For the best experience, open
https://m.punjabitribuneonline.com
on your mobile browser.
Advertisement

ਭਾਜਪਾ ਹਰਿਆਣਾ ਵਿਚ ਜਿੱਤ ਦੀ ਹੈਟ੍ਰਿਕ ਲਾਏਗੀ: ਮੋਦੀ

07:36 AM Sep 15, 2024 IST
ਭਾਜਪਾ ਹਰਿਆਣਾ ਵਿਚ ਜਿੱਤ ਦੀ ਹੈਟ੍ਰਿਕ ਲਾਏਗੀ  ਮੋਦੀ
ਕੁਰੂਕਸ਼ੇਤਰ ਵਿਚ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕਰਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹੋਰ ਭਾਜਪਾ ਆਗੂ। -ਫੋਟੋ: ਪੀਟੀਆਈ
Advertisement

ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 14 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਹਰਿਆਣਾ ਦੇ ਲੋਕਾਂ ਨੇ ਫ਼ੈਸਲਾ ਕਰ ਲਿਆ ਹੈ ਕਿ ਭਾਜਪਾ 5 ਅਕਤੂਬਰ ਨੂੰ ਹੋਣ ਵਾਲੀਆਂ ਅਸੈਂਬਲੀ ਚੋਣਾਂ ਵਿਚ ਜਿੱਤ ਦੀ ਹੈਟ੍ਰਿਕ ਲਾਏਗੀ। ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਰਾਖਵਾਂਕਰਨ ਸਣੇ ਕੁਝ ਹੋਰ ਵਿਵਸਥਾਵਾਂ ਨੂੰ ਖ਼ਤਮ ਕਰਨ ਚਾਹੁੰਦੀ ਹੈ ਪਰ ਜਦੋਂ ਤੱਕ ਉਹ ਜਿਊਂਦੇ ਹਨ ਦਲਿਤਾਂ, ਹੋਰਨਾਂ ਪੱਛੜੇ ਵਰਗਾਂ ਤੇ ਆਦਿਵਾਸੀਆਂ ਨੂੰ ਰਾਖਵਾਂਕਰਨ ਮਿਲਦਾ ਰਹੇਗਾ। ਅਸੈਂਬਲੀ ਚੋਣਾਂ ਦੇ ਐਲਾਨ ਤੋਂ ਬਾਅਦ ਹਰਿਆਣਾ ਵਿਚ ਆਪਣੀ ਪਲੇਠੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਜਿੱਥੇ ਕੇਂਦਰ ਵਿਚ ਆਪਣੇ ਤੀਜੇ ਕਾਰਜਕਾਲ ਦੌਰਾਨ ਆਪਣੀ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਤਾਰੀਫ਼ ਕੀਤੀ, ਉਥੇ ਕਾਂਗਰਸ ਨੂੰ ਵੱਖ ਵੱਖ ਮੁੱਦਿਆਂ ’ਤੇ ਘੇਰਿਆ। ਉਨ੍ਹਾਂ ਕਿਹਾ ਕਿ ਕੇਂਦਰ ਦੀ ਨਵੀਂ ਐੱਨਡੀਏ ਸਰਕਾਰ ਨੇ ਅਜੇ ਆਪਣੇ 100 ਦਿਨ ਪੂਰੇ ਨਹੀਂ ਕੀਤੇ ਪਰ ਇਸ ਨੇ 15 ਲੱਖ ਕਰੋੜ ਦੀ ਲਾਗਤ ਵਾਲੇ ਕੰਮ ਪਹਿਲਾਂ ਹੀ ਸ਼ੁਰੂ ਕਰ ਦਿੱਤੇ ਹਨ। ਇਥੇ ਥੀਮ ਪਾਰਕ ਵਿਚ ਜਨ ਆਸ਼ੀਰਵਾਦ ਰੈਲੀ ਨੂੰ ਸੰਬੋਧਨ ਕਰਦਿਆਂ ਹਰਿਆਣਾ ਦੀਆਂ ਪਿਛਲੀਆਂ ਕਾਂਗਰਸ ਸਰਕਾਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸ੍ਰੀ ਮੋਦੀ ਨੇ ਕਿਹਾ, ‘ਅਸੀਂ ਕਾਂਗਰਸ ਸਰਕਾਰਾਂ ਦੇ ਕਾਰਜਕਾਲ ਨੂੰ ਵੀ ਦੇਖਿਆ ਹੈ ਜਦੋਂ ਵਿਕਾਸ ਲਈ ਆਉਂਦੇ ਪੈਸੇ ਨੂੰ ਸਿਰਫ਼ ਇਕ ਜ਼ਿਲ੍ਹੇ ਤੱਕ ਸੀਮਤ ਕਰ ਦਿੱਤਾ ਜਾਂਦਾ ਸੀ।’ ਉਨ੍ਹਾਂ ਕਿਹਾ ਕਿ ਹਰਿਆਣਾ ਦੇ ਬੱਚੇ ਬੱਚੇ ਨੂੰ ਪਤਾ ਹੈ ਕਿ ਉਹ ਪੈਸਾ ਕਿਸ ਦੀਆਂ ਜੇਬਾਂ ਵਿਚ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸਭ ਜ਼ਿਲ੍ਹਿਆਂ ਵਿਚ ਇਕੋ ਜਿਹੇ ਵਿਕਾਸ ਕੰਮ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਿਆਸਤ ਦੇਸ਼ ਵਿਚ ਝੂਠ ਤੇ ਬਦਅਮਨੀ ਫੈਲਾਉਣ ਤੱਕ ਸੀਮਤ ਰਹਿ ਗਈ ਹੈ। ਅੱਜ ਦੀ ਕਾਂਗਰਸ ਸ਼ਹਿਰੀ ਨਕਸਲ ਦਾ ਨਵਾਂ ਰੂਪ ਬਣ ਗਈ ਹੈ ਤੇ ਉਨ੍ਹਾਂ ਨੂੰ ਝੂਠ ਬੋਲਣ ਲੱਗਿਆਂ ਵੀ ਸ਼ਰਮ ਨਹੀਂ ਆਉਂਦੀ।
ਪ੍ਰਧਾਨ ਮੰਤਰੀ ਕਿਸਾਨਾਂ ਦੇ ਮੁੁੱਦੇ ’ਤੇ ਵੀ ਕਾਂਗਰਸ ਨੂੰ ਜਮ ਕੇ ਭੰਡਿਆ। ਉਨ੍ਹਾਂ ਕਿਹਾ ਕਿ ਪਾਰਟੀ (ਕਾਂਗਰਸ) ਘੱਟੋ-ਘੱਟ ਸਮਰਥਨ ਮੁੱਲ ’ਤੇ ਰੌਲਾ-ਰੱਪਾ ਪਾਉਂਦੀ ਹੈ, ਪਰ ‘ਮੈਂ ਉਨ੍ਹਾਂ ਨੂੰ ਸਵਾਲ ਪੁੱਛਦਾ ਹਾਂ ਕਿ ਉਨ੍ਹਾਂ ਨੇ ਕਰਨਾਟਕ ਤੇ ਤਿਲੰਗਾਨਾ ਵਿਚ ਕਿੰਨੀਆਂ ਕੁ ਫ਼ਸਲਾਂ ਦੀ ਐੱਮਐੱਸਪੀ ’ਤੇ ਖਰੀਦ ਕੀਤੀ ਹੈ।’ ਉਨ੍ਹਾਂ ਸਵਾਲ ਕੀਤਾ, ‘ਕੀ ਕਿਸੇ ਕਿਸਾਨ ਨੂੰ ਕਾਂਗਰਸ ਦੀ ਸੱਤਾ ਦੌਰਾਨ ਉਨ੍ਹਾਂ ਦੇ ਖਾਤਿਆਂ ਵਿਚ ਪੈਸੇ ਮਿਲੇ।’ ਉਨ੍ਹਾਂ ਕਿਹਾ ਕਿ ਕਾਂਗਰਸ ਸ਼ਾਸਿਤ ਹਿਮਾਚਲ ਪ੍ਰਦੇਸ਼ ਵਿਚ ਅੱਜ ਕੋਈ ਵੀ ਖ਼ੁਸ਼ ਨਹੀਂ ਹੈ ਕਿਉਂਕਿ ਸੂਬਾ ਸਰਕਾਰ ਅਰਥਚਾਰੇ ਦੇ ਪ੍ਰਬੰਧ ਤੇ ਮਹਿੰਗਾਈ ਨੂੰ ਕਾਬੂ ਹੇਠ ਰੱਖਣ ਵਿਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਵਿਚ ਕਾਂਗਰਸ ਨੇ ਬਿਜਲੀ, ਪਾਣੀ, ਪੈਟਰੋਲ ਤੇ ਡੀਜ਼ਲ ਸਣੇ ਸਭ ਕੁਝ ਮਹਿੰਗਾ ਕਰ ਦਿੱਤਾ ਹੈ। ਸ੍ਰੀ ਮੋਦੀ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਨਿਮਰਤਾ ਦੀ ਤਾਰੀਫ਼ ਕੀਤੀਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਬਾ ਨਿਵੇਸ਼ ਤੇ ਮਾਲੀਏ ਦੇ ਮਾਮਲੇ ਵਿਚ ਸਿਖਰਲੇ ਰਾਜਾਂ ’ਚੋਂ ਇਕ ਹੈ। ਉਨ੍ਹਾਂ ਕਿਹਾ ਕਿ ਲੋੋਕਾਂ ਨੇ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਕੇਂਦਰ ਵਿਚ ਤੀਜਾ ਕਾਰਜਕਾਲ ਦਿੱਤਾ ਤੇ ਉਨ੍ਹਾਂ ਦੇ ਇਸ ਜੋਸ਼ ਨੂੰ ਦੇਖੀਏ ਤਾਂ ਭਾਜਪਾ ਹਰਿਆਣਾ ਵਿਚ ਵੀ ਜਿੱਤ ਦੀ ਹੈਟ੍ਰਿਕ ਲਾਏਗੀ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੁਰੂਕਸ਼ੇਤਰ ਦੇ ਸੰਸਦ ਮੈਂਬਰ ਨਵੀਨ ਜਿੰਦਲ, ਸੂਬਾਈ ਪ੍ਰਧਾਨ ਮੋਹਨ ਲਾਲ ਬਡੋਲੀ, ਗਿਆਨ ਚੰਦ ਗੁਪਤਾ, ਅਨਿਲ ਵਿੱਜ, ਅਸੀਮ ਗੋਇਲ, ਭਾਜਪਾ ਉਮੀਦਵਾਰ ਜਗਮੋਹਨ ਆਨੰਦ (ਕਰਨਾਲ), ਯੋਗੇਂਦਰ ਰਾਣਾ (ਅਸੰਧ), ਰਾਮਕੁਮਾਰ ਕਸ਼ਯਪ(ਇੰਦਰੀ), ਹਰਵਿੰਦਰਕਲਿਆਣ (ਘਰੌਂਡਾ), ਭਗਵਾਨ ਦਾਸ (ਨੀਲੋਖੇੜੀ), ਸੁਭਾਸ਼ ਕਲਸਾਨਾ (ਸ਼ਾਹਾਬਾਦ), ਜੈ ਭਗਵਾਨ ਸ਼ਰਮਾ(ਪਿਹੋਵਾ), ਸੁਭਾਸ਼ ਸੁਧਾ(ਥਾਨੇਸਰ), ਲੀਲਾ ਰਾਮ ਗੁਰਜਰ (ਕੈਥਲ), ਘਨਸ਼ਿਆਮ ਦਾਸ ਅਰੋੜਾ (ਯਮੁਨਾਨਗਰ), ਕੁਲਵੰਤ ਬਾਜ਼ੀਗਰ (ਗੂਹਲਾ) ਆਦਿ ਸਣੇ ਸੈਂਕੜੇ ਭਾਜਪਾ ਵਰਕਰ ਹਾਜ਼ਰ ਸਨ। ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ 5 ਅਕਤੂੂਬਰ ਨੂੰ ਵੋਟਾਂ ਪੈਣੀਆਂ ਹਨ ਜਦੋਂਕਿ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ।

Advertisement

Advertisement
Advertisement
Author Image

sukhwinder singh

View all posts

Advertisement