ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਬਾਇਲੀਆਂ ਨੂੰ ਜੰਗਲਾਂ ਤੱਕ ਸੀਮਤ ਕਰ ਕੇ ਪੜ੍ਹਾਈ ਤੋਂ ਵਾਂਝੇ ਰੱਖਣਾ ਚਾਹੁੰਦੀ ਹੈ ਭਾਜਪਾ: ਰਾਹੁਲ ਗਾਂਧੀ

08:39 AM Jan 20, 2024 IST
ਮਾਜੁਲੀ ਵਿੱਚ ਸ੍ਰੀ ਸ੍ਰੀ ਔਨਿਆਈ ਸਤਰ ਵਿਖੇ ਨਤਮਸਤਕ ਹੋਣ ਮਗਰੋਂ ਆਸ਼ੀਰਵਾਦ ਲੈਂਦੇ ਹੋਏ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ। -ਫੋਟੋ: ਪੀਟੀਆਈ

ਮਾਜੁਲੀ/ਜੋਰਹਾਟ, 19 ਦਸੰਬਰ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਕਬਾਇਲੀ ਲੋਕਾਂ ਨੂੰ ਜੰਗਲਾਂ ਤੱਕ ਸੀਮਤ ਰੱਖ ਕੇ ਪੜ੍ਹਾਈ ਅਤੇ ਹੋਰ ਮੌਕਿਆਂ ਤੋਂ ਵਾਂਝਾ ਕਰਨਾ ਚਾਹੁੰਦੀ ਹੈ। ਰਾਹੁਲ ਨੇ ਅਸਾਮ ’ਚ ਆਪਣੀ ਭਾਰਤ ਜੋੜੋ ਨਿਆਏ ਯਾਤਰਾ ਦੇ ਦੂਜੇ ਦਿਨ ਪਹਿਲੀ ਜਨਤਕ ਮੀਟਿੰਗ ਮੌਕੇ ਬੋਲਦਿਆਂ ਦਾਅਵਾ ਕੀਤਾ ਕਿ ਕਾਂਗਰਸ ਮੂਲ ਵਾਸੀਆਂ ਵਜੋਂ ਸਾਧਨਾਂ ’ਤੇ ‘ਆਦਿਵਾਸੀਆਂ’ ਦੇ ਹੱਕਾਂ ਨੂੰ ਮਾਨਤਾ ਦਿੰਦੀ ਹੈ। ਉਨ੍ਹਾਂ ਕਿਹਾ, ‘‘ਅਸੀਂ ਤੁਹਾਨੂੰ ਆਦਿਵਾਸੀ ਕਹਿੰਦੇ ਹਾਂ ਜਿਸ ਦਾ ਅਰਥ ਹੈ ਆਦਿ ਕਾਲ ਤੋਂ ਰਹਿਣ ਵਾਲੇ। ਭਾਜਪਾ ਤੁਹਾਨੂੰ ‘ਵਣਵਾਸੀ’ ਕਹਿੰਦੀ ਹੈ ਜਿਸ ਦਾ ਅਰਥ ਹੈ ਜੰਗਲਾਂ ਵਿੱਚ ਰਹਿਣ ਵਾਲੇ ਲੋਕ।’’ ਇਸ ਤੋਂ ਪਹਿਲਾਂ ਅੱਜ ਰਾਹੁਲ ਗਾਂਧੀ ਤੇ ਉਨ੍ਹਾਂ ਦੇ ਸਹਿਯੋਗੀ ਯਾਤਰਾ ਦੀ ਸ਼ੁਰੂਆਤ ਲਈ ਜੋਰਹਾਟ ਦੇ ਨਿਮਤੀਘਾਟ ਤੋਂ ਕਿਸ਼ਤੀ ਰਾਹੀਂ ਮਾਜੁਲੀ ਜ਼ਿਲ੍ਹੇ ਦੇ ਅਫਲਾਮੁਖ ਘਾਟ ਪਹੁੰਚੇ। ਕਾਂਗਰਸੀ ਨੇਤਾ ਨੇ ਦੋਸ਼ ਲਾਇਆ ਕਿ ਭਾਜਪਾ ਆਦਿਵਾਸੀਆਂ ਨੂੰ ਜੰਗਲਾਂ ਤੱਕ ਹੀ ਸੀਮਤ ਕਰਨ ਚਾਹੁੰਦੀ ਹੈ ਤੇ ਉਨ੍ਹਾਂ ਦੇ ਬੱਚਿਆਂ ਨੂੰ ਸਕੂਲ ਅਤੇ ਯੂਨੀਵਰਸਿਟੀਆਂ ’ਚ ਜਾ ਕੇ ਸਿੱਖਿਆ ਹਾਸਲ ਕਰਨ, ਅੰਗਰੇਜ਼ੀ ਸਿੱਖਣ ਅਤੇ ਕਾਰੋਬਾਰ ਕਰਨ ਦੇ ਮੌਕਿਆਂ ਤੋਂ ਵਾਂਝਿਆਂ ਕਰਨਾ ਚਾਹੁੰਦੀ ਹੈ। ਸੂਬੇ ਵਿੱਚ ਭਾਜਪਾ ਦੀ ਗੱਠਜੋੜ ਸਰਕਾਰ ਹੈ। ਰਾਹੁਲ ਗਾਂਧੀ ਨੇ ਮਾਜੁਲੀ ਵਿੱਚ ਆਦਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਸੀ ਚਾਹੁੰਦੇ ਹਾਂ ਕਿ ਜੋ ਤੁਹਾਡਾ ਹੈ ਉਹ ਤੁਹਾਨੂੰ ਵਾਪਸ ਕੀਤਾ ਜਾਣਾ ਚਾਹੀਦਾ ਹੈ। ਤੁਹਾਡਾ ਪਾਣੀ, ਜ਼ਮੀਨ, ਜੰਗਲ ਤੁਹਾਡਾ ਹੀ ਰਹਿਣਾ ਚਾਹੀਦਾ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਪੂਰੇ ਦੇਸ਼ ਵਿੱਚ ਆਦਿਵਾਸੀਆਂ ਦੀਆਂ ਜ਼ਮੀਨਾਂ ਹੜੱਪ ਰਹੀ ਹੈ। ਉਨ੍ਹਾਂ ਕਥਿਤ ਦੋਸ਼ ਲਾਇਆ, ‘‘ਤੁਸੀਂ ਸਾਰੇ ਜਾਣਦੇ ਹੋ ਕਿ ਤੁਹਾਡੇ ਨਾਲ ਕੀ ਹੋ ਰਿਹਾ ਹੈ। ਤੁਹਾਡੀਆਂ ਜ਼ਮੀਨਾਂ ਹੜੱਪੀਆਂ ਜਾ ਰਹੀਆਂ ਹਨ, ਤੁਹਾਡਾ ਇਤਿਹਾਸ ਮਿਟਾਇਆ ਜਾ ਰਿਹਾ ਹੈ ਅਤੇ ਪੂਰੇ ਦੇੇਸ਼ ਵਿੱਚ ਅਜਿਹਾ ਹੋ ਰਿਹਾ ਹੈ।’’ ਰਾਹੁਲ ਗਾਂਧੀ ਨੇ ਕਿਹਾ ਕਿ ਪਿਛਲੇ ਸਾਲ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਭਾਰਤ ਜੋੜੋ ਯਾਤਰਾ ਸਫਲ ਰਹੀ ਸੀ ਅਤੇ ਇਸ ਕਰ ਕੇ ਲੋਕਾਂ ਨੇ ਪੂਰਬ ਤੋਂ ਪੱਛਮ ਤੱਕ ਅਜਿਹੀ ਹੀ ਯਾਤਰਾ ਕੱਢਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ, ‘‘ਇਸੇ ਕਰ ਕੇ ਅਸੀਂ ਮਨੀਪੁਰ ਤੋਂ ਮੁੰਬਈ ਤੱਕ ਇਹ ਯਾਤਰਾ ਸ਼ੁਰੂ ਕੀਤੀ ਹੈ ਅਤੇ ਇਹ ਭਾਜਪਾ ਨਾਲ ਵਿਚਾਰਾਧਾਰਾ ਦੀ ਲੜਾਈ ਹੈ।’’ ਇਸ ਮਗਰੋਂ ਰਾਹੁਲ ਗਾਂਧੀ ਰਵਾਇਤੀ ਪਹਿਰਾਵਾ ਧੋਤੀ ਪਹਿਨ ਕੇ ਵੈਸ਼ਨਵੀ ਸਥਾਨ ਸ੍ਰੀ ਸ੍ਰੀ ਔਨਿਆਤੀ ਸਤਰ ਗਏ ਤੇ ਧਾਰਮਿਕ ਸਥਾਨ ਦੇ ਮੁਖੀ ਨਾਲ ਗੱਲਬਾਤ ਕੀਤੀ। -ਪੀਟੀਆਈ

Advertisement

‘ਭਾਰਤ ਜੋੜੋ ਨਿਆਏ ਯਾਤਰਾ ਤੋਂ ਅਸਾਮ ਦੇ ਮੁੱਖ ਮੰਤਰੀ ਘਬਰਾਏ’

ਮਾਜੁਲੀ: ਕਾਂਗਰਸੀ ਨੇਤਾ ਜੈਰਾਮ ਰਮੇਸ਼ ਨੇ ਅੱਜ ਕਿਹਾ ਕਿ ਲੋਕਾਂ ਵੱਲੋਂ ਮਿਲ ਰਹੇ ਹੁੰਗਾਰੇ ਤੋਂ ਘਬਰਾਏ ਅਸਾਮ ਦੇ ਮੁੱਖ ਮੰਤਰੀ ਹੇਮੰਤਾ ਸਰਮਾ ਬਿਸਵਾ ਸੂਬੇ ’ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਏ ਯਾਤਰਾ ਨੂੰ ਲੀਹ ਤੋਂ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਯਾਤਰਾ ਆਪਣੇ ਤੈਅ ਪ੍ਰੋਗਰਾਮ ਮੁਤਾਬਕ ਸੂਬੇ ਵਿੱਚ ਛੇ ਦਿਨ ਹੋਰ ਜਾਰੀ ਰਹੇਗੀ। ਉਨ੍ਹਾਂ ਯਾਤਰਾ ਦੇ ਮਾਜੁਲੀ ਟਾਪੂ ’ਤੇ ਪਹੁੰਚਣ ਮਗਰੋਂ ‘ਐਕਸ’ ਉੱਤੇ ਇੱਕ ਪੋਸਟ ਵਿੱਚ ਕਿਹਾ, ‘‘ਇਹ ਸਪੱਸ਼ਟ ਹੈ ਕਿ ਅਸਾਮ ਦੇ ਮੁੱਖ ਮੰਤਰੀ ਪਿਛਲੇ ਦੋ ਦਿਨਾਂ ਤੋਂ ਸੂਬੇ ਵਿੱਚ ਭਾਰਤ ਜੋੜੋ ਨਿਆਏ ਯਾਤਰਾ ਨੂੰ ਮਿਲ ਰਹੇ ਸ਼ਾਨਦਾਰ ਹੁੰਗਾਰੇ ਤੋਂ ਪ੍ਰੇਸ਼ਾਨ ਅਤੇ ਘਬਰਾਏ ਹੋਏ ਹਨ।’’ ਉਨ੍ਹਾਂ ਆਖਿਆ ਕਿ ਅਸਾਮ ਦੇ ਵੱਖ-ਵੱਖ ਭਾਈਚਾਰਿਆਂ ਦੇ ਹਰ ਵਰਗ ਅਤੇ ਹਰ ਉਮਰ ਦੇ ਲੋਕ ਰਾਹੁਲ ਗਾਂਧੀ ਦਾ ਸਵਾਗਤ ਕਰ ਰਹੇ ਹਨ। ਰਮੇਸ਼ ਨੇ ਆਖਿਆ, ‘‘ਅਸਾਮ ਦੇ ਮੁੱਖ ਮੰਤਰੀ ਅਪਸ਼ਬਦ ਬੋਲ ਸਕਦੇ ਹਨ ਅਤੇ ਬਦਨਾਮ ਕਰ ਸਕਦੇ ਹਨ। ਉਹ ਡਰਾ ਅਤੇ ਧਮਕਾ ਸਕਦੇ ਹਨ ਪਰ ਅਸੀਂ ਡਰਦੇ ਨਹੀਂ ਹਾਂ। ਉਹ ਸਪੱਸ਼ਟ ਤੌਰ ’ਤੇ ਭਾਰਤ ਜੋੜੋ ਨਿਆਏ ਯਾਤਰਾ ਦੇ ਪ੍ਰਭਾਵ ਤੋਂ ਪ੍ਰੇਸ਼ਾਨ ਹਨ ਤੇ ਇਸ ਨੂੰ ਲੀਹੋਂ ਲਾਹੁਣ ਦੀਆਂ ਉਨ੍ਹਾਂ ਦੀਆਂ ਨਿਰੰਤਰ ਕੋਸ਼ਿਸ਼ਾਂ ਦੇ ਬਾਵਜੂਦ ਅਸਾਮ ਵਿੱਚ ਯਾਤਰਾ ਛੇ ਦਿਨ ਹੋਰ ਜਾਰੀ ਰਹੇਗੀ।’’ ਉਨ੍ਹਾਂ ਨੇ ਪੋਸਟ ਨਾਲ ਸਰਮਾ ਦੀਆਂ ਟਿੱਪਣੀਆਂ ਵੀ ਸਾਂਝੀਆਂ ਕੀਤੀਆ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਕਾਂਗਰਸ ਮੁਸਲਮਾਨਾਂ ਦੇ ਇੱਕ ਵਰਗ ਦੀ ਨੁਮਾਇੰਦਗੀ ਕਰ ਰਹੀ ਹੈ ਅਤੇ ਸੂਬੇ ਵਿੱਚ ਭਾਜਪਾ ਦੀ ਸਰਕਾਰ ਵੱਲੋਂ ਕਰਵਾਏ ਵਿਕਾਸ ਕਾਰਨ ਮੁਸਲਿਮ ਔਰਤਾਂ ਵੀ ਕਾਂਗਰਸ ਦੀਆਂ ਰੈਲੀਆਂ ਵਿੱਚ ਨਹੀਂ ਆਈਆਂ। ਸਰਮਾ ਨੇ ਇਹ ਟਿੱਪਣੀ ਬੁੱਧਵਾਰ ਨੂੰ ਕੀਤੀ ਸੀ। ਇਸ ਦੌਰਾਨ ਰਮੇਸ਼ ਨੇ ਦਾਅਵਾ ਕੀਤਾ ਕਿ ਕਾਂਗਰਸ ਵੱਲੋਂ ਪਹਿਲਾਂ ਦੱਖਣ ਤੋਂ ਉੱਤਰ ਤੱਕ ਕੱਢੀ ਗਈ ‘ਭਾਰਤ ਜੋੜੋ ਯਾਤਰਾ’ ਦੇ ਭਾਜਪਾ ਸ਼ਾਸਿਤ ਸੂਬਿਆਂ ’ਚੋਂ ਲੰਘਣ ਦੌਰਾਨ ਇੰਨੀਆਂ ਮੁਸ਼ਕਲਾਂ ਨਹੀਂ ਆਈਆਂ ਜਿੰਨੀਆਂ ਦਾ ਸਾਹਮਣਾ ਅਸਾਮ ’ਚ ‘ਭਾਰਤ ਜੋੜੋ ਨਿਆਏ ਯਾਤਰਾ’ ਨੂੰ ਦੋ ਦਿਨਾਂ ਵਿੱਚ ਹੀ ਕਰਨਾ ਪਿਆ ਹੈ। ਕਾਂਗਰਸ ਆਗੂ ਨੇ ਦਾਅਵਾ ਕੀਤਾ, ‘‘ਇਹ ਪਹਿਲੀ ਵਾਰ ਹੈ ਕਿ 24 ਘੰਟਿਆਂ ’ਚ ਹੀ ਇਸ ਯਾਤਰਾ ਤੋਂ ਮੁੱਖ ਮੰਤਰੀ ਪ੍ਰੇਸ਼ਾਨ ਹੋ ਗਏ। ਸਾਨੂੰ ਐੱਫਆਈਆਰ ਅਤੇ ਜੇਲ੍ਹ ’ਚ ਬੰਦ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਲੋਕਾਂ ਨੂੰ ਯਾਤਰਾ ’ਚ ਸ਼ਾਮਲ ਹੋਣ ਤੋਂ ਰੋਕਿਆ ਜਾ ਰਿਹਾ ਹੈ ਪਰ ‘ਕੋਈ ਵੀ ਤਾਕਤ’ ਸਾਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕਦੀ।’’ -ਪੀਟੀਆਈ

Advertisement

Advertisement