For the best experience, open
https://m.punjabitribuneonline.com
on your mobile browser.
Advertisement

ਪੰਜਾਬ ਨੂੰ ਦੇਸ਼ ਦੇ ਨਕਸ਼ੇ ਤੋਂ ਮਿਟਾ ਦੇਵੇਗੀ ਭਾਜਪਾ: ਵੜਿੰਗ

08:05 AM Apr 25, 2024 IST
ਪੰਜਾਬ ਨੂੰ ਦੇਸ਼ ਦੇ ਨਕਸ਼ੇ ਤੋਂ ਮਿਟਾ ਦੇਵੇਗੀ ਭਾਜਪਾ  ਵੜਿੰਗ
ਦੋਦਾ ਵਿੱਚ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਟੇਜ ’ਤੇ ਬੈਠੇ ਆਗੂ।
Advertisement

ਜਸਵੀਰ ਸਿੰਘ ਭੁੱਲਰ/ਭਾਰਤ ਭੂਸ਼ਨ ਆਜ਼ਾਦ
ਦੋਦਾ/ਕੋਟਕਪੂਰਾ, 24 ਅਪਰੈਲ
ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਦੇ ਹੱਕ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੋਦਾ ਅਤੇ ਕੋਟਕਪੂਰਾ ਵਿੱਚ ਵਰਕਰ ਮੀਟਿੰਗਾਂ ਨੂੰ ਸੰਬੋਧਨ ਕੀਤਾ। ਰਾਜਾ ਵੜਿੰਗ ਨੇ ਕਿਹਾ ਕਿ ਜੇ ਭਾਜਪਾ ਦੀ ਮੁੜ ਸਰਕਾਰ ਬਣ ਗਈ ਤਾਂ ਪੰਜਾਬ ਨੂੰ ਦੇਸ਼ ਦੇ ਨਕਸ਼ੇ ਤੋਂ ਮਿਟਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਹੈ। ਕਾਂਗਰਸ ਨਹੀਂ ਚਾਹੁੰਦੀ ਕਿ ਮੋਦੀ ਮੁੜ ਦੇਸ਼ ਦੇ ਪ੍ਰਧਾਨ ਮੰਤਰੀ ਬਣਨ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਭਾਜਪਾ ਸਰਕਾਰ ਕਿਸਾਨਾਂ ਨੂੰ ਸੜਕਾਂ ’ਤੇ ਰੋਲ ਰਹੀ ਹੈ ਅਤੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਨਾਲ ਜੋ ਮੰਗਾਂ ਦੀ ਸਹਿਮਤੀ ਬਣੀ ਸੀ, ਉਨ੍ਹਾਂ ਨੂੰ ਲਾਗੂ ਕਰਵਾਉਣ ਲਈ ਕਿਸਾਨਾਂ ਨੂੰ ਦੁਬਾਰਾ ਧਰਨੇ ਦੇਣੇ ਪੈ ਰਹੇ ਹਨ। ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਲਈ ਸਾਰੇ ਸਤਿਕਾਰਯੋਗ ਹਨ ਪਰ ਬਾਹਰੀ ਅਤੇ ਕਲਾਕਾਰਾਂ ਵੱਲੋਂ ਸਿਆਸਤ ਸਹੀ ਢੰਗ ਨਾਲ ਨਹੀਂ ਕੀਤੀ ਜਾ ਸਕਦੀ ਅਤੇ ਵੋਟਾਂ ਉਪਰੰਤ ਇਹ ਲੋਕਾਂ ਨਾਲ ਮੇਲ ਮਿਲਾਪ ਨਹੀ ਰੱਖਦੇ। ਉਨ੍ਹਾਂ ਕਿਹਾ ਕਿ ਜੋ ਆਗੂ ਕਾਂਗਰਸ ਛੱਡ ਕੇ ਗਏ ਹਨ, ਪਾਰਟੀ ਨੇ ਉਨ੍ਹਾਂ ਦੀ ਇੱਜ਼ਤ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ। ਕੋਟਕਪੂਰਾ ਵਿੱਚ ਰੈਲੀ ਦੌਰਾਨ ਉਨ੍ਹਾਂ ਰਾਜਨੀਤੀ ਵਿੱਚ ਔਰਤਾਂ ਦੀ ਸ਼ਮੂਲੀਅਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਜਪਾ ਵੱਲੋਂ ਹੁਣ ਤੱਕ ਵੰਡੀਆਂ ਟਿਕਟਾਂ ਵਿੱਚ ਬਹੁਤ ਘੱਟ ਔਰਤਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ ਜਦੋਂਕਿ ਕਾਂਗਰਸ ਪਾਰਟੀ ਵੱਲੋਂ 28 ਫ਼ੀਸਦੀ ਔਰਤਾਂ ਮੈਦਾਨ ਵਿੱਚ ਉਤਾਰੀਆ ਗਈਆਂ ਹਨ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀ ਲੈਂਦਿਆਂ ਆਖਿਆ ਕਿ ਭਗਵੰਤ ਮਾਨ ਸਰਕਾਰ ਪੰਜਾਬ ਅੰਦਰ ਅਮਨ ਅਤੇ ਕਾਨੂੰਨ ਦੀ ਸਥਿਤੀ ਠੀਕ ਨਹੀਂ ਰੱਖ ਸਕੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਤੇਰ੍ਹਾਂ ਸੀਟਾਂ ’ਤੇ ਉਮੀਦਵਾਰ ਉਤਾਰਨ ਸਮੇਂ ‘ਆਪ’ ਨੂੰ ਇੱਕ ਵੀ ਔਰਤ ਚਿਹਰਾ ਨਹੀਂ ਮਿਲਿਆ।
ਇਸ ਮੌਕੇ ਅਮਰਜੀਤ ਕੌਰ ਸਾਹੋਕੇ ਨੇ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਲੋਕਾਂ ਨੂੰ ਲਾਰਿਆਂ ਵਿੱਚ ਉਲਝਾ ਕੇ ਰੱਖਣ ਵਾਲੀ ਸਰਕਾਰ ਹੈ ਅਤੇ ਦੋ ਸਾਲ ਬੀਤ ਜਾਣ ’ਤੇ ਵੀ ਆਪਣੇ ਵਾਅਦਿਆਂ ’ਤੇ ਖਰੀ ਨਹੀ ਉਤਰ ਸਕੀ। ਉਨ੍ਹਾਂ ਕਿਹਾ ਕਿ ਫਰੀਦਕੋਟ ਮੇਰਾ ਪੇਕਾ ਅਤੇ ਮੋਗਾ ਮੇਰਾ ਸਹੁਰਾ ਜ਼ਿਲ੍ਹਾ ਹੈ। ਇਸ ਮੌਕੇ ਹਰਚਰਨ ਸਿੰਘ ਸੋਥਾ, ਨਰਿੰਦਰ ਕਾਉਣੀ, ਬਲਾਕ ਪ੍ਰਧਾਨ ਹੈਪੀ ਕਟਾਰੀਆ, ਜਗਦੀਸ਼ ਦੋਦਾ, ਸਰਪੰਚ ਖੁਸ਼ਿਵੰਦਰ ਸਿੰਘ ਗਿੱਲ ਖਿੜਕੀਆਂਵਾਲਾ, ਸਰਪੰਚ ਗੁਰਪ੍ਰੀਤ ਸਿੰਘ ਹਰੀਕੇ, ਸਰਪੰਚ ਪਾਲ ਬਰਾੜ ਕਾਉਣੀ, ਹਲਕਾ ਇੰਚਾਰਜ ਅਜੈਪਾਲ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ, ਸਾਬਕਾ ਮੰਤਰੀ ਉਪਿੰਦਰ ਸ਼ਰਮਾ, ਕੁੱਕੀ ਚੋਪੜਾ, ਜੈ ਪ੍ਰਕਾਸ਼ ਸ਼ਰਮਾ ਸ਼ਾਮਲ ਸਨ।

Advertisement

Advertisement
Author Image

joginder kumar

View all posts

Advertisement
Advertisement
×