ਮੰਡੀਆਂ ਬੰਦ ਕਰਨਾ ਚਾਹੁੰਦੀ ਹੈ ਭਾਜਪਾ: ਸੁਸ਼ੀਲ ਗੁਪਤਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 20 ਅਪਰੈਲ
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੁਰੂਕਸ਼ੇਤਰ ਲੋਕ ਸਭਾ ਤੋਂ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਡਾ. ਸੁਸ਼ੀਲ ਗੁਪਤਾ ਨੇ ਸ਼ਾਹਬਾਦ ਅਨਾਜ ਮੰਡੀ ਦਾ ‘ਡੋਰ ਟੂ ਡੋਰ’ ਮੁਹਿੰਮ ਤਹਿਤ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਮੰਡੀ ’ਚ ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਮੰਡੀ ਵਿਚ ਚਾਰੇ ਪਾਸਿਓਂ ਜਾਮ ਦੀ ਸਥਿਤੀ ਹੈ ਤੇ ਮੰਡੀ ’ਚ ਕਣਕ ਦੇ ਅੰਬਾਰ ਲੱਗੇ ਹੋਏ ਹਨ। ਦੂਜੇ ਪਾਸੇ ਮੌਸਮ ਖਰਾਬ ਚੱਲ ਰਿਹਾ ਹੈ, ਜੋ ਕਦੇ ਵੀ ਬੇਈਮਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਕਿਸਾਨਾਂ ਦੀ ਕੋਈ ਪਰਵਾਹ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਮੰਡੀਆਂ ਬੰਦ ਕਰਨਾ ਚਾਹੁੰਦੀ ਹੈ ਤੇ ਉਨ੍ਹਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਹੈ।
ਸ੍ਰੀ ਗੁਪਤਾ ਨੇ ਕਿਹਾ ਕਿ ਭਾਜਪਾ ਨੇ ਮੰਡੀ ’ਚ ਕਣਕ ਦੀ ਚੁਕਾਈ ਦੇ ਠੇਕੇ ਆਪਣੇ ਚਹੇਤਿਆਂ ਨੂੰ ਦਿੱਤੇ ਹੋਏ ਹਨ, ਜੋ ਚੁਕਾਈ ਨਹੀਂ ਕਰ ਰਹੇ। ਸੂਬੇ ਦੀਆਂ ਸਾਰੀਆਂ ਮੰਡੀਆਂ ਦੇ ਹਾਲਾਤ ਅਜਿਹੇ ਹੀ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਮਨੋਹਰ ਲਾਲ ਖੱਟਰ ਦੇ ਨਕਸ਼ੇ ਕਦਮਾਂ ’ਤੇ ਚੱਲ ਰਹੇ ਹਨ। ਉਹ ਵੀ ਕਿਸਾਨਾਂ ਨੂੰ ਪ੍ਰੇਸ਼ਾਨ ਕਰਦਾ ਸੀ ਤੇ ਸੈਣੀ ਵੀ ਅਜਿਹਾ ਹੀ ਕਰ ਰਹੇ ਹਨ। ਗੁਪਤਾ ਨੇ ਕਿਹਾ ਕਿ ਜਿਥੇ ਪੂਰੀ ਦੁਨੀਆਂ ਵਿਚ ਮਜ਼ਦੂਰਾਂ ਦੀ ਮਜ਼ਦੂਰੀ ਵਧ ਰਹੀ ਹੈ, ਉਥੇ ਹਰਿਆਣਾ ਵਿਚ ਘੱਟ ਰਹੀ ਹੈ ਕਿਉਂਕਿ ਭਾਜਪਾ ਸਰਕਾਰ ਨੇ ਆੜ੍ਹਤ ਨੂੰ ਢਾਈ ਪ੍ਰਤੀਸ਼ਤ ਤੋਂ ਡੇਢ ਪ੍ਰਤੀਸ਼ਤ ਕਰ ਦਿੱਤਾ ਹੈ। ਭਾਜਪਾ ਚਾਹੁੰਦੀ ਹੈ ਕਿ ਆੜ੍ਹਤੀ ਆੜ੍ਹਤ ਛੱਡ ਕੇ ਚਲੇ ਜਾਣ ਤੇ ਮੰਡੀਆਂ ਬੰਦ ਹੋ ਜਾਣ।
ਉਨ੍ਹਾਂ ਕਿਹਾ ਕਿ ਹਰ ਥਾਂ ਅਡਾਨੀ ਦੇ ਸਾਇਲੋ ਖੁੱਲ੍ਹ ਗਏ ਹਨ, ਜਿਥੇ ਆੜ੍ਹਤ ਅੱਧੀ ਮਿਲਦੀ ਹੈ ਤੇ ਕਿਸਾਨ ਕਈ ਕਿਲੋਮੀਟਰ ਦੀ ਲਾਈਨ ਵਿਚ ਖੜ੍ਹਨ ਲਈ ਮਜਬੂਰ ਹੈ। ਸ੍ਰੀ ਗੁਪਤਾ ਨੇ ਕਿਹਾ ਕਿ ਭਾਜਪਾ ਦੇ ਸ਼ਾਸਨ ਵਿਚ ਬੇਰੁਜ਼ਗਾਰੀ ’ਚ ਹਰਿਆਣਾ ਪਹਿਲੇ ਨੰਬਰ ’ਤੇ ਹੈ। ਇਸ ਕਾਰਨ ਨੌਜਵਾਨ ਨਸ਼ੇ ਦੀ ਦਲਦਲ ਵਿਚ ਫਸਦਾ ਜਾ ਰਿਹਾ ਹੈ ਤੇ ਪ੍ਰੇਸ਼ਾਨ ਹੋ ਕੇ ਵਿਦੇਸ਼ਾਂ ਵਿਚ ਪਲਾਇਨ ਕਰਨ ਲਈ ਮਜਬੂਰ ਹੈ। ਲੋਕ ਬਿਜਲੀ ਬਿੱਲਾਂ ਤੋਂ ਪ੍ਰੇਸ਼ਾਨ ਹਨ, ਸਕੂਲਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਮਹਿਲਾਵਾਂ ਪ੍ਰਤੀ ਅਪਰਾਧ ਵਧ ਰਹੇ ਹਨ। ਸ੍ਰੀ ਗੁਪਤਾ ਨੇ ਕਿਹਾ ਕਿ ਭਾਜਪਾ ਨੇ ਦੇਸ਼ ਵਿਚ ਪਹਿਲਵਾਨ ਬੇਟੀਆਂ ਨੂੰ ਸੜਕਾਂ ’ਤੇ ਰੁਲਣ ਲਈ ਮਜਬੂਰ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਪਿੰਡਾਂ ਵਿਚ ਭਾਜਪਾ ਉਮੀਦਵਾਰਾਂ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ’ਤੇ 1 ਲੱਖ 86 ਹਜ਼ਾਰ ਕਰੋੜ ਦੇ ਕੋਲਾ ਘੁਟਾਲੇ ਦਾ ਦੋਸ਼ ਲਾਇਆ ਸੀ, ਭਾਜਪਾ ਨੇ ਉਸ ਨੂੰ ਹੀ ਟਿਕਟ ਦਿੱਤੀ ਹੈ। ਹਲਕੇ ਦੇ ਲੋਕ ਸਭ ਦੇਖ ਰਹੇ ਹਨ ਤੇ ਇਨ੍ਹਾਂ ਨੂੰ ਸਬਕ ਸਿਖਾਉਣ ਦਾ ਕੰਮ ਕਰਨਗੇ।