ਵੋਟ ਦਾ ਅਧਿਕਾਰ ਖੋਹਣਾ ਚਾਹੁੰਦੀ ਹੈ ਭਾਜਪਾ: ਅਖਿਲੇਸ਼
ਮੁਰਾਦਾਬਾਦ/ਬਿਜਨੌਰ (ਉੱਤਰ ਪ੍ਰਦੇਸ਼), 17 ਅਪਰੈਲ
ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸੱਤਾਧਾਰੀ ਭਾਜਪਾ ’ਤੇ ਦੋਸ਼ ਲਾਉਂਦਿਆਂ ਅੱਜ ਕਿਹਾ ਕਿ ਦੇਸ਼ ਦਾ ਸੰਵਿਧਾਨ ਬਦਲਣ ਅਤੇ ਲੋਕਾਂ ਤੋਂ ਵੋਟ ਦਾ ਅਧਿਕਾਰ ਖੋਹਣ ਲਈ ਹੀ ਭਾਜਪਾ ਨੇ ਲੋਕ ਸਭਾ ਚੋਣਾਂ ਵਿੱਚ ‘400 ਪਾਰ’ ਦਾ ਨਾਅਰਾ ਦਿੱਤਾ ਹੈ। ਅਖਿਲੇਸ਼ ਨੇ ਮੁਰਾਦਾਬਾਦ ਤੋਂ ਸਪਾ ਉਮੀਦਵਾਰ ਰੁਚੀ ਵੀਰਾ ਦੇ ਸਮਰਥਨ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਜੇਕਰ ਕੋਈ ਸਰਕਾਰ ਸੰਵਿਧਾਨ ਮੁਤਾਬਕ ਕੰਮ ਕਰਦੀ ਹੈ ਤਾਂ ਉਹ ਕਿਸੇ ਵੀ ਭਾਈਚਾਰੇ ਖਿਲਾਫ਼ ਪੱਖਪਾਤ ਦੀ ਭਾਵਨਾ ਨਾਲ ਕੰਮ ਨਹੀਂ ਕਰ ਸਕਦੀ। ਪਰ ਜਦੋਂ ਤੋਂ ਭਾਜਪਾ ਸੱਤਾ ਵਿਚ ਆਈ ਹੈ, ਉਦੋਂ ਤੋਂ ਉਸ ਦੀ ਸਰਕਾਰ ਨੇ ਲੋਕਾਂ ਨਾਲ ਸਿਰਫ਼ ਬੇਇਨਸਾਫ਼ੀ ਕੀਤੀ ਹੈ।’’
ਉਨ੍ਹਾਂ ਕਿਸਾਨਾਂ ਦੇ ਜ਼ੋਰਦਾਰ ਵਿਰੋਧ ਮਗਰੋਂ ਵਾਪਸ ਲਏ ਗਏ ਤਿੰਨ ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਯਾਦ ਕਰਦਿਆਂ ਕਿਹਾ, ‘‘ਸਰਕਾਰ ਨੇ ਖੇਤੀ ਕਾਨੂੰਨ ਤਾਂ ਵਾਪਸ ਲੈ ਲਏ, ਪਰ ਭਾਜਪਾ ਆਗੂ ਜਿਸ ਤਰ੍ਹਾਂ 400 ਪਾਰ ਦਾ ਨਾਅਰਾ ਲਾ ਰਹੇ ਹਨ, ਅਜਿਹੇ ਵਿੱਚ ਜੇਕਰ ਉਹ ਸੱਤਾ ਵਿੱਚ ਆ ਗਏ ਤਾਂ ਸੰਭਵ ਹੈ ਕਿ ਉਹ ਸੰਵਿਧਾਨ ਨੂੰ ਹੀ ਬਦਲ ਦੇਣ। ਇੱਥੋਂ ਤੱਕ ਕਿ ਉਹ ਸਾਡਾ ਵੋਟ ਦਾ ਹੱਕ ਵੀ ਖੋਹ ਸਕਦੇ ਹਨ।’’
ਸਪਾ ਪ੍ਰਧਾਨ ਨੇ ਨੋਟਬੰਦੀ ਅਤੇ ਚੋਣ ਬਾਂਡ ਨੂੰ ਲੈ ਕੇ ਵੀ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਸਰਕਾਰ ’ਤੇ ਹਮਲਾ ਬੋਲਿਆ। ਸਪਾ ਉਮੀਦਵਾਰ ਰੁਚੀ ਵੀਰਾ ਨੇ ਵੀ ਦੋਸ਼ ਲਾਇਆ ਕਿ ਭਾਜਪਾ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਸਭਾ ਚੋਣਾਂ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹਨ। -ਪੀਟੀਆਈ
ਬਿਜਨੌਰ ਵਿੱਚ ਸੰਜੈ ਸਿੰਘ ਨੇ ਰੈਲੀ ਨੂੰ ਕੀਤਾ ਸੰਬੋਧਨ
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਅਖਿਲੇਸ਼ ਨਾਲ ਬਿਜਨੌਰ ਲੋਕ ਸਭਾ ਹਲਕੇ ਦੇ ਨਗੀਨਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਜਨਤਕ ਮੁੱਦਿਆਂ ਨੂੰ ਲੈ ਕੇ ਭਾਜਪਾ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ, ‘‘ਜਦੋਂ ਅਖਿਲੇਸ਼ ਯਾਦਵ ਜੀ ਚੋਣ ਮੀਟਿੰਗ ਵਿੱਚ ਜਾਂਦੇ ਹਨ ਤਾਂ ਸਕੂਲਾਂ, ਐਂਬੂਲੈਂਸ ਸੇਵਾ ਅਤੇ ਬੇਰੁਜ਼ਗਾਰੀ ਭੱਤੇ ਦੀ ਗੱਲ ਕਰਦੇ ਹਨ। ਉਨ੍ਹਾਂ ਦੇ ਉਲਟ ਜਦੋਂ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਰੈਲੀ ਵਿੱਚ ਜਾਂਦੇ ਹਨ ਤਾਂ ਸ਼ਮਸ਼ਾਨਘਾਟ ਅਤੇ ਕਬਰਿਸਤਾਨ ਦੀ ਗੱਲ ਕਰਦੇ ਹਨ।’’ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ 19 ਅਪਰੈਲ ਨੂੰ ਮੁਰਾਦਾਬਾਦ ਅਤੇ ਬਿਜਨੌਰ ’ਚ ਵੋਟਿੰਗ ਹੋਵੇਗੀ।