ਭਾਜਪਾ ਨੇ ਹਰਵਾਉਣ ਲਈ ਪੂਰੀ ਵਾਹ ਲਾਈ: ਹਰਸਿਮਰਤ
ਪੱਤਰ ਪ੍ਰੇਰਕ
ਮਾਨਸਾ, 9 ਜੂਨ
ਬਠਿੰਡਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਬਣੀ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਉਸ ਨੂੰ ਕਥਿਤ ‘ਹਰਵਾਉਣ’ ਲਈ ਪੂਰੀ ਵਾਹ ਲਾਈ ਸੀ। ਉਨ੍ਹਾਂ ਆਖਿਆ ਕਿ ਉੱਚ ਅਧਿਕਾਰੀਆਂ ਨੇ ਭਾਜਪਾ ਦੇ ਦਬਾਅ ਹੇਠ ਆ ਕੇ ਵੋਟਾਂ ਵੀ ਪੁਆਈਆਂ ਪਰ ਇਸ ਦੇ ਬਾਵਜੂਦ ਬਠਿੰਡਾ ਦੇ ਲੋਕਾਂ ਨੇ ਉਨ੍ਹਾਂ ਨੂੰ ਸੰਸਦ ਭੇਜਿਆ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਪਾਣੀਆਂ, ਬੰਦੀ ਸਿੰਘਾਂ ਦੀ ਰਿਹਾਈ, ਕਿਸਾਨਾਂ ਦੇ ਮਸਲੇ, ਪੰਜਾਬ ਨਾਲ ਧੱਕੇਸ਼ਾਹੀ ਅਤੇ ਰਾਜਾਂ ਦੇ ਵੱਧ ਅਧਿਕਾਰਾਂ ਦੇ ਮਸਲਿਆਂ ਨੂੰ ਉਠਾਉਣਗੇ। ਉਹ ਅੱਜ ਮਾਨਸਾ ਨੇੜਲੇ ਪਿੰਡ ਫਫੜੇ ਭਾਈਕੇ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਘੱਲੂਘਾਰਾ ਹਫ਼ਤੇ ਵੇਲੇ ਜਦੋਂ ਸਾਰੀ ਸਿੱਖ ਕੌਮ ਸੋਗ ਮਨਾਉਂਦੀ ਹੈ ਪਰ ਉਸ ਹਫ਼ਤੇ ਵਿੱਚ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਜਿਤਾ ਦਿੱਤਾ ਜਿਸ ਕਰਕੇ ਹੁਣ ਸੋਚਣਾ ਬਣਦਾ ਹੈ ਕਿ ਪੰਥ ਕਿਹੜੇ ਪਾਸੇ ਜਾਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਕਲਯੁੱਗ ਦੇ ਜ਼ਮਾਨੇ ਵਿੱਚ ਝੂਠ ਦਾ ਪਸਾਰਾ ਹੋ ਗਿਆ ਹੈ।
ਹਰਸਿਮਰਤ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਦੋ ਸਾਲ ਪਹਿਲਾਂ ਬੇਸ਼ੱਕ 92 ਵਿਧਾਇਕ ਝੂਠ ਦਾ ਸਹਾਰਾ ਲੈ ਕੇ ਜਿਤਾ ਲਏ ਸਨ ਪਰ ਲੋਕ ਸਭਾ ਚੋਣਾਂ ਦੇ ਤਾਜ਼ੇ ਅੰਕੜੇ ਦੱਸਦੇ ਹਨ ਕਿ ਪੰਜਾਬ ਵਿਚੋਂ ਸਿਰਫ਼ 33 ਵਿਧਾਨ ਸਭਾ ਹਲਕਿਆਂ ਉਪਰ ਹੀ ਆਪ ਦੀਆਂ ਵੋਟਾਂ ਥੋੜ੍ਹੇ-ਥੋੜ੍ਹੇ ਫ਼ਰਕ ਨਾਲ ਵਧੀਆਂ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਭਗਵੰਤ ਮਾਨ ਦੀ ਪਾਰਟੀ ਸਿਰਫ਼ ਮਾਨਸਾ ਅਤੇ ਸਰਦੂਲਗੜ੍ਹ ਹੀ ਵੋਟਾਂ ਵਧਾ ਸਕੀ ਹੈ ਜਦਕਿ ਬਾਕੀ ਦੇ 7 ਹਲਕਿਆਂ ਵਿੱਚ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਭਰੋਸਾ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਵਾਲਿਆਂ ਦਾ ਉਹ ਕਦੇ ਯੋਗਦਾਨ ਨਹੀਂ ਭੁੱਲ ਸਕਦੇ, ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲਗਾਤਾਰ ਚੌਥੀ ਵਾਰ ਜਿਤਾ ਕੇ ਸੰਸਦ ਭੇਜਿਆ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਮਾਨਸਾ ਹਲਕੇ ਦੇ ਲੋਕਾਂ ਨੇ ਸਰਕਾਰ ਦੀਆਂ ਵੋਟਾਂ ਵਧਾਈਆਂ ਹਨ ਪਰ ਉਹ ਮੁੱਖ ਮੰਤਰੀ ਨੂੰ ਅਪੀਲ ਕਰਦੇ ਹਨ ਕਿ ਇੱਥੋਂ ਲੋਕਾਂ ਲਈ ਸੀਵਰੇਜ ਦੀ ਵੱਡੀ ਸਮੱਸਿਆ ਨੂੰ ਹੱਲ ਕਰਨ ਲਈ ਗ੍ਰਾਂਟਾਂ ਭੇਜ ਦਿਓ, ਧੰਨਵਾਦੀ ਦੌਰਾ ਬੇਸ਼ੱਕ ਨਾ ਕਰਿਓ। ਇਸ ਮੌਕੇ ਪ੍ਰੇਮ ਕੁਮਾਰ ਅਰੋੜਾ, ਗੁਰਮੇਲ ਸਿੰਘ ਫਫੜੇ ਭਾਈਕੇ, ਗੁਰਪ੍ਰੀਤ ਸਿੰਘ ਚਹਿਲ, ਦਿਆ ਸਿੰਘ ਸਿੱਧੂ, ਆਤਮਜੀਤ ਸਿੰਘ ਕਾਲਾ, ਮਿੱਠੂ ਰਾਮ ਮੋਫਰ, ਠੇਕੇਦਾਰ ਬਲਜੀਤ ਸਿੰਘ, ਨਿਰਵੈਰ ਸਿੰਘ ਬੁਰਜ ਹਰੀ, ਚਤਵੰਤ ਕੌਰ ਸਮਾਓ ਨੇ ਵੀ ਸੰਬੋਧਨ ਕੀਤਾ।