For the best experience, open
https://m.punjabitribuneonline.com
on your mobile browser.
Advertisement

ਭਾਜਪਾ ਮੁੜ ਸੱਤਾ ’ਚ ਆਉਣ ’ਤੇ ਸੰਵਿਧਾਨ ਪਾੜ ਸੁੱਟੇਗੀ: ਰਾਹੁਲ

07:17 AM May 01, 2024 IST
ਭਾਜਪਾ ਮੁੜ ਸੱਤਾ ’ਚ ਆਉਣ ’ਤੇ ਸੰਵਿਧਾਨ ਪਾੜ ਸੁੱਟੇਗੀ  ਰਾਹੁਲ
ਭਿੰਡ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਆਗੂ ਰਾਹੁਲ ਗਾਂਧੀ। -ਫੋਟੋ: ਪੀਟੀਆਈ
Advertisement

ਭਿੰਡ (ਮੱਧ ਪ੍ਰਦੇਸ਼), 30 ਅਪਰੈਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਜੇ ਭਾਜਪਾ ਮੁੜ ਸੱਤਾ ਵਿੱਚ ਆਈ ਤਾਂ ਉਹ ਗਰੀਬਾਂ, ਦਲਿਤਾਂ, ਆਦਿਵਾਸੀਆਂ ਅਤੇ ਓਬੀਸੀ ਭਾਈਚਾਰੇ ਨੂੰ ਅਧਿਕਾਰ ਦੇਣ ਵਾਲੇ ‘ਸੰਵਿਧਾਨ ਨੂੰ ਪਾੜ ਕੇ ਸੁੱਟ ਦੇਵੇਗੀ।’’ ਰਾਹੁਲ ਗਾਂਧੀ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਸੰਵਿਧਾਨ ਦੀ ਕਾਪੀ ਹੱਥ ਵਿੱਚ ਫੜਦਿਆਂ ਕਿਹਾ ਕਿ ਮੌਜੂਦਾ ਲੋਕ ਸਭਾ ਚੋਣਾਂ ਕੋਈ ਆਮ ਚੋਣਾਂ ਨਹੀਂ ਸਗੋਂ ਦੋ ਵਿਚਾਰਧਾਰਾਵਾਂ ਦੀ ਲੜਾਈ ਹੈ।
ਕਾਂਗਰਸ ਦੇ ਸਟਾਰ ਪ੍ਰਚਾਰਕ ਨੇ ਕਿਹਾ ਕਿ 22 ਜਨਵਰੀ ਨੂੰ ਅਯੁੱਧਿਆ ਰਾਮ ਮੰਦਰ ਵਿੱਚ ਸਮਾਗਮ ਦੌਰਾਨ ਮਜ਼ਦੂਰ ਜਾਂ ਕਿਸਾਨ ਨਹੀਂ, ਸਿਰਫ਼ ਅਮੀਰ ਅਤੇ ਮਸ਼ਹੂਰ ਹਸਤੀਆਂ ਹੀ ਮੌਜੂਦ ਸਨ। ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਤੇ ‘ਇੰਡੀਆ’ ਗੱਠਜੋੜ ਸੰਵਿਧਾਨ ਬਚਾਉਣ ਲਈ ਲੜ ਰਹੇ ਹਨ। ਉਨ੍ਹਾਂ ਦਾਅਵਾ ਕੀਤਾ, “ਗ਼ਰੀਬਾਂ, ਦਲਿਤਾਂ, ਆਦਿਵਾਸੀਆਂ ਅਤੇ ਓਬੀਸੀ ਵਰਗ ਨੂੰ ਸੰਵਿਧਾਨ ਸਦਕਾ ਕਈ ਅਧਿਕਾਰ ਮਿਲੇ ਹਨ। ਉਨ੍ਹਾਂ ਨੂੰ ਮਗਨਰੇਗਾ, ਜ਼ਮੀਨੀ ਅਧਿਕਾਰ, ਰਾਖਵਾਂਕਰਨ ਅਤੇ ਹੋਰ ਅਧਿਕਾਰ ਸੰਵਿਧਾਨ ਕਰਕੇ ਹੀ ਮਿਲੇ ਹਨ ਪਰ ਜੇ ਭਾਜਪਾ ਮੁੜ ਸੱਤਾ ’ਚ ਆਉਂਦੀ ਹੈ ਤਾਂ ਉਹ ਸੰਵਿਧਾਨ ਪਾੜ ਕੇ ਸੁੱਟ ਦੇਵੇਗੀ।’’
ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਦਾਅਵਾ ਕੀਤਾ, ‘‘ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉਨ੍ਹਾਂ ਦੇ ਸੰਸਦ ਮੈਂਬਰਾਂ ਨੇ ਮਨ ਬਣਾ ਲਿਆ ਹੈ ਕਿ ਜੇ ਉਹ ਮੁੜ ਚੁਣੇ ਜਾਂਦੇ ਹਨ ਤਾਂ ਉਹ ਸੰਵਿਧਾਨ ਨੂੰ ਪਾੜ ਸੁੱਟਣਗੇ। ਭਾਜਪਾ ਚਾਹੁੰਦੀ ਹੈ ਕਿ ਸਿਰਫ 20-25 ਅਰਬਪਤੀ ਹੀ ਦੇਸ਼ ਚਲਾਉਣ।’’
ਉਨ੍ਹਾਂ ਕਿਹਾ, ‘‘ਇਹ (ਸੰਵਿਧਾਨ) ਗਰੀਬਾਂ ਦੀ ਆਤਮਾ ਹੈ ਅਤੇ ਇਸ ਨੂੰ ਕੋਈ ਹੱਥ ਨਹੀਂ ਲਾ ਸਕਦਾ। ਦੁਨੀਆ ਦੀ ਕੋਈ ਵੀ ਤਾਕਤ ਇਸ ਨੂੰ ਨਹੀਂ ਬਦਲ ਸਕਦੀ। ਕਾਂਗਰਸ ਨੇ ਡਾਕਟਰ ਬੀ.ਆਰ ਅੰਬੇਡਕਰ ਅਤੇ ਦੇਸ਼ ਵਾਸੀਆਂ ਨਾਲ ਮਿਲ ਕੇ ਅੰਗਰੇਜ਼ਾਂ ਖ਼ਿਲਾਫ਼ ਲੜਾਈ ਲੜੀ ਅਤੇ ਸੰਵਿਧਾਨ ਦਾ ਖਰੜਾ ਤਿਆਰ ਕੀਤਾ। ਸੰਵਿਧਾਨ ਭਾਰਤ ਦੀ ਆਵਾਜ਼ ਹੈ।’’ ਉਨ੍ਹਾਂ ਸਮਾਜ ਦੇ ਪਛੜੇ ਵਰਗਾਂ ਲਈ ਨੌਕਰੀਆਂ ਅਤੇ ਸਿੱਖਿਆ ਵਿੱਚ ਰਾਖਵੇਂਕਰਨ ਦੇ ਮੁੱਦੇ ’ਤੇ ਵੀ ਭਾਜਪਾ ਨੂੰ ਘੇਰਿਆ। ਰਾਹੁਲ ਨੇ ਕਿਹਾ ਕਿ ਬੇਰੁਜ਼ਗਾਰੀ ਅਤੇ ਮਹਿੰਗਾਈ ਦੇਸ਼ ਵਿੱਚ ਮੁੱਖ ਮੁੱਦੇ ਹਨ ਪਰ ਮੀਡੀਆ ਵੱਲੋਂ ਇਨ੍ਹਾਂ ਨੂੰ ਉਭਾਰਿਆ ਨਹੀਂ ਜਾਂਦਾ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਆਪਣੀ ‘ਮਹਾਲਕਸ਼ਮੀ ਯੋਜਨਾ’ ਰਾਹੀਂ ਕਰੋੜਾਂ ਔਰਤਾਂ ਨੂੰ ‘ਲਖਪਤੀ’ ਬਣਾ ਦੇਵੇਗੀ। ਉਨ੍ਹਾਂ ਨੇ ਦੱਸਿਆ ਕਿ ਕਾਂਗਰਸ ਦੇ ਚੋਣ ਮਨੋਰਥ ਪੱਤਰ ਦਾ ਹਿੱਸਾ ਇਸ ਸਕੀਮ ਤਹਿਤ ਸਰਕਾਰ ਯੋਗ ਔਰਤਾਂ ਦੇ ਖਾਤਿਆਂ ਵਿੱਚ 1 ਲੱਖ ਰੁਪਏ (8,500 ਰੁਪਏ ਪ੍ਰਤੀ ਮਹੀਨਾ) ਭੇਜੇਗੀ। ਉਨ੍ਹਾਂ ਕਿਹਾ, ‘‘ਜੇ ਪ੍ਰਧਾਨ ਮੰਤਰੀ ਮੋਦੀ 22-25 ਉਦਯੋਗਪਤੀਆਂ ਨੂੰ ਅਰਬਪਤੀ ਬਣਾ ਸਕਦੇ ਹਨ ਤਾਂ ਕਾਂਗਰਸ ਕਰੋੜਾਂ ਔਰਤਾਂ ਨੂੰ ਲੱਖਪਤੀ ਬਣਾ ਸਕਦੀ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਭਿੰਡ ਲੋਕ ਸਭਾ ਹਲਕੇ ਤੋਂ ਵਿਧਾਇਕ ਫੂਲ ਸਿੰਘ ਨੂੰ ਭਾਜਪਾ ਦੀ ਮੌਜੂਦਾ ਸੰਸਦ ਮੈਂਬਰ ਸੰਧਿਆ ਰਾਏ ਦੇ ਮੁਕਾਬਲੇ ਚੋਣ ਮੈਦਾਨ ਵਿੱਚ ਉਤਾਰਿਆ ਹੈ। ਮੱਧ ਪ੍ਰਦੇਸ਼ ਦੇ ਭਿੰਡ ਅਤੇ ਸੱਤ ਹੋਰ ਲੋਕ ਸਭਾ ਹਲਕਿਆਂ ਵਿੱਚ 7 ਮਈ ਨੂੰ ਵੋਟਾਂ ਪੈਣਗੀਆਂ। -ਪੀਟੀਆਈ

Advertisement

ਪਾਰਟੀ ਉਮੀਦਵਾਰਾਂ ਨੂੰ ਰੈਲੀਆਂ ਦੌਰਾਨ ਸੰਵਿਧਾਨ ਦੀ ਕਾਪੀ ਨਾਲ ਲਿਜਾਣ ਦਾ ਸੱਦਾ

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਲੋਕ ਸਭਾ ਚੋਣਾਂ ਲੜ ਰਹੇ ਪਾਰਟੀ ਉਮੀਦਵਾਰਾਂ ਨੂੰ ਸੱਦਾ ਦਿੱਤਾ ਕਿ ਉਹ ਨਾਮਜ਼ਦਗੀ ਭਰਨ ਵੇਲੇ ਅਤੇ ਰੈਲੀਆਂ ਦੌਰਾਨ ਸੰਵਿਧਾਨ ਦੀ ਕਾਪੀ ਆਪਣੇ ਕੋਲ ਰੱਖਣ ਅਤੇ ਲੋਕਾਂ ਨੂੰ ਦੱਸਣ ਕਿ ਜਦੋਂ ਤੱਕ ਉਨ੍ਹਾਂ ਦੀ ਪਾਰਟੀ ਹੋਂਦ ਵਿੱਚ ਹੈ, ਉਦੋਂ ਤੱਕ ਭਾਜਪਾ ਤਾਂ ਕੀ ਦੁਨੀਆ ਦੀ ਕੋਈ ਵੀ ਤਾਕਤ ਸੰਵਿਧਾਨ ਖੋਹ ਨਹੀਂ ਸਕਦੀ। ਰਾਹੁਲ ਗਾਂਧੀ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਆਪਣੇ ਨਾਲ ਸੰਵਿਧਾਨ ਦੀ ਕਾਪੀ ਲੈ ਕੇ ਜਾ ਰਹੇ ਹਨ ਅਤੇ ਚੋਣ ਰੈਲੀਆਂ ਦੌਰਾਨ ਇਹ ਕਾਪੀ ਲੋਕਾਂ ਨੂੰ ਦਿਖਾਉਂਦੇ ਵੀ ਹਨ। ਉਨ੍ਹਾਂ ‘ਐਕਸ’ ’ਤੇ ਕਿਹਾ, ‘‘ਗਰੀਬਾਂ ਲਈ ਵਰਦਾਨ, ਦੱਬੇ-ਕੁਚਲੇ ਲੋਕਾਂ ਦਾ ਸਨਮਾਨ ਅਤੇ ਹਰ ਨਾਗਰਿਕ ਦਾ ਮਾਣ - ਸਾਡਾ ਸੰਵਿਧਾਨ। ਮੈਂ ਸਾਰੇ ਕਾਂਗਰਸੀ ਉਮੀਦਵਾਰਾਂ ਅਤੇ ਆਗੂਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਨਾਮਜ਼ਦਗੀਆਂ, ਮੀਟਿੰਗਾਂ, ਭਾਸ਼ਣਾਂ ਅਤੇ ਰੈਲੀਆਂ ਦੌਰਾਨ ਸੰਵਿਧਾਨ ਆਪਣੇ ਨਾਲ ਰੱਖਣ।’’ ਉਨ੍ਹਾਂ ਕਿਹਾ, ‘‘ਹਰ ਪਿੰਡ ਤੇ ਹਰ ਗਲੀ ਵਿੱਚ ਐਲਾਨ ਕਰ ਦਿੱਤਾ ਜਾਵੇ ਕਿ ਜਦੋਂ ਤੱਕ ਕਾਂਗਰਸ ਹੋਂਦ ਵਿੱਚ ਹੈ, ਉਦੋਂ ਤੱਕ ਭਾਜਪਾ ਤਾਂ ਕੀ ਦੁਨੀਆ ਦੀ ਕੋਈ ਵੀ ਤਾਕਤ ਭਾਰਤ ਤੋਂ ਸੰਵਿਧਾਨ ਖੋਹ ਨਹੀਂ ਸਕਦੀ।’’ -ਪੀਟੀਆਈ

Advertisement
Author Image

Advertisement
Advertisement
×