For the best experience, open
https://m.punjabitribuneonline.com
on your mobile browser.
Advertisement

ਗੁਰੂਘਰਾਂ ’ਚ ਆਰਐੱਸਐੱਸ ਦੀ ਸੋਚ ਲਾਗੂ ਕਰਨਾ ਚਾਹੁੰਦੀ ਹੈ ਭਾਜਪਾ: ਸੁਖਬੀਰ

08:05 AM May 08, 2024 IST
ਗੁਰੂਘਰਾਂ ’ਚ ਆਰਐੱਸਐੱਸ ਦੀ ਸੋਚ ਲਾਗੂ ਕਰਨਾ ਚਾਹੁੰਦੀ ਹੈ ਭਾਜਪਾ  ਸੁਖਬੀਰ
ਅੰਮ੍ਰਿਤਸਰ ਵਿੱਚ ਰੈਲੀ ਦੌਰਾਨ ਸੁਖਬੀਰ ਸਿੰਘ ਬਾਦਲ ਅਤੇ ਅਨਿਲ ਜੋਸ਼ੀ।-ਫੋਟੋ: ਵਿਸ਼ਾਲ ਕੁਮਾਰ
Advertisement

ਜਗਤਾਰ ਸਿੰਘ ਲਾਂਬਾ/ਰਣਬੀਰ ਸਿੰਘ ਮਿੰਟੂ
ਅੰਮ੍ਰਿਤਸਰ/ਚੇਤਨਪੁਰਾ, 7 ਮਈ
ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਅਨਿਲ ਜੋਸ਼ੀ ਦੇ ਹੱਕ ਵਿੱਚ ਹਲਕਾ ਅਜਨਾਲਾ ਦੇ ਇੰਚਾਰਜ ਜੋਧ ਸਿੰਘ ਸਮਰਾ ਦੀ ਅਗਵਾਈ ਹੇਠ ਪਿੰਡ ਦਾਲਮ ਦੇ ਪੈਲੇਸ ਵਿੱਚ ਅੱਜ ਚੋਣ ਰੈਲੀ ਕੀਤੀ ਗਈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਸਿਰਫ਼ ਪੰਜਾਬ ਨੂੰ ਲੁੱਟਣ ਲਈ ਇਥੇ ਆਈਆਂ ਹਨ ਤੇ ਇਸ ਦੀ ਉਦਾਹਰਨ ਸਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਅੱਜ ਤੋਂ 40 ਸਾਲ ਪਹਿਲਾਂ ਹਰਿਮੰਦਰ ਸਾਹਿਬ ’ਤੇ ਹਮਲਾ ਕਰਵਾਇਆ ਤੇ ਦਿੱਲੀ ਵਿੱਚ ਸਿੱਖ ਕਤਲੇਆਮ ਕਰਵਾਇਆ। ਉਨ੍ਹਾਂ ਕਿਹਾ ਕਿ ਭਾਜਪਾ ਜਦੋਂ ਅਕਾਲੀ ਦਲ ਨਾਲ ਸੀ ਤਾਂ ਉਨ੍ਹਾਂ ਦੀ ਹਿੰਮਤ ਨਹੀਂ ਸੀ ਪਈ ਕਿ ਸਿੱਖ ਪੰਥ ’ਤੇ ਹਮਲਾ ਕਰ ਸਕੀਏ ਪਰ ਜਦੋਂ ਅਕਾਲੀ ਦਲ ਨੇ ਕਿਸਾਨੀ ਅੰਦੋਲਨ ਕਰਕੇ ਉਨ੍ਹਾਂ ਦਾ ਸਾਥ ਛੱਡਿਆ ਤਾਂ ਉਨ੍ਹਾਂ ਦਿੱਲੀ, ਮਹਾਰਾਸ਼ਟਰ ਤੇ ਹੋਰ ਚੁਣੀਆਂ ਹੋਈਆਂ ਗੁਰੂ ਘਰਾਂ ਦੀਆਂ ਕਮੇਟੀਆਂ ਤੇ ਮੈਂਬਰ ਤੋੜ ਕੇ ਉਥੇ ਆਰਐੱਸਐੱਸ ਦੀ ਸੋਚ ਨੂੰ ਲਾਗੂ ਕਰ ਦਿੱਤਾ। ਉਨ੍ਹਾਂ ‘ਆਪ’ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਇਨ੍ਹਾਂ ਬਾਰੇ ਬਹੁਤ ਰੌਲਾ ਪਾਇਆ ਪਰ ਲੋਕਾਂ ਨੇ ਪੰਜਾਬ ਦੀ ਵਾਗਡੋਰ ਇਨ੍ਹਾਂ ਨੂੰ ਸੌਂਪ ਦਿੱਤੀ ਜਿਸ ਦੇ ਨਤੀਜੇ ਅੱਜ ਸਭ ਨੂੰ ਭੁਗਤਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਪੰਜਾਬ ਵਿੱਚ ਬੇਅਦਬੀਆਂ ਹੋ ਰਹੀਆਂ ਹਨ, ਘਰ-ਘਰ ਨਸ਼ਾ ਆਮ ਹੋ ਗਿਆ ਹੈ ਪਰ ਹੁਣ ਮੰਡ, ਦਾਦੂਵਾਲ ਵਰਗਾ ਕੋਈ ਨਹੀਂ ਬੋਲ ਰਿਹਾ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ‘ਆਪ’, ਕਾਂਗਰਸ ਤੇ ਭਾਜਪਾ ਦਾ ਪੰਜਾਬ ਵਿੱਚ ਗੁਪਤ ਸਮਝੌਤਾ ਹੋਇਆ ਹੈ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬੀਆਂ ਤੇ ਖਾਸ ਕਰ ਸਿੱਖਾਂ ਲਈ ਬੜਾ ਘਾਤਕ ਸਿੱਧ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਸਾਡੇ ਕਿਸਾਨਾਂ ਨੂੰ ਦਿੱਲੀ ਜਾਣ ਲਈ ਬਾਰਡਰ ਨਹੀਂ ਟੱਪਣ ਦਿੱਤੇ ਤੇ ਤੁਸੀਂ ਵੀ ਇਨ੍ਹਾਂ ਪਾਰਟੀਆਂ ਨੂੰ ਪੰਜਾਬ ਵਿੱਚ ਵੜਨ ਨਾ ਦਿਓ। ਇਸ ਮੌਕੇ ਅਨਿਲ ਜੋਸ਼ੀ, ਸ਼੍ਰੋਮਣੀ ਕਮੇਟੀ ਮੈਂਬਰ ਮਾ. ਅਮਰੀਕ ਸਿੰਘ ਵਿਛੋਆ, ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ, ਪ੍ਰਧਾਨ ਜੋਰਾਵਰ ਸਿੰਘ ਅਜਨਾਲਾ, ਮੁਖਤਾਰ ਸਿੰਘ ਸੂਫੀਆਂ, ਮਾਸਟਰ ਪ੍ਰੀਤ ਸਿੰਘ ਬਰਲਾਸ, ਬੀਬੀ ਸਵਾਰਨ ਕੌਰ ਤੇੜਾ, ਐਡਵੋਕੇਟ ਮਨਜੀਤ ਸਿੰਘ ਨਿੱਜਰ, ਈਸਾਈ ਆਗੂ ਬੰਟੀ ਅਜਨਾਲਾ ਨੇ ਸੰਬੋਧਨ ਕੀਤਾ। ਇਸ ਦੌਰਾਨ ਵੱਖ-ਵੱਖ ਪਾਰਟੀਆਂ ਦੇ ਵਰਕਰ ਅਕਾਲੀ ਦਲ ਵਿੱਚ ਸ਼ਾਮਲ ਹੋਏ।

Advertisement

ਅਮਿਤ ਸ਼ਾਹ ਅਤੇ ਭਗਵੰਤ ਮਾਨ ਦੋਵੇਂ ਇੱਕਜੁਟ: ਸੁਖਬੀਰ

ਅੰਮ੍ਰਿਤਸਰ: ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਦੇ ਚੋਣ ਪ੍ਰਚਾਰ ਨੂੰ ਹੁਲਾਰਾ ਦੇਣ ਆਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅਜਨਾਲਾ, ਰਾਜਾਸਾਂਸੀ ਅਤੇ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਿਆ ਵਿੱਚ ਕਈ ਥਾਵਾਂ ’ਤੇ ਰੈਲੀਆਂ ਕੀਤੀਆਂ। ਅੱਜ ਸ਼ਾਮ ਨੂੰ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਵਿੱਚ ਸ੍ਰੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲਬਾਤ ਚਲ ਰਹੀ ਹੈ ਤੇ ਇਹ ਹੁਣ ਕੁਝ ਹੀ ਦਿਨਾਂ ਦੀ ਗੱਲ ਹੈ ਕਿ ਉਹ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਛੱਡ ਕੇ ਪੰਜਾਬ ਵਿਚ ਆਪਣੀ ਵੱਖਰੀ ਸਰਕਾਰ ਭਾਜਪਾ ਦੀ ਹਮਾਇਤ ਨਾਲ ਬਣਾਉਣਗੇ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਅਤੇ ਭਗਵੰਤ ਮਾਨ ਇੱਕਮੁਕ ਹਨ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਭਾਜਪਾ ਅਤੇ ਇਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਮੰਗ ਪੱਤਰ ਵਿੱਚ ਕਿਸਾਨਾਂ ਨੂੰ ਦੇਸ਼ ਵਿਰੋਧੀ ਕਹਿਣ ਅਤੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਵੱਲੋਂ ਕਿਸਾਨਾਂ ਨੂੰ ਦੇਸ਼ ਵਿਰੋਧੀ ਕਹਿਣ ਦੀ ਨਿਖੇਧੀ ਕੀਤੀ। ਇਸ ਦੌਰਾਨ ਅਨਿਲ ਜੋਸ਼ੀ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਧਾਲੀਵਾਲ ਦੀ ਆਲੋਚਨਾ ਕਰਦਿਆਂ ਅਕਾਲੀ ਦਲ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।

Advertisement
Author Image

joginder kumar

View all posts

Advertisement
Advertisement
×