ਭਾਜਪਾ ਸੱਤਾ ਵਿੱਚ ਆਉਣ ’ਤੇ ਸਾਰੀਆਂ ਝੁੱਗੀਆਂ ਢਾਹ ਦੇਵੇਗੀ: ਕੇਜਰੀਵਾਲ
ਨਵੀਂ ਦਿੱਲੀ, 12 ਜਨਵਰੀ
ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਜੇ ਭਾਜਪਾ ਸੱਤਾ ਵਿੱਚ ਆ ਗਈ ਤਾਂ ਉਹ ਰਾਜਧਾਨੀ ਵਿੱਚ ਸਾਰੀਆਂ ਝੁੱਗੀਆਂ ਅਤੇ ਬਸਤੀਆਂ ਨੂੰ ਢਾਹ ਦੇਵੇਗੀ। ਸਾਬਕਾ ਮੁੱਖ ਮੰਤਰੀ ਨੇ ਅੱਜ ਇੱਥੇ ਸ਼ਕੂਰ ਬਸਤੀ ਖੇਤਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਭਾਰਤੀ ਜਨਤਾ ਪਾਰਟੀ ’ਤੇ ਝੁੱਗੀ ਵਾਸੀਆਂ ਦੇ ਭਲੇ ਦੀ ਥਾਂ ਭੂਮੀ ਐਕੁਵਾਇਰ ਕਰਨ ਨੂੰ ਪਹਿਲ ਦੇਣ ਦਾ ਦੋਸ਼ ਲਾਇਆ।
ਇਸ ਮੌਕੇ ਕੇਜਰੀਵਾਲ ਨੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਉਂਦਿਆਂ ਕਿਹਾ ਕਿ ਉਹ ਪਹਿਲਾਂ ਤੁਹਾਡੀ ਵੋਟ ਚਾਹੁੰਦੇ ਹਨ ਅਤੇ ਮਗਰੋਂ ਚੋਣ ਤੋਂ ਬਾਅਦ ਤੁਹਾਡੀ ਜ਼ਮੀਨ ਹਥਿਆ ਲੈਣਗੇ। ਉਨ੍ਹਾਂ ਭਾਜਪਾ ਦੀ ‘ਜਿੱਥੇ ਝੁੱਗੀ ਉਥੇ ਮਕਾਨ’ ਯੋਜਨਾ ਦੀ ਵੀ ਆਲੋਚਨਾ ਕੀਤੀ ਅਤੇ ਇਸ ਨੂੰ ਦਿਖਾਵਾ ਦੱਸਿਆ। ਆਮ ਆਦਮੀ ਪਾਰਟੀ ਦੇ ਸੰਯੋਜਕ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਭਾਜਪਾ ਨੇ ਝੁੱਗੀ ਵਾਸੀਆਂ ਲਈ ਕੇਵਲ 4,700 ਫਲੈਟਾਂ ਦਾ ਨਿਰਮਾਣ ਕੀਤਾ ਹੈ। ਕੇਜਰੀਵਾਲ ਨੇ ਇਹ ਵੀ ਦੋਸ਼ ਲਾਇਆ ਕਿ ਭਾਜਪਾ ਦੀ ਯੋਜਨਾ ਝੁੱਗੀ ਵਾਸੀਆਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਦੀ ਥਾਂ ਉਨ੍ਹਾਂ ਦੇ ਕਬਜ਼ੇ ਵਾਲੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਜੇ ਰਾਜਧਾਨੀ ਵਿੱਚ ਭਾਜਪਾ ਸੱਤਾ ਵਿੱਚ ਆ ਗਈ ਤਾਂ ਸਾਰੀਆਂ ਝੁੱਗੀਆਂ ਢਾਹ ਦਿੱਤੀਆਂ ਜਾਣਗੀਆਂ ਅਤੇ ਇੱਥੇ ਰਹਿਣ ਵਾਲੇ ਲੋਕਾਂ ਦੀ ਕੋਈ ਚਿੰਤਾ ਕੀਤੇ ਬਗੈਰ ਉਨ੍ਹਾਂ ਦੀ ਜ਼ਮੀਨ ਨੂੰ ਐਕੁਆਇਰ ਕਰ ਲਵੇਗੀ। ਫੇਰ ਤੁਹਾਨੂੰ ਪਛਤਾਉਣਾ ਪਵੇਗਾ। ਉਨ੍ਹਾਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤਿੰਦਰ ਜੈਨ ਵੀ ਸਨ ਜੋ ਸ਼ਕੂਰ ਬਸਤੀ ਵਿਧਾਨ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਹਨ।
ਜ਼ਿਕਰਯੋਗ ਹੈ ਕਿ ਸਤਿੰਦਰ ਜੈਨ 2013, 2015 ਅਤੇ 2020 ਵਿੱਚ ਇੱਥੋਂ ਜਿੱਤਣ ਮਗਰੋਂ ਚੌਥੀ ਵਾਰ ਇਸ ਹਲਕੇ ਤੋਂ ਚੋਣ ਲੜ ਰਹੇ ਹਨ। ਦਿੱਲੀ ਵਿੱਚ ਪੰਜ ਫਰਵਰੀ ਨੂੰ ਚੋਣਾਂ ਹੋਣੀਆਂ ਹਨ ਅਤੇ ਨਤੀਜੇ ਅੱਠ ਫਰਵਰੀ ਨੂੰ ਘੋਸ਼ਿਤ ਕੀਤੇ ਜਾਣਗੇ। -ਪੀਟੀਆਈ