ਪੰਜਾਬ ’ਚ ਅਕਾਲੀ ਦਲ ਨਾਲ ਗੱਠਜੋੜ ’ਚ ‘ਸਨਮਾਨਯੋਗ’ ਥਾਂ ਚਾਹੁੰਦੀ ਹੈ ਭਾਜਪਾ
ਵਿਸ਼ਵ ਭਾਰਤੀ
ਚੰਡੀਗੜ੍ਹ, 10 ਫਰਵਰੀ
ਭਾਰਤੀ ਜਨਤਾ ਪਾਰਟੀ ਦੀ ਅਗਾਮੀ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਦੀ ਚਰਚਾ ਮੁੜ ਸ਼ੁਰੂ ਹੋ ਗਈ ਹੈ। ਇਸੇ ਦੌਰਾਨ ਸਥਾਨਕ ਭਾਜਪਾ ਆਗੂਆਂ ਨੇ ਹਾਈਕਮਾਨ ’ਤੇ ਜ਼ੋਰ ਪਾਇਆ ਕਿ ਗੱਠਜੋੜ ਤਾਂ ਹੀ ਹੋਣਾ ਚਾਹੀਦਾ ਹੈ ਜੇਕਰ ਭਾਈਵਾਲ ਵਜੋਂ ਉਨ੍ਹਾਂ ਨੂੰ ਸਨਮਾਨਯੋਗ ਸਥਾਨ ਦਿੱਤਾ ਜਾਂਦਾ ਹੈ। ਸੂਤਰਾਂ ਮੁਤਾਬਕ ਪਾਰਟੀ ਦੇ ਕੌਮੀ ਜਨਰਲ ਸਕੱਤਰ (ਜਥੇਬੰਦਕ) ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੈ ਸਿੰਘ ਰੁਪਾਨੀ ਵੱਲੋਂ ਅਕਾਲੀ ਦਲ ਨਾਲ ਗੱਠਜੋੜ ਬਾਰੇ ਚਰਚਾ ਲਈ ਸਥਾਨਕ ਆਗੂਆਂ ਨਾਲ ਭਾਜਪਾ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿੱਚ ਪਿਛਲੇ ਦਿਨੀਂ ਮੀਟਿੰਗ ਕੀਤੀ ਗਈ ਸੀ। ਸੂਬਾਈ ਕੋਰ ਗਰੁੱਪ ਦੀ ਮੀਟਿੰਗ ਵਿੱਚ ਸਾਬਕਾ ਸੂਬਾ ਪ੍ਰਧਾਨ ਮਨੋਰੰਜਨ ਕਾਲੀਆ, ਸ਼ਵੇਤ ਮਲਿਕ ਅਤੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਕੌਮੀ ਆਗੂ ਤਰੁਣ ਚੁੱਘ ਅਤੇ ਹੋਰ ਆਗੂ ਆਦਿ ਸ਼ਾਮਲ ਹੋਏ ਸਨ। ਮੀਟਿੰਗ ਦੌਰਾਨ ਇੱਕ ਧੜੇ ਨੇ ਗੱਠਜੋੜ ਦਾ ਵਿਰੋਧ ਕੀਤਾ ਸੀ। ਸਥਾਨਕ ਆਗੂਆਂ ਨੇ ਹਾਈਕਮਾਨ ਨੂੰ ਦੱਸਿਆ ਕਿ ਜੇਕਰ ਹਿੰਦੂ-ਸਿੱਖ ਏਕਤਾ ਦੇ ਵੱਡੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਗੱਠਜੋੜ ਲਾਜ਼ਮੀ ਹੈ ਤਾਂ ਭੁੱਲਣਾ ਨਹੀਂ ਚਾਹੀਦਾ ਕਿ ਪਾਰਟੀ ਕਾਰਕੁਨ ਪਿਛਲੇ ਦੋ ਸਾਲਾਂ ਤੋਂ ਸਾਰੇ 13 ਲੋਕ ਸਭਾ ਹਲਕਿਆਂ ਵਿੱਚ ਤਿਆਰੀਆਂ ’ਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਭਗਵਾਂ ਪਾਰਟੀ ਨੂੰ ਸੀਟਾਂ ਦੀ ਵੰਡ ਵਿੱਚ ਸਨਮਾਨਯੋਗ ਹਿੱਸਾ ਮਿਲਣ ਦੀ ਸ਼ਰਤ ’ਤੇ ਹੀ ਗੱਠਜੋੜ ਕੀਤਾ ਜਾਣਾ ਚਾਹੀਦਾ ਹੈ। ਸਥਾਨਕ ਆਗੂਆਂ ਨੇ ਗੱਠਜੋੜ ਹੋਣ ਦੀ ਸੂਰਤ ਵਿੱਚ ਤਿੰਨ ਹੋਰ ਸੀਟਾਂ ’ਤੇ ਚੋਣ ਲੜਨ ਉੱਤੇ ਵੀ ਜ਼ੋਰ ਦਿੱਤਾ। ਜ਼ਿਕਰਯੋਗ ਹੈ ਕਿ ਅਕਾਲੀ ਦਲ-ਭਾਜਪਾ ਗੱਠਜੋੜ 1990 ਵਿੱਚ ਹੋਂਦ ਵਿੱਚ ਆਇਆ ਸੀ। ਇਸ ਦੌਰਾਨ ਭਾਜਪਾ ਨੇ 23 ਵਿਧਾਨ ਸਭਾ ਤੇ ਤਿੰਨ ਲੋਕ ਸਭਾ ਸੀਟਾਂ ਤੋਂ ਚੋਣਾਂ ਲੜੀਆਂ ਸਨ। ਹਾਲਾਂਕਿ, ਕਿਸਾਨ ਅੰਦੋਲਨ ਦੌੌਰਾਨ ਅਕਾਲੀ ਦਲ ਨੇ ਭਾਜਪਾ ਨਾਲੋਂ ਤੋੜ-ਵਿਛੋੜਾ ਕਰ ਲਿਆ ਸੀ। ਦੋਵਾਂ ਪਾਰਟੀਆਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵੱਖਰੇ ਤੌਰ ’ਤੇ ਲੜੀਆਂ ਸਨ ਅਤੇ ਉਨ੍ਹਾਂ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।