For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿੱਚ ਵੰਡੀਆਂ ਪਾਉਣ ਦੇ ਰਾਹ ਤੁਰੀ ਭਾਜਪਾ: ਰਾਣਾ ਕੇਪੀ

09:36 AM May 25, 2024 IST
ਪੰਜਾਬ ਵਿੱਚ ਵੰਡੀਆਂ ਪਾਉਣ ਦੇ ਰਾਹ ਤੁਰੀ ਭਾਜਪਾ  ਰਾਣਾ ਕੇਪੀ
ਬਠਿੰਡਾ ’ਚ ਪ੍ਰੈੱਸ ਕਾਨਫਰੰਸ ਦੌਰਾਨ ਰਾਣਾ ਕੇ.ਪੀ.ਸਿੰਘ ਅਤੇ ਹੋਰ।
Advertisement

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 24 ਮਈ
ਲੋਕ ਸਭਾ ਚੋਣਾਂ ਲਈ ਪੰਜਾਬ ਕਾਂਗਰਸ ਦੀ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਨ ਸਭਾ ਪੰਜਾਬ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੇ ਭਾਰਤੀ ਸੰਵਿਧਾਨ ਨੂੰ ਖ਼ਤਰੇ ਸਮੇਤ ਭਾਜਪਾ ’ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਦੇਸ਼ ’ਚ ਫ਼ਿਰਕੂ ਪੱਤਾ ਖੇਡ ਕੇ ਸੱਤਾ ਹਥਿਆਉਣ ਦੀ ਘਟੀਆ ਖੇਡ, ਖੇਡ ਰਹੀ ਭਾਜਪਾ ਨੇ ਹੁਣ ਆਪਣੇ ਨਾਪਾਕ ਮਨਸੂਬਿਆਂ ਨੂੰ ਪੰਜਾਬ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ ਹੈ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਣਾ ਕੇਪੀ ਨੇ ਕਿਹਾ ਕਿ ਕੱਲ੍ਹ ਪਟਿਆਲਾ ਰੈਲੀ ’ਚ ਪ੍ਰਧਾਨ ਮੰਤਰੀ ਦੇ ਭਾਸ਼ਨ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਭਾਜਪਾ ਫ਼ਿਰਕੂ ਆਧਾਰ ’ਤੇ ਪੰਜਾਬ ਦੇ ਲੋਕਾਂ ਨੂੰ ਵੰਡਣਾ ਚਾਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਭਾਈਚਾਰੇ ’ਚ ਵੰਡੀਆਂ ਪਾ ਕੇ ਵੋਟ ਰਾਜਨੀਤੀ ਕਰਨਾ ਚਾਹੁੰਦੇ ਭਾਜਪਾਈਆਂ ਨੂੰ ਮੂੰਹ ਨਾ ਲਾਉਣ, ਸਗੋਂ ਆਪਣੀ ਅਮੀਰ ਵਿਰਾਸਤ ਅਤੇ ਤਹਿਜ਼ੀਬ ਦੀ ਰਾਖੀ ਕਰਦੇ ਹੋਏ, ਸਦੀਆਂ ਤੋਂ ਬਣੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ‘ਜੁਮਲਾ ਸਰਕਾਰ’ ਦੇ ਸੱਤਾ ’ਚ ਆਉਣ ਮਗਰੋਂ ਦੇਸ਼ ਦੇ ਅਮੀਰ ਅਤੇ ਗਰੀਬ ’ਚ ਪਾੜਾ ਵਧਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਚੰਦ ਕੁ ਕਾਰਪੋਰੇਟ ਦੋਸਤਾਂ ਦੇ ਕਈ ਲੱਖ ਕਰੋੜ ਦੇ ਕਰਜ਼ੇ ਮੁਆਫ਼ ਕਰਕੇ ਮਾਲਾਮਾਲ ਕਰ ਦਿੱਤਾ ਪਰ ਦੂਜੇ ਪਾਸੇ ਦੇਸ਼ ਦਾ ਢਿੱਡ ਭਰਨ ਵਾਲੇ ਕਰਜ਼ਈ ਕਿਸਾਨਾਂ ਦਾ ਇਕ ਰੁਪਿਆ ਵੀ ਮੁਆਫ਼ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸ਼ੰਭੂ ਬਾਰਡਰ ’ਤੇ ਆ ਕੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ’ਤੇ ਗੋਲੀਆਂ ਚਲਾਉਣਾ ਭਾਜਪਾ ਦੇ ਕਿਸਾਨ ਦੋਖੀ ਚਿਹਰੇ ਨੂੰ ਬੇਪਰਦ ਕਰਦਾ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ, ਬੇਰੁਜ਼ਗਾਰੀ, ਬੇਚੈਨੀ ਅਤੇ ਵੰਡ ਪਾਊ ਸਿਆਸਤ ਭਾਜਪਾ ਦੀ ਦੇਣ ਹਨ।
ਕੇ.ਪੀ. ਸਿੰਘ ਨੇ ਪੰਜਾਬ ਸਰਕਾਰ ਨੂੰ ਵੀਆਈਪੀ ਕਲਚਰ, 1000 ਮਾਸਿਕ ਔਰਤਾਂ ਨੂੰ ਦੇਣ, ਬੇਅਦਬੀਆਂ, ਡਰੱਗ ਅਤੇ ਬਦਅਮਨੀ ਵਰਗੇ ਮੁੱਦਿਆਂ ’ਤੇ ਘੇਰਦਿਆਂ ਕਿਹਾ ਕਿ ਲੋਕ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੇ ਵੋਟ ਪਾ ਕੇ ਗ਼ਲਤੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ‘ਇੰਡੀਆ’ ਗੱਠਜੋੜ ਮੁਹੱਬਤ ਦੀ ਬਾਤ ਪਾਉਂਦਾ ਹੈ, ਜਦ ਕਿ ਭਾਜਪਾ ਨਫ਼ਰਤ ਦੀ ਰਾਜਨੀਤੀ ਕਰਦੀ ਹੈ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਾਜਨ ਗਰਗ, ਮਾਰਕਫ਼ੈਡ ਦੇ ਸਾਬਕਾ ਨਿਰਦੇਸ਼ਕ ਟਹਿਲ ਸਿੰਘ ਸੰਧੂ, ਮੀਤ ਪ੍ਰਧਾਨ ਰੁਪਿੰਦਰ ਬਿੰਦਰਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×