ਦਿੱਲੀ ਤੇ ਪੰਜਾਬ ’ਚ ‘ਆਪ’ ਸਰਕਾਰਾਂ ਡੇਗਣ ਦੀ ਯੋਜਨਾ ਘੜੀ ਬੈਠੀ ਸੀ ਭਾਜਪਾ: ਕੇਜਰੀਵਾਲ
ਨਵੀਂ ਦਿੱਲੀ, 12 ਮਈ
‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਮਗਰੋਂ ਭਾਜਪਾ ਦਿੱਲੀ ਤੇ ਪੰਜਾਬ ਵਿਚ ‘ਆਪ’ ਸਰਕਾਰਾਂ ਡੇਗਣ ਦੀਆਂ ਵਿਉਂਤਾਂ ਘੜ ਰਹੀ ਸੀ, ਪਰ ਇਹ ਯੋਜਨਾ ਸਫ਼ਲ ਨਹੀਂ ਹੋਈ। ਕੇਜਰੀਵਾਲ ਨੇ ਆਪਣੀ ਸਰਕਾਰੀ ਰਿਹਾਇਸ਼ ’ਤੇ ‘ਆਪ’ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ‘ਮੇਰੀ ਗ੍ਰਿਫ਼ਤਾਰੀ ਤੋਂ ਬਾਅਦ’ ਪਹਿਲਾਂ ਨਾਲੋਂ ਵੀ ਵੱਧ ਮਜ਼ਬੂਤ ਹੋਈ ਹੈ। ਕੇਜਰੀਵਾਲ ਨੇ ਕਿਹਾ, ‘‘ਭਾਜਪਾ ਦੇ ਲੋਕ ਮੇਰੀ ਗ੍ਰਿਫ਼ਤਾਰੀ ਤੋਂ ਪਹਿਲਾਂ ਕਹਿੰਦੇ ਸਨ ਕਿ ਉਹ ਪਾਰਟੀ(ਆਪ) ਤੋੜ ਦੇਣਗੇ ਅਤੇ ਦਿੱਲੀ ਤੇ ਪੰਜਾਬ ਵਿਚ ਸਰਕਾਰਾਂ ਦੇ ਤਖ਼ਤੇ ਪਲਟ ਦੇਣਗੇ।’’ ਉਨ੍ਹਾਂ ਕਿਹਾ, ‘‘ਉਨ੍ਹਾਂ ਦੀ ਯੋਜਨਾ ਸੀ ਕਿ ਉਹ ਮੈਨੂੰ ਗ੍ਰਿਫਤਾਰ ਕਰ ਲੈਣਗੇ, ਪਾਰਟੀ ਤੋੜਨਗੇ ਅਤੇ ਪਹਿਲਾਂ ਦਿੱਲੀ ’ਚ ਤੇ ਮਗਰੋਂ ਪੰਜਾਬ ਵਿਚ ਵੀ ਸਰਕਾਰ ਡੇਗ ਦੇਣਗੇ। ਗ੍ਰਿਫ਼ਤਾਰੀ ਮਗਰੋਂ ਉਨ੍ਹਾਂ ਦੀ ਯੋਜਨਾ ਨਾਕਾਮ ਹੋ ਗਈ। ਤੁਸੀਂ ਸਾਰੇ ਨਹੀਂ ਟੁੱਟੇ।’’ ਈਡੀ ਵੱਲੋਂ ਕਥਿਤ ਦਿੱਲੀ ਆਬਕਾਰੀ ਨੀਤੀ ਘੁਟਾਲਾ ਕੇਸ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ 21 ਮਾਰਚ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਸੁਪਰੀਮ ਕੋਰਟ ਨੇ 10 ਮਈ ਨੂੰ ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ਵਿਚ ਪ੍ਰਚਾਰ ਲਈ ਅੰਤਰਿਮ ਜ਼ਮਾਨਤ ਦਿੱਤੀ ਸੀ। -ਪੀਟੀਆਈ