For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿੱਚ ਇਕੱਲਿਆਂ ਚੋਣ ਲੜੇਗੀ ਭਾਜਪਾ

06:37 AM Mar 27, 2024 IST
ਪੰਜਾਬ ਵਿੱਚ ਇਕੱਲਿਆਂ ਚੋਣ ਲੜੇਗੀ ਭਾਜਪਾ
Advertisement

* ਜਾਖੜ ਵੱਲੋਂ ਸਾਰੀਆਂ 13 ਸੀਟਾਂ ਤੋਂ ਉਮੀਦਵਾਰ ਉਤਾਰਨ ਦਾ ਐਲਾਨ
* ਦੋਵਾਂ ਪਾਰਟੀਆਂ ਨੇ ਸਿਆਸੀ ਸਰਗਰਮੀਆਂ ਵਿੱਢੀਆਂ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 26 ਮਾਰਚ
ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਗੱਲ ਕਿਸੇ ਤਣ-ਪੱਤਣ ਨਾ ਲੱਗਣ ਮਗਰੋਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਇਕੱਲਿਆਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਸਾਲ 1998 ਤੋਂ ਬਾਅਦ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਲੋਕ ਸਭਾ ਚੋਣਾਂ ’ਚ ਇੱਕ-ਦੂਜੇ ਦੇ ਸਾਹਮਣੇ ਹੋਣਗੇ। ਇਸ ਮਗਰੋਂ ਦੋਵਾਂ ਪਾਰਟੀਆਂ ਨੇ ਚੋਣਾਂ ਲਈ ਸਰਗਰਮੀਆਂ ਵਿੱਢ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ 1 ਅਤੇ 2 ਅਪਰੈਲ ਨੂੰ ਮੁੱਖ ਦਫਤਰ ’ਚ ਆਗੂਆਂ ਦੀਆਂ ਹਲਕਾਵਾਰ ਮੀਟਿੰਗਾਂ ਕਰਨ ਦਾ ਫ਼ੈਸਲਾ ਕੀਤਾ ਹੈ। ‘ਪੰਜਾਬ ਬਚਾਓ ਯਾਤਰਾ’ ਵਿੱਚ ਤਬਦੀਲੀ ਕਰਦਿਆਂ ਹੁਣ 5 ਤੋਂ 12 ਅਪਰੈਲ ਤੱਕ ਯਾਤਰਾ ਉਲੀਕੀ ਗਈ ਹੈ। ਦੂਜੇ ਪਾਸੇ ਭਾਜਪਾ ਦੀ ਸੂਬਾਈ ਲੀਡਰਸ਼ਿਪ ਨੇ 28 ਮਾਰਚ ਨੂੰ ਕੋਰ ਕਮੇਟੀ ਦੀ ਮੀਟਿੰਗ ਬੁਲਾ ਲਈ ਹੈ ਜਿਸ ਵਿੱਚ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੈ ਰੂਪਾਨੀ ਵੀ ਸ਼ਾਮਿਲ ਹੋਣਗੇ। ਇਸ ਮੀਟਿੰਗ ਵਿੱਚ ਸੰਭਾਵੀ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾਣਗੀਆਂ। ਪਤਾ ਲੱਗਾ ਹੈ ਕਿ ਅੱਜ ਕੇਂਦਰੀ ਲੀਡਰਸ਼ਿਪ ਤੋਂ ਤੋੜ ਵਿਛੋੜੇ ਲਈ ਝੰਡੀ ਮਿਲਣ ਮਗਰੋਂ ਸੁਨੀਲ ਜਾਖੜ ਨੇ ਐਲਾਨ ਕੀਤਾ ਿਕ ਭਾਜਪਾ ਪੰਜਾਬ ’ਚ ਇਕੱਿਲਆਂ ਚੋਣਾਂ ਲੜੇਗੀ। ਉਨ੍ਹਾਂ ਦੱਸਿਆ ਕਿ ਪਾਰਟੀ ਆਗੂਆਂ, ਵਰਕਰਾਂ ਅਤੇ ਆਮ ਲੋਕਾਂ ਤੋਂ ਮਸ਼ਵਰਾ ਲੈਣ ਮਗਰੋਂ ਇਹ ਫ਼ੈਸਲਾ ਲਿਆ ਗਿਆ ਹੈ। ਜਾਖੜ ਨੇ ਕਿਹਾ ਕਿ ਪੰਜਾਬ ’ਚ ਅਮਨ-ਸ਼ਾਂਤੀ ਅਤੇ ਸੂਬੇ ਦੇ ਸੁਨਹਿਰੀ ਭਵਿੱਖ ਲਈ ਭਾਜਪਾ ਨੇ ਇਹ ਫ਼ੈਸਲਾ ਕੀਤਾ ਹੈ। ਉਨ੍ਹਾਂ ਲੰਘੇ ਦਸ ਸਾਲਾਂ ਦੌਰਾਨ ਕਿਸਾਨਾਂ ਦੀਆਂ ਫਸਲਾਂ ਖਰੀਦੇ ਜਾਣ ਅਤੇ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਨੂੰ ਪਾਰਟੀ ਦੀ ਪ੍ਰਾਪਤੀ ਵਜੋਂ ਪੇਸ਼ ਕੀਤਾ। ਜਾਖੜ ਨੇ ਕਿਹਾ ਕਿ ਸਰਹੱਦੀ ਸੂਬੇ ਦੇ ਹਿੱਤ ਵਿਚ ਲਿਆ ਇਹ ਫੈਸਲਾ ਪਹਿਲੀ ਜੂਨ ਨੂੰ ਭਾਜਪਾ ਦੀ ਮਜ਼ਬੂਤੀ ਬਣੇਗਾ। ਦੱਸਣਯੋਗ ਹੈ ਕਿ ਤਿੰਨ ਖੇਤੀ ਕਾਨੂੰਨਾਂ ਦੇ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ ਨੇ ਐੱਨਡੀਏ ’ਚੋਂ ਬਾਹਰ ਆਉਣ ਦਾ ਫ਼ੈਸਲਾ 2020 ਵਿਚ ਕੀਤਾ ਸੀ। ਹ ਸ਼੍ਰੋਮਣੀ ਅਕਾਲੀ ਦਲ ਨੇ 22 ਮਾਰਚ ਨੂੰ ਕੋਰ ਕਮੇਟੀ ਦੀ ਮੀਟਿੰਗ ਵਿਚ ਆਪਣਾ ਪੈਂਤੜਾ ਭਾਜਪਾ ਨੂੰ ਸਪੱਸ਼ਟ ਕਰ ਦਿੱਤਾ ਸੀ। ਅਕਾਲੀ ਲੀਡਰਸ਼ਿਪ ਦਾ ਇੱਕ ਹਿੱਸਾ ਭਾਜਪਾ ਵੱਲੋਂ ਲਗਾਤਾਰ ਕੀਤੀ ਜਾ ਰਹੀ ਅਣਦੇਖੀ ਤੋਂ ਨਾਰਾਜ਼ ਸੀ। ਬੰਦੀ ਸਿੰਘਾਂ ਦੇ ਮਾਮਲੇ ’ਤੇ ਬਣੀ ਕਮੇਟੀ ਨੂੰ ਕੇਂਦਰ ਸਰਕਾਰ ਵੱਲੋਂ ਸਮਾਂ ਨਾ ਦੇਣਾ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀਆਂ ਚਿੱਠੀਆਂ ਦਾ ਕੋਈ ਜੁਆਬ ਨਾ ਦੇਣ ਤੋਂ ਅਕਾਲੀ ਸਫ਼ਾਂ ਨਾਰਾਜ਼ ਸਨ। ਸ਼੍ਰੋਮਣੀ ਅਕਾਲੀ ਦਲ ਨੂੰ ਇਹ ਜਾਪਦਾ ਸੀ ਕਿ ਕਿਸਾਨੀ ਅਤੇ ਪੰਥਕ ਹਿੱਤਾਂ ਨੂੰ ਨਜ਼ਰਅੰਦਾਜ਼ ਕਰਕੇ ਗੱਠਜੋੜ ਕਰਨ ਨਾਲ ਨੁਕਸਾਨ ਹੋ ਸਕਦਾ ਹੈ। ਭਾਜਪਾ ਇਸ ਦਮ ’ਤੇ ਕੁੱਦ ਰਹੀ ਹੈ ਕਿ ਰਾਮ ਮੰਦਰ ਅਤੇ ਪ੍ਰਧਾਨ ਮੰਤਰੀ ਦੇ ਵਿਕਾਸ ਕੰਮਾਂ ਕਰਕੇ ਚੋਣਾਂ ਵਿਚ ਜ਼ਿਆਦਾ ਸਮਰਥਨ ਮਿਲੇਗਾ। ਇਸੇ ਦੌਰਾਨ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪਾਰਟੀ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਇਕੱਲੇ ਚੋਣ ਲੜਨ ਦਾ ਫੈਸਲਾ ਕੀਤਾ ਹੈ ਜਿਨ੍ਹਾਂ ’ਤੇ ਜਿੱਤ ਹੋਣ ਦਾ ਪੂਰਨ ਯਕੀਨ ਹੈ। ਸੂਤਰਾਂ ਅਨੁਸਾਰ ਗੱਠਜੋੜ ’ਚ ਮੁੱਖ ਪੇਚ ਸੀਟਾਂ ਦੀ ਵੰਡ ਨੂੰ ਲੈ ਕੇ ਫਸਿਆ ਹੋਇਆ ਸੀ। ਭਾਜਪਾ ਨੇ ਛੇ ਸੀਟਾਂ ਦੀ ਮੰਗ ਕੀਤੀ ਜਦਕਿ ਅਕਾਲੀ ਦਲ ਚਾਰ ਸੀਟਾਂ ਦੀ ਪੇਸ਼ਕਸ਼ ਕਰ ਰਿਹਾ ਸੀ।

Advertisement

ਟਿਕਟਾਂ ਨੂੰ ਅੰਤਿਮ ਛੋਹਾਂ ਦੇਣ ਲੱਗੀ ਭਾਜਪਾ

ਭਾਜਪਾ ਵੱਲੋਂ ਪਹਿਲਾਂ ਹੀ ਹਰ ਲੋਕ ਸਭਾ ਸੀਟ ਤੋਂ ਤਿੰਨ ਉਮੀਦਵਾਰਾਂ ਦਾ ਪੈਨਲ ਤਿਆਰ ਕੀਤਾ ਹੋਇਆ ਹੈ। ਰਵਨੀਤ ਬਿੱਟੂ ਦੇ ਭਾਜਪਾ ’ਚ ਸ਼ਾਮਲ ਹੋਣ ਮਗਰੋਂ ਉਹ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਹੋ ਸਕਦੇ ਹਨ। ਸੂਤਰਾਂ ਅਨੁਸਾਰ ਭਾਜਪਾ ਪਟਿਆਲਾ ਤੋਂ ਪ੍ਰਨੀਤ ਕੌਰ, ਆਨੰਦਪੁਰ ਸਾਹਿਬ ਤੋਂ ਅਵਿਨਾਸ਼ ਰਾਏ ਖੰਨਾ, ਫਿਰੋਜ਼ਪੁਰ ਤੋਂ ਸੁਨੀਲ ਜਾਖੜ ਜਾਂ ਰਾਣਾ ਸੋਢੀ, ਅੰਮ੍ਰਿਤਸਰ ਤੋਂ ਤਰਨਜੀਤ ਸੰਧੂ, ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਨੂੰ ਉਮੀਦਵਾਰ ਐਲਾਨ ਸਕਦੀ ਹੈ। ਬਠਿੰਡਾ ਤੋਂ ਮਨਪ੍ਰੀਤ ਬਾਦਲ ਤੋਂ ਇਲਾਵਾ ਸਰੂਪ ਚੰਦ ਸਿੰਗਲਾ ਜਾਂ ਦਿਆਲ ਸੋਢੀ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ।

ਅਸੂਲਾਂ ਨਾਲ ਕੋਈ ਸਮਝੌਤਾ ਨਹੀਂ: ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਭਾਜਪਾ ਦੇ ਐਲਾਨ ਮਗਰੋਂ ਕਿਹਾ ਕਿ ਅਕਾਲੀ ਦਲ ਸਿਧਾਂਤਾਂ ਦੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਕੌਮੀ ਪਾਰਟੀਆਂ ਸਿਆਸਤ ਕਰਦੀਆਂ ਹਨ ਜਦਕਿ ਅਕਾਲੀ ਦਲ ਦੇ ਮਨੋਰਥ ਸਿਧਾਂਤਕ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਜ਼ਿੰਮੇਵਾਰੀ ਕੌਮ ਦੀ ਰੱਖਿਆ ਕਰਨੀ ਅਤੇ ਭਾਈਚਾਰਕ ਸਾਂਝ ਬਣਾ ਕੇ ਰੱਖਣਾ ਹੈ। ਅਕਾਲੀ ਦਲ ਸਰਕਾਰਾਂ ਬਣਾਉਣ ਵਾਸਤੇ ਨਹੀਂ ਬਣਿਆ ਸੀ।

ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ

ਰਵਨੀਤ ਸਿੰਘ ਬਿੱਟੂ ਦਾ ਭਾਜਪਾ ’ਚ ਸਵਾਗਤ ਕਰਦੇ ਹੋਏ ਵਿਨੋਦ ਤਾਵੜੇ। -ਫੋਟੋ: ਮੁਕੇਸ਼ ਅਗਰਵਾਲ

ਨਵੀਂ ਦਿੱਲੀ, 26 ਮਾਰਚ
ਪੰਜਾਬ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅੱਜ ਭਾਜਪਾ ਵਿਚ ਸ਼ਾਮਲ ਹੋ ਗਏ। ਤਿੰਨ ਵਾਰ ਸੰਸਦ ਮੈਂਬਰ ਰਹੇ ਰਵਨੀਤ ਬਿੱਟੂ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁੜ ਸੱਤਾ ਵਿੱਚ ਲਿਆਉਣ ਦਾ ਮਨ ਬਣਾ ਲਿਆ ਹੈ। ਦੱਸਣਾ ਬਣਦਾ ਹੈ ਕਿ ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਾ ਹੈ ਜਿਨ੍ਹਾਂ ਸੂਬੇ ਵਿੱਚ ਅਤਿਵਾਦ ਨੂੰ ਠੱਲ੍ਹਣ ਵਿਚ ਅਹਿਮ ਭੂਮਿਕਾ ਨਿਭਾਈ ਤੇ ਇਸ ਕੜੀ ਤਹਿਤ ਉਨ੍ਹਾਂ ਦੀ ਬੰਬ ਧਮਾਕੇ ਵਿਚ ਮੌਤ ਹੋ ਗਈ ਸੀ। ਦੂਜੇ ਪਾਸੇ ਬਿੱਟੂ ਮੌਜੂਦਾ ਲੋਕ ਸਭਾ ਵਿੱਚ ਲੁਧਿਆਣਾ ਤੋਂ ਸੰਸਦ ਮੈਂਬਰ ਹਨ। ਉਨ੍ਹਾਂ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਨਾਲ ਬਹੁਤ ਪਿਆਰ ਹੈ ਅਤੇ ਉਹ ਸੂਬੇ ਲਈ ਬਹੁਤ ਕੁਝ ਕਰਨਾ ਚਾਹੁੰਦੇ ਹਨ। ਬਿੱਟੂ ਨੇ ਕਿਹਾ ਕਿ ਦੇਸ਼ ਭਰ ਦੇ ਲੋਕ ਭਾਜਪਾ ਨੂੰ ਕੇਂਦਰ ’ਚ ਸੱਤਾ ਵਿਚ ਲਿਆਉਣ ਦਾ ਮਨ ਬਣਾ ਚੁੱਕੇ ਹਨ ਤੇ ਪੰਜਾਬ ਵਿਚ ਵੀ ਇਸ ਲੈਅ ਨੂੰ ਹਾਸਲ ਕਰਨ ਲਈ ਭਾਜਪਾ ਨੂੰ ਜਿਤਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਕੇਂਦਰ ਨਾਲ ਰਾਬਤੇ ਜ਼ਰੀਏ ਕਿਸਾਨਾਂ, ਮਜ਼ਦੂਰਾਂ ਤੇ ਉਦਯੋਗਪਤੀਆਂ ਦੇ ਮਸਲੇ ਹੱਲ ਕਰਵਾਉਣਗੇ। ਸੂਬੇ ਵਿੱਚ ਅਤਿਵਾਦ ਦੇ ਕਾਲੇ ਦਿਨਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਸ਼ਾਂਤੀ ਦੀ ਬਹਾਲੀ ਲਈ ਕੰਮ ਕਰਨ ਲਈ ਭਾਜਪਾ ਅਤੇ ਆਰਐਸਐਸ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਕਿਹਾ ਕਿ ਬਿੱਟੂ ਦੇ ਪਾਰਟੀ ’ਚ ਸ਼ਾਮਲ ਹੋਣ ਨਾਲ ਭਾਜਪਾ ਹੋਰ ਮਜ਼ਬੂਤ ​​ਹੋਵੇਗੀ। ਭਾਜਪਾ ਆਪਣੇ ਸਭ ਤੋਂ ਪੁਰਾਣੇ ਸਹਿਯੋਗੀ ਅਕਾਲੀ ਦਲ ਨਾਲੋਂ ਗਠਜੋੜ ਟੁੱਟਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਵਿੱਚ ਚੋਣਾਂ ਆਪਣੇ ਦਮ ’ਤੇ ਲੜਨ ਦੀ ਤਿਆਰੀ ਕਰ ਰਹੀ ਹੈ। ਭਾਜਪਾ ਤੇ ਅਕਾਲੀ ਦਲ ਦਰਮਿਆਨ ਗਠਜੋੜ ਨੂੰ ਮੁੜ ਸੁਰਜੀਤ ਕਰਨ ਲਈ ਗੱਲਬਾਤ ਚੱਲ ਰਹੀ ਸੀ ਪਰ ਇਹ ਗੱਲਬਾਤ ਸਿਰੇ ਨਹੀਂ ਚੜ੍ਹੀ। ਪੀਟੀਆਈ

Advertisement
Author Image

joginder kumar

View all posts

Advertisement