ਭਾਜਪਾ ਦਿੱਲੀ ਦਾ ਸਿੱਖਿਆ ਮਾਡਲ ਬਰਬਾਦ ਕਰਨ ਲੱਗੀ: ਗੋਪਾਲ ਰਾਏ
ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜੁਲਾਈ
ਆਮ ਆਦਮੀ ਪਾਰਟੀ ਦਿੱਲੀ ਦੇ ਸੂਬਾ ਕਨਵੀਨਰ ਗੋਪਾਲ ਰਾਏ ਦਾ ਕਹਿਣਾ ਹੈ ਕਿ ਭਾਜਪਾ ਆਪਣੇ ਉਪ ਰਾਜਪਾਲ ਦੇ ਜ਼ਰੀਏ ‘ਕੰਮ ਬੰਦ ਕਰੋ’ ਮੁਹਿੰਮ ਰਾਹੀਂ ਦਿੱਲੀ ਦੇ ਸਿੱਖਿਆ ਮਾਡਲ ਨੂੰ ਬਰਬਾਦ ਕਰਨ ’ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ 5 ਹਜ਼ਾਰ ਅਧਿਆਪਕਾਂ ਦੇ ਮਨਮਾਨੇ ਤਬਾਦਲਿਆਂ ਦੇ ਮਾਮਲੇ ’ਚ ਭਾਜਪਾ ਦੀ ‘ਕੰਮ ਬੰਦ ਕਰੋ’ ਮੁਹਿੰਮ ਦਾ ਚਿਹਰਾ ਸਭ ਦੇ ਸਾਹਮਣੇ ਆ ਗਿਆ ਹੈ। ਭਾਜਪਾ ਅਤੇ ਇਸ ਦੀ ਕੇਂਦਰ ਸਰਕਾਰ ਦੇ ਐੱਲਜੀ ਦੇ ਦਬਾਅ ਹੇਠ ਅਧਿਕਾਰੀਆਂ ਵੱਲੋਂ ਲਿਆ ਗਿਆ ਇਹ ਫ਼ੈਸਲਾ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕ ਜਥੇਬੰਦੀਆਂ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ। ਇਹ ਫ਼ੈਸਲਾ ਸਿੱਖਿਆ ਮੰਤਰੀ ਆਤਿਸ਼ੀ ਦੇ ਹੁਕਮਾਂ ਦੇ ਖ਼ਿਲਾਫ਼ ਲਿਆ ਗਿਆ ਹੈ। ਇਸ ਦਾ ਮਕਸਦ ਸਿਰਫ਼ ਭ੍ਰਿਸ਼ਟਾਚਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਬਹੁਤ ਮਿਹਨਤ ਤੋਂ ਬਾਅਦ ਦਿੱਲੀ ਦੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਹੋਇਆ ਹੈ ਅਤੇ ਅੱਜ ਦਿੱਲੀ ਦੇ ਸਿੱਖਿਆ ਮਾਡਲ ਦੀ ਹਰ ਪਾਸੇ ਚਰਚਾ ਹੋ ਰਹੀ ਹੈ, ਇਸ ਲਈ ਬੱਚਿਆਂ ਦੇ ਭਵਿੱਖ ਨੂੰ ਖਰਾਬ ਨਾ ਕੀਤਾ ਜਾਵੇ।
ਸ੍ਰੀ ਰਾਏ ਨੇ ਅੱਜ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਭਾਜਪਾ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਦੇ ਕੰਮ ਨੂੰ ਰੋਕਣ ਲਈ ਪਿਛਲੇ ਕਈ ਸਾਲਾਂ ਤੋਂ ‘ਕੰਮ ਬੰਦ ਕਰੋ’ ਮੁਹਿੰਮ ਚਲਾ ਰਹੀ ਹੈ ਅਤੇ ਹੁਣ ਇਹ ਆਪਣੇ ਸਿਖਰ ’ਤੇ ਪਹੁੰਚ ਰਹੀ ਹੈ। ਸ੍ਰੀ ਰਾਏ ਨੇ ਕਿਹਾ, ‘‘ਅਸੀਂ ਨਾ ਸਿਰਫ਼ ਲੋਕਾਂ ਦੀ ਸੋਚ ਨੂੰ ਬਦਲਿਆ, ਸਗੋਂ ਇਹ ਯਕੀਨਨ ਵੀ ਬਣਾਇਆ ਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਕਈ ਗੁਣਾਂ ਬਿਹਤਰ ਹੋ ਸਕਦੇ ਹਨ। ਅਸੀਂ ਸਾਬਤ ਕਰ ਦਿੱਤਾ ਕਿ ਸਰਕਾਰੀ ਸਕੂਲਾਂ ਵਿੱਚ ਬੱਚੇ ਵਧੀਆ ਸਿੱਖਿਆ ਪ੍ਰਾਪਤ ਕਰ ਸਕਦੇ ਹਨ ਅਤੇ ਚੰਗੇ ਨਤੀਜੇ ਵੀ ਦੇ ਸਕਦੇ ਹਨ।’’