਲਦੇ ਹਨ।’ ਮੋਦੀ ਦੀ ਹਾਲੀਆ ਇੰਟਰਵਿਊ ਦਾ ਜ਼ਿਕਰ ਕਰਦਿਆਂ ਰਾਹੁਲ ਨੇ ਕਿਹਾ ਕਿ ਇਹ ਪਹਿਲਾਂ ਤੋਂ ਲਿਖੀ ਹੋਈ ਸਕ੍ਰਿਪਟ ਅਤੇ ਫਲਾਪ ਸ਼ੋਅ ਸੀ ਕਿਉਂਕਿ ਪ੍ਰਧਾਨ ਮੰਤਰੀ ਚੋਣ ਬਾਂਡਾਂ ਬਾਰੇ ਸਫ਼ਾਈ ਦੇ ਰਹੇ ਸਨ। ‘ਪ੍ਰਧਾਨ ਮੰਤਰੀ ਨੇ ਕਿਹਾ ਕਿ ਚੋਣ ਬਾਂਡ ਸਿਆਸਤ ਨੂੰ ਸਾਫ਼-ਸੁਥਰਾ ਅਤੇ ਪਾਰਦਰਸ਼ਤਾ ਲਈ ਲਿਆਂਦੇ ਗਏ ਸਨ ਪਰ ਜੇਕਰ ਇੰਜ ਸੀ ਤਾਂ ਫਿਰ ਸੁਪਰੀਮ ਕੋਰਟ ਨੇ ਇਸ ’ਤੇ ਰੋਕ ਕਿਉਂ ਲਾਈ ਹੈ। ਜੇਕਰ ਤੁਸੀਂ ਪਾਰਦਰਸ਼ਤਾ ਹੀ ਲਿਆਉਣੀ ਚਾਹੁੰਦੇ ਸੀ ਤਾਂ ਫਿਰ ਭਾਜਪਾ ਨੂੰ ਹਜ਼ਾਰਾਂ ਕਰੋੜ ਰੁਪਏ ਦਾਨ ਕਰਨ ਵਾਲਿਆਂ ਦੇ ਨਾਮ ਕਿਉਂ ਛੁਪਾਏ ਗਏ।’ ਉਨ੍ਹਾਂ ਦੋਸ਼ ਲਾਇਆ ਕਿ ਇਕ ਕੰਪਨੀ ਨੂੰ ਹਜ਼ਾਰਾਂ ਰੁਪਏ ਦਾ ਠੇਕਾ ਮਿਲਿਆ ਅਤੇ ਕੁਝ ਦਿਨਾਂ ਮਗਰੋਂ ਹੀ ਕੰਪਨੀ ਨੇ ਭਾਜਪਾ ਨੂੰ ਦਾਨ ਦੇ ਦਿੱਤਾ। ਇਸੇ ਤਰ੍ਹਾਂ ਇਕ ਕੰਪਨੀ ਦੀ ਸੀਬੀਆਈ ਜਾਂ ਈਡੀ ਦੀ ਜਾਂਚ ਚੱਲ ਰਹੀ ਸੀ ਅਤੇ 10-15 ਦਿਨਾਂ ਮਗਰੋਂ ਕੰਪਨੀ ਨੇ ਭਾਜਪਾ ਨੂੰ ਦਾਨ ਦੇ ਦਿੱਤਾ ਤਾਂ ਉਸ ਖ਼ਿਲਾਫ਼ ਜਾਂਚ ਖ਼ਤਮ ਹੋ ਗਈ। ਕਾਂਗਰਸ ਆਗੂ ਨੇ ਕਿਹਾ ਕਿ ਚੋਣ ਬਾਂਡ ਯੋਜਨਾ ਦੁਨੀਆ ਦੀ ਸਭ ਤੋਂ ਵੱਡੀ ਵਸੂਲੀ ਯੋਜਨਾ ਹੈ। ‘ਪ੍ਰਧਾਨ ਮੰਤਰੀ ਜਿੰਨੇ ਮਰਜ਼ੀ ਸਪੱਸ਼ਟੀਕਰਨ ਦਿੰਦੇ ਜਾਣ, ਇਸ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਕਿਉਂਕਿ ਪੂਰਾ ਮੁਲਕ ਜਾਣਦਾ ਹੈ ਕਿ ਪ੍ਰਧਾਨ ਮੰਤਰੀ ਭ੍ਰਿਸ਼ਟਾਚਾਰ ਦੇ ਚੈਂਪੀਅਨ ਹਨ।’ ਕਾਂਗਰਸ-ਸਮਾਜਵਾਦੀ ਪਾਰਟੀ ਗੱਠਜੋੜ ਵੱਲੋਂ ਕਿੰਨੀਆਂ ਸੀਟਾਂ ਜਿੱਤੀਆਂ ਜਾਣਗੀਆਂ, ਰਾਹੁਲ ਨੇ ਕਿਹਾ ਕਿ ਉਹ ਗਿਣਤੀ ਤਾਂ ਨਹੀਂ ਦੱਸ ਸਕਦੇ ਪਰ ਗੱਠਜੋੜ ਯੂਪੀ ’ਚ ਬਹੁਤ ਵਧੀਆ ਕਰੇਗਾ। ਸਮਾਜਵਾਦੀ ਪਾਰਟੀ ਸੁਪਰੀਮੋ ਅਖਿਲੇਸ਼ ਯਾਦਵ ਨੇ ਕਿਹਾ ਕਿ ਪੱਛਮੀ ਉੱਤਰ ਪ੍ਰਦੇਸ਼ ਤੋਂ ਬਦਲਾਅ ਦੀ ਹਨੇਰੀ ਚੱਲ ਰਹੀ ਹੈ ਅਤੇ ਇੰਡੀਆ ਗੱਠਜੋੜ ਗਾਜ਼ੀਆਬਾਦ ਤੋਂ ਗਾਜ਼ੀਪੁਰ ਤੱਕ ਹੂੰਝਾ ਫੇਰ ਜਿੱਤ ਹਾਸਲ ਕਰੇਗਾ। ਉਨ੍ਹਾਂ ਕਿਹਾ ਕਿ ਚੋਣ ਬਾਂਡਾਂ ਦੇ ਮੁੱਦੇ ’ਤੇ ਭਾਜਪਾ ਦੇ ਨੈਤਿਕਤਾ ਦਾ ਗੁੱਬਾਰਾ ਫਟ ਗਿਆ ਹੈ। ‘ਭਾਜਪਾ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਈ ਹੈ। ਉਹ ਨਾ ਸਿਰਫ਼ ਭ੍ਰਿਸ਼ਟਾਚਾਰੀਆਂ ਨੂੰ ਪਾਰਟੀ ’ਚ ਸ਼ਾਮਲ ਕਰ ਰਹੇ ਹਨ ਸਗੋਂ ਉਨ੍ਹਾਂ ਦੀ ਕਮਾਈ ਵੀ ਲੈ ਰਹੇ ਹਨ।’ ਉਨ੍ਹਾਂ ਕਿਹਾ ਕਿ ਝੂਠ ਅਤੇ ਲੁੱਟ ਭਾਜਪਾ ਦੀ ਪਛਾਣ ਬਣ ਗਈ ਹੈ। -ਪੀਟੀਆਈ

‘ਲੋਕ ਸਭਾ ਚੋਣ ਦੋ ਵਿਚਾਰਧਾਰਾਵਾਂ ਦੀ ਜੰਗ’

ਮਾਂਡਿਆ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਦੋ ਵਿਚਾਰਧਾਰਾਵਾਂ ਦੀ ਜੰਗ ਕਰਾਰ ਦਿੰਦਿਆਂ ਕਿਹਾ ਕਿ ਇਕ ਪਾਸੇ ‘ਇੰਡੀਆ’ ਗੱਠਜੋੜ ਸੰਵਿਧਾਨ ਲਈ ਲੜ ਰਿਹਾ ਹੈ ਤਾਂ ਦੂਜੇ ਪਾਸੇ ਭਾਜਪਾ ਸੰਵਿਧਾਨ ਅਤੇ ਲੋਕਤੰਤਰ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਪਾਰਟੀ ਦੇ ਚੋਣ ਮਨੋਰਥ ਪੱਤਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ‘ਇੰਡੀਆ’ ਗੱਠਜੋੜ ਸੱਤਾ ’ਚ ਆਇਆ ਤਾਂ ਉਹ ਆਮ ਨਾਗਰਿਕਾਂ, ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਦੀ ਸਰਕਾਰ ਹੋਵੇਗੀ। ਇਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ,‘‘ਭਾਜਪਾ ਸਰਕਾਰ ਸਿਰਫ਼ 22 ਤੋਂ 25 ਅਮੀਰ ਲੋਕਾਂ ਦੀ ਹੈ ਜਦਕਿ ਕਾਂਗਰਸ ਸਾਰੇ ਵਰਗਾਂ ਲਈ ਕੰਮ ਕਰਨ ਵਾਲੀ ਸਰਕਾਰ ਦੇਵੇਗੀ।’’ ਰਾਹੁਲ ਦਾ ਕਾਂਗਰਸ ਸ਼ਾਸਿਤ ਕਰਨਾਟਕ ’ਚ ਚੋਣਾਂ ਦੇ ਐਲਾਨ ਮਗਰੋਂ ਪਹਿਲਾ ਦੌਰਾ ਹੈ। ਮਾਂਡਿਆ ’ਚ ਕਾਂਗਰਸ ਦਾ ਜਨਤਾ ਦਲ (ਐੱਸ) ਨਾਲ ਮੁਕਾਬਲਾ ਹੈ ਜੋ ਭਾਜਪਾ ਦੀ ਭਾਈਵਾਲ ਹੈ। ਇਥੇ ਜਨਤਾ ਦਲ (ਐੱਸ) ਆਗੂ ਐੱਚ ਡੀ ਕੁਮਾਰਸਵਾਮੀ ਅਤੇ ਕਾਂਗਰਸ ਦੇ ਵੈਂਕਟਰਮਨ ਗੌੜਾ ਨਾਲ ਮੁਕਾਬਲਾ ਹੈ। ਕਾਂਗਰਸ ਨੇ 2019 ਦੀਆਂ ਚੋਣਾਂ ਸਮੇਂ ਕਰਨਾਟਕ ਦੀਆਂ 28 ਸੀਟਾਂ ’ਚੋਂ ਸਿਰਫ਼ ਇਕ ਸੀਟ ਜਿੱਤੀ ਸੀ। ਮੁੱਖ ਮੰਤਰੀ ਸਿਧਾਰਮੱਈਆ ਨੇ ਕਿਹਾ ਕਿ ਪਾਰਟੀ ਇਸ ਵਾਰ ਸੂਬੇ ’ਚ 15 ਤੋਂ 20 ਸੀਟਾਂ ਜਿੱਤੇਗੀ। ਮਾਂਡਿਆ ’ਚ ਪਹਿਲੇ ਗੇੜ ਦੌਰਾਨ ਵੋਟਿੰਗ ਹੋਵੇਗੀ। ਸੂਬੇ ਦੇ ਦੱਖਣੀ ਹਿੱਸੇ ਦੀਆਂ 14 ਸੀਟਾਂ ’ਤੇ 26 ਅਪਰੈਲ ਨੂੰ ਵੋਟਾਂ ਪੈਣਗੀਆਂ ਜਦਕਿ ਦੂਜੇ ਗੇੜ ’ਚ 7 ਮਈ ਨੂੰ ਉੱਤਰੀ ਜ਼ਿਲ੍ਹਿਆਂ ’ਚ ਵੋਟਿੰਗ ਹੋਵੇਗੀ। -ਪੀਟੀਆਈ

Advertisement

ਅਮੇਠੀ ਲਈ ਪਾਰਟੀ ਜੋ ਹੁਕਮ ਦੇਵੇਗੀ, ਉਹ ਮੰਨਾਂਗਾ: ਰਾਹੁਲ

ਗਾਜ਼ੀਆਬਾਦ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪਾਰਟੀ ਤੋਂ ਜੋ ਉਸ ਨੂੰ ਹੁਕਮ ਮਿਲੇਗਾ, ਉਸ ਦਾ ਉਹ ਪਾਲਣ ਕਰਨਗੇ। ਵਾਇਨਾਡ ਤੋਂ ਇਲਾਵਾ ਅਮੇਠੀ ਤੋਂ ਵੀ ਚੋਣ ਲੜਨ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਰਾਹੁਲ ਨੇ ਕਿਹਾ,‘‘ਅਮੇਠੀ ਬਾਰੇ ਪਾਰਟੀ ਫ਼ੈਸਲਾ ਲਵੇਗੀ। ਜੋ ਮੈਨੂੰ ਹੁਕਮ ਹੋਵੇਗਾ, ਮੈਂ ਉਸ ਦਾ ਪਾਲਣ ਕਰਾਂਗਾ।’’ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਅਜਿਹੇ ਫ਼ੈਸਲੇ ਸੀਈਸੀ (ਕੇਂਦਰੀ ਚੋਣ ਕਮੇਟੀ) ਦੀ ਮੀਟਿੰਗ ਵਿੱਚ ਲਏ ਜਾਂਦੇ ਹਨ। -ਪੀਟੀਆਈ

Advertisement