ਚੋਣ ਬਾਂਡ ਰਾਹੀਂ ਦੇਸ਼ ਨੂੰ ਹੋਰ ਲੁੱਟਣਾ ਚਾਹੁੰਦੀ ਹੈ ਭਾਜਪਾ: ਕਾਂਗਰਸ
ਨਵੀਂ ਦਿੱਲੀ, 20 ਅਪਰੈਲ
ਕਾਂਗਰਸ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਚੋਣ ਬਾਂਡ ਨਾਲ ਸਬੰਧਤ ਬਿਆਨ ’ਤੇ ਘੇਰਦਿਆਂ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਨੇ ਇਸ ਯੋਜਨਾ ਨਾਲ ਜਨਤਾ ਦੇ ਚਾਰ ਲੱਖ ਕਰੋੜ ਰੁਪਏ ਲੁੱਟੇ ਹਨ ਅਤੇ ਅੱਗੇ ਵੀ ਇਹ ਲੁੱਟ ਜਾਰੀ ਰੱਖਣਾ ਚਾਹੁੰਦੀ ਹੈ। ਪਾਰਟੀ ਦੇ ਜਨਰਲ ਸਕੱਤਰ ਨੇ ਇਹ ਦਾਅਵਾ ਵੀ ਕੀਤਾ ਕਿ ਜ਼ਮੀਨੀ ਪੱਧਰ ਤੋਂ ਮਿਲ ਰਹੀਆਂ ਖ਼ਬਰਾਂ ਅਨੁਸਾਰ ਭਾਜਪਾ ਸੱਤਾ ਤੋਂ ਬਾਹਰ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸੀਤਾਰਾਮਨ ਨੇ ਇੱਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੀ ਇੰਟਰਵਿਊ ’ਚ ਕਿਹਾ ਸੀ ਕਿ ਚੋਣ ਬਾਂਡ ਨੂੰ ਸਬੰਧਤ ਧਿਰਾਂ ਨਾਲ ਵਿਚਾਰ-ਚਰਚਾ ਤੋਂ ਬਾਅਦ ਕਿਸੇ ਨਾ ਕਿਸੇ ਰੂਪ ’ਚ ਵਾਪਲ ਲਿਆਂਦਾ ਜਾਵੇਗਾ।
ਰਮੇਸ਼ ਨੇ ਐਕਸ ’ਤੇ ਪੋਸਟ ਕਰਕੇ ਕਿਹਾ, ‘ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਹੈ ਕਿ ਜੇਕਰ ਭਾਜਵਾ ਸੱਤਾ ’ਚ ਵਾਪਸ ਆਉਂਦੀ ਹੈ ਤਾਂ ਉਹ ਚੋਣ ਬਾਂਡ ਵਾਪਸ ਲਿਆਏਗੀ ਜਿਸ ਨੂੰ ਸੁਪਰੀਮ ਕੋਰਟ ਨੇ ਗ਼ੈਰਸੰਵਿਧਾਨਕ ਕਰਾਰ ਦਿੰਦਿਆਂ ਅਵੈਧ ਕਰਾਰ ਦਿੱਤਾ ਹੈ। ਅਸੀਂ ਜਾਣਦੇ ਹਾਂ ਕਿ ਭਾਜਪਾ ਨੇ ‘ਪੇ-ਪੀਐੱਮ’ ਘੁਟਾਲੇ ’ਚ ਜਨਤਾ ਦੇ 4 ਲੱਖ ਕਰੋੜ ਰੁਪਏ ਲੁੱਟੇ ਹਨ। ਉਹ ਇਸ ਲੁੱਟ ਨੂੰ ਜਾਰੀ ਰੱਖਣਾ ਚਾਹੁੰਦੇ ਹਨ।’ ਉਨ੍ਹਾਂ ਕਿਹਾ, ‘ਸੋਚੋ ਜੇਕਰ ਉਹ ਜਿੱਤਦੇ ਹਨ ਅਤੇ ਚੋਣ ਬਾਂਡ ਨੂੰ ਬਹਾਲ ਕਰਦੇ ਹਨ ਤਾਂ ਇਸ ਵਾਰ ਕਿੰਨਾ ਲੁੱਟਣਗੇ।’ ਰਮੇਸ਼ ਨੇ ਕਿਹਾ, ‘ਸਾਡੀ ਜ਼ਿੰਦਗੀ ’ਚ ਭਾਰਤ ਦੀ ਇਹ ਸਭ ਤੋਂ ਅਹਿਮ ਚੋਣ ਹੈ। ਸ਼ੁਕਰ ਹੈ ਕਿ ‘ਭ੍ਰਿਸ਼ਟ ਬ੍ਰਿਗੇਡ’ ਸੱਤਾ ਤੋਂ ਬਾਹਰ ਜਾ ਰਹੀ ਹੈ, ਜ਼ਮੀਨੀ ਖ਼ਬਰਾਂ ਤੋਂ ਅਜਿਹਾ ਬਿਲਕੁਲ ਸਪੱਸ਼ਟ ਨਜ਼ਰ ਆ ਰਿਹਾ ਹੈ।’ ਇਸੇ ਦੌਰਾਨ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਕਿਹਾ ਕਿ ਭਾਜਪਾ ਇਹ ਦਾਅਵਾ ਕਰ ਰਹੀ ਹੈ ਕਿ ਪਾਰਦਰਸ਼ਤਾ ਲਿਆਉਣ ਲਈ ਚੋਣ ਬਾਂਡ ਯੋਜਨਾ ਲਿਆਂਦੀ ਗਈ ਸੀ ਜਦਕਿ ਸੁਪਰੀਮ ਕੋਰਟ ਪਾਰਟੀ ਦੇ ਇਸ ਦਾਅਵੇ ਦੇ ਉਲਟ ਯੋਜਨਾ ਨੂੰ ਗ਼ੈਰ-ਸੰਵਿਧਾਨਕ ਐਲਾਨ ਚੁੱਕਾ ਹੈ। ਸਿੱਬਲ ਨੇ ਕੇਂਦਰੀ ਵਿੱਤ ਮੰਤਰੀ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ, ‘ਨਿਰਮਲਾ ਸੀਤਾਰਾਮਨ ਨੇ ਇੱਕ ਇੰਟਰਵਿਊ ’ਚ ਕਿਹਾ ਹੈ ਕਿ ਅਸੀਂ ਚੋਣ ਬਾਂਡ ਵਾਪਸ ਲਿਆਵਾਂਗੇ ਅਤੇ ਇੰਟਰਵਿਊ ’ਚ ਇਹ ਵੀ ਕਿਹਾ ਗਿਆ ਹੈ ਕਿ ਚੋਣ ਬਾਂਡ ਯੋਜਨਾ ਪਾਰਦਰਸ਼ਤਾ ਲਿਆਉਣ ਲਈ ਲਿਆਂਦੀ ਗਈ ਸੀ। ਇਹ ਸੁਪਰੀਮ ਕੋਰਟ ਦੀ ਟਿੱਪਣੀ ਤੋਂ ਬਿਲਕੁਲ ਉਲਟ ਹੈ।’ ਉਨ੍ਹਾਂ ਚੋਣ ਬਾਂਡ ਦੇ ਮੁੱਦੇ ’ਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੂੰ ਵੀ ਨਿਸ਼ਾਨੇ ’ਤੇ ਲਿਆ ਅਤੇ ਪੁੱਛਿਆ ਕਿ ਉਹ ਇਸ ਮਾਮਲੇ ’ਚ ਚੁੱਪ ਕਿਉਂ ਹਨ। ਉਨ੍ਹਾਂ ਚੋਣ ਬਾਂਡ ਦਾ ਬਚਾਅ ਕਰਨ ਲਈ ਪ੍ਰਧਾਨ ਮੰਤਰੀ ਨੂੰ ਘੇਰਦਿਆਂ ਕਿਹਾ ਕਿ ਚੋਣਾਂ ਦੌਰਾਨ ਅਜਿਹੀਆਂ ਗੱਲਾਂ ਕਰਨਾ ਗਲਤ ਹੈ। -ਪੀਟੀਆਈ