ਕਿਸਾਨ ਆਗੂਆਂ ਦੇ ਪਿੰਡਾਂ ’ਚ ਨਾ ਲੱਗੇ ਭਾਜਪਾ ਦੇ ਪੈਰ
ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 9 ਜੂਨ
ਫਰੀਦਕੋਟ ਲੋਕ ਸਭਾ ਹਲਕੇ ਵਿੱਚ ਪ੍ਰਮੁੱਖ ਕਿਸਾਨ ਆਗੂਆਂ ਦੇ ਪਿੰਡ ਵਿੱਚ ਭਾਜਪਾ ਉਮੀਦਵਾਰਾਂ ਦੇ ਪੈਰ ਨਹੀਂ ਲੱਗੇ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸ ਨੂੰ ਫਰੀਦਕੋਟ ਲੋਕ ਸਭਾ ਹਲਕੇ ਵਿੱਚ ਕਰੀਬ 1 ਲੱਖ 26 ਹਜ਼ਾਰ ਵੋਟ ਪਈ ਹੈ ਪ੍ਰੰਤੂ ਕਿਸਾਨ ਆਗੂਆਂ ਦੇ ਪਿੰਡ ਵਿੱਚ ਲੋਕਾਂ ਨੇ ਭਾਜਪਾ ਉਮੀਦਵਾਰ ਨੂੰ ਵੋਟ ਨਹੀਂ ਪਾਈ। ਮਿਲੇ ਅੰਕੜਿਆਂ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੇ ਪਿੰਡ ਇੱਕ ਬੂਥ ਉੱਪਰ ਭਾਜਪਾ ਉਮੀਦਵਾਰ ਨੂੰ ਸਿਰਫ ਦੋ ਵੋਟਾਂ ਪਈਆਂ ਹਨ ਜਦਕਿ ਦੂਜੇ ਬੂਥ ਉੱਪਰ 16 ਵੋਟਾਂ ਪਈਆਂ ਹਨ। ਇਸੇ ਹੀ ਲੋਕ ਸਭਾ ਹਲਕੇ ਅਧੀਨ ਜਗਜੀਤ ਸਿੰਘ ਡੱਲੇਵਾਲ ਦਾ ਪਿੰਡ ਵੀ ਆਉਂਦਾ ਹੈ ਉਥੋਂ ਵੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸ ਤੀਜੇ ਨੰਬਰ ’ਤੇ ਰਹੇ ਹਨ। ਕੌਮੀ ਕਿਸਾਨ ਯੂਨੀਅਨ ਦੇ ਆਗੂ ਗੁਰਮੀਤ ਸਿੰਘ ਗੋਲੇਵਾਲਾ ਦੇ ਪਿੰਡ ਵਿੱਚ ਭਾਜਪਾ ਦਾ ਉਮੀਦਵਾਰ ਚੌਥੇ ਨੰਬਰ ‘ਤੇ ਰਿਹਾ। ਕਿਰਤੀ ਕਿਸਾਨੀ ਦੇ ਸੂਬਾ ਪ੍ਰਧਾਨ ਅਤੇ ਸੰਯੁਕਤ ਮੋਰਚੇ ਦੇ ਆਗੂ ਨਿਰਭੈ ਸਿੰਘ ਢੁੱਡੀਕੇ ਦੇ ਪਿੰਡ ਵਿੱਚ ਵੀ ਭਾਜਪਾ ਨੂੰ ਕਰਾਰੀ ਹਾਰ ਹੋਈ ਹੈ ਅਤੇ ਉੱਥੇ ਵੀ ਲੋਕਾਂ ਨੇ ਭਾਜਪਾ ਉਮੀਦਵਾਰ ਨੂੰ ਵੋਟਾਂ ਪਾਉਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ। ਕਿਸਾਨ ਆਗੂਆਂ ਦੇ ਪਿੰਡ ਵਿੱਚ ਭਾਜਪਾ ਦੇ ਵਰਕਰਾਂ ਤੇ ਆਗੂਆਂ ਨੇ ਚੋਣ ਪ੍ਰਚਾਰ ਕਰਨ ਤੋਂ ਵੀ ਟਾਲਾ ਵੱਟੀ ਰੱਖਿਆ। ਪਿੰਡ ਦੀਪ ਸਿੰਘ ਵਾਲਾ ਵਿੱਚ ਭਾਜਪਾ ਦਾ ਉਮੀਦਵਾਰ ਜਾਂ ਕੋਈ ਵੀ ਆਗੂ ਚੋਣ ਪ੍ਰਚਾਰ ਲਈ ਨਹੀਂ ਗਿਆ। ਭਾਜਪਾ ਉਮੀਦਵਾਰ ਹੰਸਰਾਜ ਹੰਸ ਨੂੰ ਸਭ ਤੋਂ ਘੱਟ ਵੋਟਾਂ ਪਿੰਡ ਹਰਦਿਆਲੇਆਣਾ ਵਿੱਚ ਪਈਆਂ ਹਨ। ਇੱਥੋਂ ਸਿਰਫ ਹੰਸ ਰਾਜ ਹੰਸ ਨੂੰ ਸੱਤ ਵੋਟਾਂ ਹੀ ਮਿਲੀਆਂ ਹਨ।