ਦਿੱਲੀ ’ਚ ਬਿਜਲੀ ਦਰਾਂ ਵਧਾਉਣਾ ਚਾਹੁੰਦੀ ਹੈ ਭਾਜਪਾ: ਆਤਿਸ਼ੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਸਤੰਬਰ
ਦਿੱਲੀ ਦੀ ਨਵ-ਨਿਯੁਕਤ ਮੁੱਖ ਮੰਤਰੀ ਆਤਿਸ਼ੀ ਨੇ ਦੋਸ਼ ਲਾਇਆ ਕਿ ਭਾਜਪਾ ਉਪ ਰਾਜਪਾਲ ਰਾਹੀਂ ਕੌਮੀ ਰਾਜਧਾਨੀ ਵਿੱਚ ਬਿਜਲੀ ਦੀਆਂ ਦਰਾਂ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਵਿੱਚ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਆਤਿਸ਼ੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਮੁੜ ਮੁੱਖ ਮੰਤਰੀ ਬਣਾਉਣਾ ਜ਼ਰੂਰੀ ਹੈ ਤਾਂ ਜੋ ਦਿੱਲੀ ਨੂੰ ਉੱਤਰ ਪ੍ਰਦੇਸ਼ ਵਾਂਗ ਮਹਿੰਗੀ ਬਿਜਲੀ ਅਤੇ ਬਿਜਲੀ ਦੇ ਲੰਮੇ ਕੱਟ ਨਾ ਦੇਖਣੇ ਪੈਣ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ 24 ਘੰਟੇ ਬਿਜਲੀ ਅਤੇ ਸਸਤੀ ਬਿਜਲੀ ਮਿਲਦੀ ਰਹੇ। ਇਸ ਲਈ ਅਰਵਿੰਦ ਕੇਜਰੀਵਾਲ ਨੂੰ ਇੱਕ ਵਾਰ ਫਿਰ ਦਿੱਲੀ ਦਾ ਮੁੱਖ ਮੰਤਰੀ ਬਣਾਉਣਾ ਬਹੁਤ ਜ਼ਰੂਰੀ ਹੈ।
ਆਤਿਸ਼ੀ ਨੇ ਕਿਹਾ ਕਿ ਭਾਜਪਾ ਦਾ ਬਿਜਲੀ ਮਾਡਲ ਸਭ ਤੋਂ ਮਹਿੰਗੀ ਬਿਜਲੀ ਅਤੇ ਲੰਬੇ ਬਿਜਲੀ ਕੱਟ ਵਾਲਾ ਹੈ। ਇਸ ਗਰਮੀਆਂ ’ਚ ਗੁਰੂਗ੍ਰਾਮ, ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ’ਚ ਅੱਠ-ਅੱਠ ਘੰਟੇ ਬਿਜਲੀ ਕੱਟ ਲੱਗੇ। ਜਦੋਂਕਿ ਅਰਵਿੰਦ ਕੇਜਰੀਵਾਲ ਦਾ ਮਾਡਲ ਦੇਸ਼ ਦਾ ਸਭ ਤੋਂ ਸਸਤਾ ਹੈ ਅਤੇ 24 ਘੰਟੇ ਬਿਜਲੀ ਦਿੰਦਾ ਹੈ। ਪਿਛਲੇ ਜੂਨ ਵਿੱਚ ਦਿੱਲੀ ਵਿੱਚ 8400 ਮੈਗਾਵਾਟ ਦੀ ਬਹੁਤ ਜ਼ਿਆਦਾ ਮੰਗ ਦੇ ਬਾਵਜੂਦ ਕਿਤੇ ਵੀ ਬਿਜਲੀ ਕੱਟ ਨਹੀਂ ਸੀ ਲੱਗਿਆ।
ਉਨ੍ਹਾਂ ਕਿਹਾ ਕਿ ਭਾਜਪਾ ਸ਼ਾਸਤ ਸੂਬਿਆਂ ਵਿੱਚ ਬਿਜਲੀ ਦੀਆਂ ਕੀਮਤਾਂ ਦਿੱਲੀ ਨਾਲੋਂ ਚਾਰ ਗੁਣਾਂ ਵੱਧ ਹਨ। ਦਿੱਲੀ ਵਿੱਚ 400 ਯੂਨਿਟ ਬਿਜਲੀ ਦਾ ਬਿੱਲ 980 ਰੁਪਏ ਹੈ, ਜਦੋਂਕਿ ਭਾਜਪਾ ਸ਼ਾਸਿਤ ਮੱਧ ਪ੍ਰਦੇਸ਼ ਵਿੱਚ ਇਹ 3800 ਰੁਪਏ ਅਤੇ ਮਹਾਰਾਸ਼ਟਰ ਵਿੱਚ 4460 ਰੁਪਏ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਪਣੇ ਉਪ ਰਾਜਪਾਲ ਰਾਹੀਂ ਦਿੱਲੀ ਵਿੱਚ ਵੀ ਬਿਜਲੀ ਮਹਿੰਗੀ ਕਰਨ ਦੀ ਕੋਈ ਨਾ ਕੋਈ ਸਾਜ਼ਿਸ਼ ਜ਼ਰੂਰ ਰਚੇਗੀ ਪਰ ‘ਆਪ’ ਦਿੱਲੀ ਵਿੱਚ ਬਿਜਲੀ ਦੀਆਂ ਕੀਮਤਾਂ ਨਹੀਂ ਵਧਣ ਦੇਵੇਗੀ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਇੱਕ ਕਿਲੋਵਾਟ ਦੇ ਛੋਟੇ ਕੁਨੈਕਸ਼ਨ ਲੈਣ ਵਾਲੇ ਕਿਸਾਨ ਪਰਿਵਾਰਾਂ ਲਈ ਬਿਜਲੀ ਕੁਨੈਕਸ਼ਨ ਦੀ ਕੀਮਤ 250 ਫੀਸਦੀ ਵਧਾ ਦਿੱਤੀ ਹੈ। ਉਹ ਪਹਿਲਾਂ ਸਿਰਫ਼ 1200 ਰੁਪਏ ਅਦਾ ਕਰਦੇ ਸਨ, ਜੋ ਹੁਣ 3000 ਰੁਪਏ ਕਰ ਦਿੱਤੇ ਗਏ ਹਨ। ਇਸੇ ਤਰ੍ਹਾਂ ਪੰਜ ਕਿਲੋਵਾਟ ਕੁਨੈਕਸ਼ਨ ਲਈ 118 ਫੀਸਦੀ ਦਾ ਵਾਧਾ ਹੋਇਆ ਹੈ। ਨੋਇਡਾ, ਗ੍ਰੇਟਰ-ਨੋਇਡਾ, ਗਾਜ਼ੀਆਬਾਦ, ਸਾਹਿਬਾਬਾਦ ਵਰਗੇ ਵੱਡੇ ਸ਼ਹਿਰਾਂ ਵਿੱਚ ਅੱਠ-ਅੱਠ ਘੰਟੇ ਦਾ ਬਿਜਲੀ ਕੱਟ ਰਿਹਾ। ਦਿੱਲੀ ਵਿੱਚ 37 ਲੱਖ ਅਜਿਹੇ ਪਰਿਵਾਰ ਹਨ ਜਿਨ੍ਹਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਹੈ। 200 ਤੋਂ 400 ਯੂਨਿਟ ਬਿਜਲੀ ਦੀ ਵਰਤੋਂ ਕਰਨ ਵਾਲੇ 15 ਲੱਖ ਪਰਿਵਾਰਾਂ ਦਾ ਬਿੱਲ ਅੱਧਾ ਆਉਂਦਾ ਹੈ।