ਭਾਜਪਾ ਨੇ ਸ਼ਹੀਦਾਂ ਦੇ ਸਨਮਾਨ ਵਿੱਚ ਤਿਰੰਗਾ ਯਾਤਰਾ ਕੱਢੀ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 14 ਅਗਸਤ
ਆਜ਼ਾਦੀ ਦਿਹਾੜੇ ਤੋਂ ਇਕ ਪਹਿਲਾਂ ਇੱਥੇ ਸ਼ਹੀਦਾਂ ਦੇ ਸਨਮਾਨ ’ਚ ਇਕ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ। ਯਾਤਰਾ ’ਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਲੋਕਾਂ ਨੇ ਵੰਦੇ ਮਾਤਰਮ ਦੇ ਨਾਅਰੇ ਲਾਏ ਤੇ ਪੂਰਾ ਸ਼ਾਹਬਾਦ ਸ਼ਹਿਰ ਦੇਸ਼ ਭਗਤੀ ਨਾਅਰਿਆਂ ਨਾਲ ਗੂੰਜਿਆ ਗਿਆ। ਯਾਤਰਾ ’ਚ ਸਾਬਕਾ ਰਾਜ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਤੇ ਕੁਰੂਕਸ਼ੇਤਰ ਦੇ ਸੰਸਦ ਨਾਇਬ ਸਿੰਘ ਸੈਣੀ ਨੇ ਵੀ ਸ਼ਿਰਕਤ ਕੀਤੀ।
ਜਾਣਕਾਰੀ ਅਨੁਸਾਰ ਤਿਰੰਗਾ ਯਾਤਰਾ ਸ਼ਹੀਦ ਜਗਦੀਸ਼ ਕਾਲੜਾ ਪਾਰਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚੋਂ ਹੁੰਦੀ ਹੋਈ ਦੁਬਾਰਾ ਜਗਦੀਸ਼ ਕਾਲੜਾ ਪਾਰਕ ’ਚ ਸਮਾਪਤ ਹੋਈ। ਤਿਰੰਗਾ ਯਾਤਰਾ ਦੌਰਾਨ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪੁਲੀਸ ਬਲ ਤਾਇਨਾਤ ਸਨ। ਕਾਬਿਲੇਗੌਰ ਹੈ ਕਿ ਤਿਰੰਗਾ ਯਾਤਰਾ ਦਾ ਸ਼ਹਿਰ ’ਚ ਥਾਂ-ਥਾਂ ਭਰਵਾਂ ਸਵਾਗਤ ਕੀਤਾ ਗਿਆ।
ਤਿਰੰਗਾ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਫਿਰਕੂ ਵੰਡ ਪਾਉਣ ਵਾਲਿਆਂ ਤੋਂ ਬਚਣ ਦੀ ਲੋੜ ਹੈ। ਸਾਬਕਾ ਮੰਤਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪੂਰੇ ਦੇਸ਼ ਦੇ ਸ਼ਹੀਦਾਂ ਦੇ ਪਿੰਡਾਂ ਦੀ ਮਿੱਟੀ ਕਲਸ਼ ਵਿਚ ਇੱਕਠੀ ਕਰਕੇ ਦਿੱਲੀ ਲੈਕੇ ਜਾਵਾਂਗੇ, ਜਿਥੇ ਅੰਮ੍ਰਿਤ ਵਾਟਿਕਾ ਸਥਾਪਿਤ ਕੀਤੀ ਜਾਏਗੀ। ਇਸ ਮੌਕੇ ਭਾਜਪਾ ਨੇਤਾ ਕਰਣਰਾਜ ਸਿੰਘ ਤੂਰ, ਮੁਲਖ ਰਾਜ ਗੁੰਬਰ, ਅਮਿਤ ਸਿੰਘਲ, ਤਿਲਕ ਰਾਜ ਅਗਰਵਾਲ, ਤਰਲੋਚਨ ਹਾਂਡਾ, ਗੌਰਵ ਬੇਦੀ, ਸਰਪੰਚ ਸਾਹਿਬ ਸਿੰਘ, ਅਮਨਦੀਪ ਮਿਟੂੰ, ਗੁਰਵਿੰਦਰ, ਸਤਪਾਲ, ਸੰਜੇ, ਕਰਮ ਸਿੰਘ, ਅਮਨ, ਬਾਜ ਸਿੰਘ, ਜੈ ਭਗਵਾਨ ਆਦਿ ਤੋਂ ਇਲਾਵਾ ਵਡੀ ਗਿਣਤੀ ’ਚ ਭਾਜਪਾ ਕਾਰਕੁੰਨ ਮੌਜੂਦ ਸਨ।
ਫਰੀਦਾਬਾਦ (ਪੱਤਰ ਪ੍ਰੇਰਕ): ਭਾਰਤ ਸਰਕਾਰ ਦੇ ਕੇਂਦਰੀ ਭਾਰੀ ਉਦਯੋਗ ਤੇ ਊਰਜਾ ਰਾਜ ਮੰਤਰੀ ਕ੍ਰਿਸ਼ਨ ਪਾਲ ਗੁੱਜਰ ਨੇ ਦੱਸਿਆ ਕਿ ਪੂਰੇ ਦੇਸ਼ ਵਿੱਚ ਹਰ ਸਾਲ ਦੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਵਰਕਰ ਪਿਛਲੇ ਕਈ ਦਿਨਾਂ ਤੋਂ ਹਰ ਗਲੀ, ਮੁਹੱਲੇ, ਕਸਬੇ ਅਤੇ ਸ਼ਹਿਰ ਵਿੱਚ ਇਹ ਤਿਰੰਗਾ ਯਾਤਰਾ ਕੱਢ ਰਹੇ ਹਨ। ਕੱਲ੍ਹ ਦੇਸ਼ ਦੀ ਆਜ਼ਾਦੀ ਦਾ 77ਵਾਂ ਆਜ਼ਾਦੀ ਦਿਹਾੜਾ ਤੇ ਤਿਰੰਗੇ ਦੇ ਮਾਣ-ਸਨਮਾਨ ਲਈ ਕੁਰਬਾਨੀਆਂ ਦੇਣ ਵਾਲਿਆਂ ਨੂੰ ਯਾਦ ਕੀਤਾ ਜਾਵੇਗਾ। ਅੱਜ ਪਿੰਡ ਫਤਿਹਪੁਰ ਬਿੱਲੋਚ ਵਿਖੇ ਆਯੋਜਿਤ ਤਿਰੰਗਾ ਯਾਤਰਾ ਵਿੱਚ ਕ੍ਰਿਸ਼ਨ ਪਾਲ ਗੁਜਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਤਿਰੰਗੇ ਨੂੰ ਕਦੇ ਵੀ ਅੱਗ ਦੀ ਲਪੇਟ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ।