ਪੰਜਾਬ ’ਚ ਇਕੱਲਿਆਂ ਨਿਗਮ ਚੋਣਾਂ ਲੜੇਗੀ ਭਾਜਪਾ
ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਨਵੰਬਰ
ਸੂਬੇ ’ਚ ਭਾਜਪਾ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਅਪਾਣੇ ਚੋਣ ਨਿਸ਼ਾਨ ’ਤੇ ਇਕੱਲਿਆਂ ਲੜੇਗੀ। ਨਗਰ ਪੰਚਾਇਤ ਫਤਿਹਗੜ੍ਹ ਪੰਜਤੂਰ ਅਤੇ ਨਗਰ ਕੌਂਸਲ ਧਰਮਕੋਟ ਅਤੇ ਬਾਘਾਪੁਰਾਣਾ ਚੋਣਾਂ ਲਈ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ। ਇਥੇ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਅਨਿਲ ਸਰੀਨ, ਨਿਧੜਕ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ, ਸਾਬਕਾ ਵਿਧਾਇਕ ਡਾ. ਹਰਜੋਤ ਕਮਲ, ਸਾਬਕਾ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਨੇ ਦੱਸਿਆ ਕਿ ਸੂਬੇ ’ਚ ਭਾਜਪਾ ਇੱਕਲਿਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਕਮਲ ਫੁੱਲ ਦੇ ਚੋਣ ਨਿਸ਼ਾਨ ’ਤੇ ਲੜੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਸਥਿਤੀ ਬਹੁਤ ਮਜ਼ਬੂਤ ਹੈ ਅਤੇ ਭਾਜਪਾ ਦਾ ਵੋਟ ਬੈਂਕ ਵੀ ਪਹਿਲਾਂ ਨਾਲੋਂ ਵਧ ਗਿਆ ਹੈ ਜਿਸ ਕਾਰਨ ਭਾਜਪਾ ਦੇ ਉਮੀਦਵਾਰ ਜਿੱਤ ਹਾਸਲ ਕਰਨਗੇ। ਉਨ੍ਹਾਂ ਕਿਹਾ ਕਿ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਭਾਜਪਾ ਇਨ੍ਹਾਂ ਚੋਣਾਂ ਵਿੱਚ ਜ਼ੋਰਦਾਰ ਸ਼ਮੂਲੀਅਤ ਕਰੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਪਾਰਟੀ ਨੂੰ ਸਮਰਪਿਤ ਵਿਅਕਤੀਆਂ ਨੂੰ ਹੀ ਉਮੀਦਵਾਰ ਬਣਾਇਆ ਜਾਵੇਗਾ। ਉਨ੍ਹਾਂ ਸਮੂਹ ਮੰਡਲ ਪ੍ਰਧਾਨਾਂ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਆਪੋ-ਆਪਣੇ ਖੇਤਰ ਵਿੱਚ ਚੋਣਾਂ ਲਈ ਜੇਤੂ ਉਮੀਦਵਾਰਾਂ ਦੇ ਨਾਮ ਪਾਰਟੀ ਦਫਤਰ ਵਿੱਚ ਦੇਣ ਲਈ ਆਖਿਆ ਹੈ। ਨਗਰ ਪੰਚਾਇਤ ਫਤਿਹਗੜ੍ਹ ਪੰਜਤੂਰ ਲਈ ਤ੍ਰਿਲੋਚਨ ਸਿੰਘ ਗਿੱਲ, ਜ਼ਿਲ੍ਹਾ ਜਨਰਲ ਸਕੱਤਰ ਮੁਖਤਿਆਰ ਸਿੰਘ, ਮੰਡਲ ਪ੍ਰਧਾਨ ਸੁਖਵਿੰਦਰ ਸਿੰਘ ਨੂੰ ਇੰਚਾਰਜ ਲਾਇਆ ਗਿਆ ਹੈ। ਧਰਮਕੋਟ ਲਈ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ, ਜਨਰਲ ਸਕੱਤਰ ਰਾਹੁਲ ਗਰਗ, ਮੰਡਲ ਪ੍ਰਧਾਨ ਵਰਿੰਦਰ ਪੱਬੀ ਨੂੰ ਇੰਚਾਰਜ ਅਤੇ ਬਾਘਾਪੁਰਾਣਾ ਨਗਰ ਕੌਂਸਲ ਚੋਣਾਂ ਲਈ ਭਾਜਪਾ ਦੇ ਸੀਨੀਅਰ ਆਗੂ ਨਿਧੜਕ ਸਿੰਘ ਬਰਾੜ, ਜ਼ਿਲ੍ਹ ਸਕੱਤਰ ਵਿੱਕੀ ਸੀਤਾਰਾ, ਮੰਡਲ ਪ੍ਰਧਾਨ ਦੀਪਕ ਤਲਵਾੜ ਤੇ ਸੁਖਨੰਦਨ ਅਗਰਵਾਲ ਇੰਚਾਰਜ ਹੋਣਗੇ।