ਭਾਜਪਾ ਵਿਕਾਸ ਦੇ ਮੁੱਦੇ ’ਤੇ ਲੜੇਗੀ ਨਗਰ ਨਿਗਮ ਚੋਣਾਂ: ਪਰਨੀਤ ਕੌਰ
ਖੇਤਰੀ ਪ੍ਰਤੀਨਿਧ
ਪਟਿਆਲਾ, 20 ਨਵੰਬਰ
ਭਾਰਤੀ ਜਨਤੀ ਪਾਰਟੀ (ਭਾਜਪਾ) ਨਗਰ ਨਿਗਮਾ, ਨਗਰ ਪਾਲਿਕਾਵਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂਂ ’ਚ ਸਰਗਰਮੀ ਨਾਲ ਹਿੱਸਾ ਲਵੇਗੀ ਤੇ ਭਗਵਾ ਪਾਰਟੀ ਇਹ ਚੋਣਾਂ ਵਿਕਾਸ ਦੇ ਮੁੱਦੇ ’ਤੇ ਲੜੇਗੀ। ਇਹ ਪ੍ਰਗਟਾਵਾ ਭਾਜਪਾ ਦੀ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਵਿਦੇਸ ਰਾਜ ਮੰਤਰੀ ਪਰਨੀਤ ਕੌਰ ਨੇ ਕੀਤਾ। ਉਹ ਅੱਜ ਇਥੇ ਆਪਣੀ ਰਿਹਾਇਸ਼ ‘ਨਿਊ ਮੋਤੀ ਬਾਗ ਪੈਲੇਸ’ ਵਿਖੇ ਇਨ੍ਹਾਂ ਹੀ ਚੋਣਾਂ ਦੀ ਤਿਆਰੀ ਸਬੰਧੀ ਭਾਜਪਾ ਆਗੂਆਂ ਅਤੇ ਵਰਕਰਾਂ ਦੀ ਸੱਦੀ ਗਈ ਇੱਕ ਅਹਿਮ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਭਾਜਪਾ ਮਹਿਲਾ ਮੋਰਚਾ ਦੀ ਸੂਬਾਈ ਪ੍ਰਧਾਨ ਬੀਬਾ ਜੈਇੰਦਰ ਕੌਰ, ਸੀਨੀਅਰ ਆਗੂ ਅਨਿਲ ਸਰੀਨ, ਬਿਕਰਮਜੀਤ ਚੀਮਾ, ਗੁਰਤੇਜ ਢਿੱਲੋਂ, ਹਰਵਿੰਦਰ ਹਰਪਾਲਪੁਰ, ਕੇ.ਕੇ.ਸ਼ਰਮਾ, ਕਮਲ ਦੀਪ ਸੈਣੀ, ਹੌਬੀ ਧਾਲੀਵਾਲ, ਕੇ.ਕੇ.ਮਲਹੋਤਰਾ, ਸੋਨੂੰ ਸੰਗਰ, ਵਿਜੇ ਕੂਕਾ, ਹਰਦੇਵ ਬੱਲੀ, ਅਨਿਲ ਬਜਾਜ, ਬਲਵੰਤ ਰਾਏ ਅਤੇ ਹੋਰ ਭਾਜਪਾ ਆਗੂ ਮੌਜੂਦ ਸਨ।
ਨਗਰ ਨਿਗਮ ਚੋਣਾਂਂ ਦੀਆਂ ਤਿਆਰੀਆਂ ਦੀ ਨਜ਼ਰਸਾਨੀ ਲਈ ਸੱਦੀ ਗਈ ਇਸ ਮੀਟਿੰਗ ਦੌਰਾਨ ਖਾਸ ਕਰਕੇ ਨਗਰ ਨਿਗਮ ਪਟਿਆਲਾ ਵਿਚਲੀਆਂ ਸਮੂਹ 60 ਵਾਰਡਾਂ ਲਈ ਭਾਜਪਾ ਵੱਲੋਂ ਉਮੀਦਵਾਰ ਬਣਾਏ ਜਾਣ ਦੀ ਚਰਚਾ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਜਪਾ ਇਨ੍ਹਾਂ ਚੋਣਾਂ ਦੌਰਾਨ ਵਿਕਾਸ ਨੂੰ ਹੀ ਮੁੱਖ ਤੌਰ ’ਤੇ ਚੋਣ ਮੁੱਦਾ ਬਣਾਵੇਗੀ। ਇਸ ਮੌਕੇ ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਸੂਬਾਈ ਪ੍ਰਧਾਨ ਜੈ ਇੰਦਰ ਕੌਰ ਨੇ ਕਿਹਾ ਕਿ ‘ਆਪ’ ਸਰਕਾਰ ਦੇ ਝੂਠੇ ਵਾਅਦਿਆਂ ਪ੍ਰਤੀ ਲੋਕਾਂ ਵਿੱਚ ਭਾਰੀ ਨਿਰਾਸ਼ਾ ਹੈ ਜਿਸ ਕਰਕੇ ਇਨ੍ਹਾਂ ਚੋਣਾਂ ਦੌਰਾਨ ਲੋਕ ਸਰਕਾਰ ਨੂੰ ਕਰਾਰੀ ਹਾਰ ਦੇਣ ਲਈ ਉਤਾਵਲੇ ਹਨ।