ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਜਪਾ ਫਿਰਕੂ ਲੀਹਾਂ ’ਤੇ ਪ੍ਰਚਾਰ ਨਾ ਕਰੇ; ਕਾਂਗਰਸ ਹਥਿਆਰਬੰਦ ਬਲਾਂ ਦੇ ਸਿਆਸੀਕਰਨ ਤੋਂ ਗੁਰੇਜ਼ ਕਰੇ

06:42 AM May 23, 2024 IST

* ਸਟਾਰ ਪ੍ਰਚਾਰਕਾਂ ਦੀ ਨਕੇਲ ਕੱਸਣ ਦੀ ਹਦਾਇਤ

Advertisement

ਨਵੀਂ ਦਿੱਲੀ, 22 ਮਈ
ਚੋਣ ਕਮਿਸ਼ਨ ਨੇ ਅੱਜ ਸੱਤਾਧਾਰੀ ਭਾਜਪਾ ਤੇ ਵਿਰੋਧੀ ਧਿਰ ਕਾਂਗਰਸ ਨੂੰ ਲੰਮੇ ਹੱਥੀਂ ਲੈਂਦਿਆਂ ਲੋਕ ਸਭਾ ਚੋਣਾਂ ਵਿਚ ਧਾਰਮਿਕ ਤੇ ਫਿਰਕੂ ਲੀਹਾਂ ’ਤੇ ਪ੍ਰਚਾਰ ਤੋਂ ਬਚਣ ਅਤੇ ਹਥਿਆਰਬੰਦ ਬਲਾਂ ਦੇ ਸਿਆਸੀਕਰਨ ਤੋਂ ਗੁਰੇਜ਼ ਕਰਨ ਦੀ ਨਸੀਹਤ ਦਿੱਤੀ ਹੈ। ਕਮਿਸ਼ਨ ਨੇ ਕਿਹਾ ਕਿ ਉਹ ਚੋਣਾਂ ਵਿਚ ਦੇਸ਼ ਦੇ ਸਮਾਜਿਕ-ਸਭਿਆਚਾਰਕ ਮਾਹੌਲ ਨੂੰ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ ਦੇ ਸਕਦਾ। ਕਮਿਸ਼ਨ ਨੇ ਭਾਜਪਾ ਪ੍ਰਧਾਨ ਜੇਪੀ ਨੱਢਾ ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਕਿਹਾ ਕਿ ਉਨ੍ਹਾਂ ਦੇ ਸਟਾਰ ਪ੍ਰਚਾਰਕਾਂ ਦੇ ਬਿਆਨ ਇਕ ਖਾਸ ਰੁਝਾਨ ਦੀ ਪਾਲਣਾ ਕਰਦੇ ਹਨ ਤੇ ਅਜਿਹੀ ਵਿਚਾਰ ਚਰਚਾ ਪੈਦਾ ਕਰਦੇ ਹਨ, ਜੋ ਆਦਰਸ਼ ਚੋਣ ਜ਼ਾਬਤੇ ਤੋਂ ਬਾਅਦ ਵੀ ਨੁਕਸਾਨਦਾਇਕ ਹੋ ਸਕਦੇ ਹਨ। ਕਮਿਸ਼ਨ ਨੇ ਇਹ ਟਿੱਪਣੀਆਂ ਇਨ੍ਹਾਂ ਸਿਆਸੀ ਪਾਰਟੀਆਂ ਵੱਲੋਂ ਇਕ ਦੂਜੇ ਖਿਲਾਫ਼ ਦਿੱਤੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਦਿੱਤੇ ਜਵਾਬਾਂ ’ਤੇ ਕੀਤੀ ਹੈ।
ਪਿਛਲੇ ਮਹੀਨੇ 25 ਅਪਰੈਲ ਨੂੰ ਜਾਰੀ ਨੋਟਿਸਾਂ ’ਤੇ ਇਨ੍ਹਾਂ ਪਾਰਟੀਆਂ ਵੱਲੋਂ ਦਿੱਤੇ ਜਵਾਬਾਂ ਦਾ ਜ਼ਿਕਰ ਕਰਦੇ ਹੋਏ ਚੋਣ ਕਮਿਸ਼ਨ ਨੇ ਕਿਹਾ ਕਿ ਹੋਰਨਾਂ ਸਿਆਸੀ ਪਾਰਟੀਆਂ ਦੇ ਬਿਆਨਾਂ ਦੀ ਤਕਨੀਕੀ ਖਾਮੀਆਂ ਜਾਂ ਸੌੜੀ ਵਿਆਖਿਆ ਪਾਰਟੀਆਂ ਤੇ ਉਨ੍ਹਾਂ ਦੇ ਪ੍ਰਚਾਰਕਾਂ ਨੂੰ ਉਨ੍ਹਾਂ ਦੇ ਆਪਣੇ ਭਾਸ਼ਣਾਂ ਦੀ ਸਮੱਗਰੀ ਦੀ ਮੁੱਖ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕਰ ਸਕਦੀ ਹੈ। ਕਮਿਸ਼ਨ ਮੁਤਾਬਕ ਇਹ ਸੁਧਾਰਾਤਮਕ ਹੋਣੀ ਚਾਹੀਦੀ ਹੈ ਤੇ ਇਸ ਵਿਚ ਨਾ ਹੀ ਪ੍ਰਚਾਰ ਦੀ ਗੁਣਵੱਤਾ ਨੂੰ ਹੋਰ ਘੱਟ ਕੀਤਾ ਜਾਣਾ ਚਾਹੀਦਾ ਹੈ। ਚੋਣ ਕਮਿਸ਼ਨ ਨੇ ਦੋਵਾਂ ਪਾਰਟੀਆਂ ਨੂੰ ਆਦਰਸ਼ ਚੋਣ ਜ਼ਾਬਤੇ ਦੀਆਂ ਉਹ ਵਿਵਸਥਾਵਾਂ ਚੇੇਤੇ ਕਰਵਾਈਆਂ, ਜੋ ਕਹਿੰਦੀਆਂ ਹਨ ਕਿ ਕੋਈ ਵੀ ਪਾਰਟੀ ਜਾਂ ਉਮੀਦਵਾਰ ਕਿਸੇ ਅਜਿਹੀ ਸਰਗਰਮੀ ਵਿਚ ਸ਼ਾਮਲ ਨਹੀਂ ਹੋਵੇਗਾ ਜੋ ਆਪਸੀ ਵਖਰੇਵੇਂ ਨੂੰ ਵਧਾ ਸਕਦੀ ਹੈ ਜਾਂ ਨਫ਼ਰਤ ਪੈਦਾ ਕਰ ਸਕਦੀ ਹੈ ਜਾਂ ਵੱਖ ਵੱਖ ਜਾਤੀਆਂ, ਭਾਈਚਾਰਿਆਂ, ਧਰਮਾਂ ਜਾਂ ਭਾਸ਼ਾ ਵਿਚ ਤਣਾਅ ਦਾ ਕਾਰਨ ਬਣਦੀ ਹੈ। ਨੱਢਾ ਨੂੰ ਵਿਰੋਧੀ ਧਿਰ ਦੇ ਇਸ ਦੋਸ਼ ’ਤੇ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਬਾਂਸਵਾੜਾ ਵਿਚ ਵੰਡੀਆਂ ਪਾਉਣ ਵਾਲਾ ਭਾਸ਼ਣ ਦਿੱਤਾ ਸੀ। ਨੱਢਾ ਨੇ ਨੋਟਿਸ ਦੇ ਜਵਾਬ ਵਿਚ ਕਿਹਾ ਸੀ ਕਿ ਭਾਜਪਾ ਦੇ ਸਟਾਰ ਪ੍ਰਚਾਰਕਾਂ ਦੇ ਬਿਆਨ ਤੱਥਾਂ ’ਤੇ ਅਧਾਰਿਤ ਹਨ ਤੇ ਦੇਸ਼ ਸਾਹਮਣੇ ਕਾਂਗਰਸ ਦੇ ‘ਗ਼ਲਤ ਇਰਾਦਿਆਂ’ ਦੀ ਪੋਲ ਖੋਲ੍ਹਦੇ ਹਨ। ਉਨ੍ਹਾਂ ਕਮਿਸ਼ਨ ਨੂੰ ਇਹ ਵੀ ਕਿਹਾ ਸੀ ਕਿ ਵੋਟ ਬੈਂਕ ਦੀ ਸਿਆਸਤ ਲਈ ਕਾਂਗਰਸ ਤੇ ਇੰਡੀਆ ਗੱਠਜੋੜ ਨੇ ਇਕ ਰਾਸ਼ਟਰ, ਉਸ ਦੀ ਪਛਾਣ, ਉਸ ਦੇ ਮੂਲ ਹਿੰਦੂ ਧਰਮ ਦੇ ਰੂਪ ਵਿਚ ਭਾਰਤ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।
ਕਮਿਸ਼ਨ ਨੇ ਨੱਢਾ ਦੇ ਬਚਾਅ ਨੂੰ ਖਾਰਜ ਕਰਦਿਆਂ ਕਿਹਾ ਕਿ ਇਸ ਨੂੰ ‘ਸਵੀਕਾਰ ਨਹੀਂ ਕੀਤਾ ਜਾ ਸਕਦਾ’। ਕਮਿਸ਼ਨ ਨੇ ਨੱਢਾ ਤੇ ਉਨ੍ਹਾਂ ਦੀ ਪਾਰਟੀ ਦੇ ਸਟਾਰ ਪ੍ਰਚਾਰਕਾਂ ਨੂੰ ਧਾਰਮਿਕ ਤੇ ਫਿਰਕੂ ਅਧਾਰ ’ਤੇ ਪ੍ਰਚਾਰ ਕਰਨ ਤੋਂ ਪਰਹੇਜ਼ ਕਰਨ ਲਈ ਕਿਹਾ। ਕਮਿਸ਼ਨ ਨੇ ਭਾਜਪਾ ਨੂੰ ਸਮਾਜ ਨੂੰ ਵੰਡਣ ਵਾਲੇ ਚੋਣ ਪ੍ਰਚਾਰ ’ਤੇ ਰੋਕ ਲਾਉਣ ਲਈ ਵੀ ਕਿਹਾ। ਕਮਿਸ਼ਨ ਨੇ ਆਸ ਜਤਾਈ ਕਿ ਕੇਂਦਰ ਵਿਚ ਸੱਤਾਧਾਰੀ ਪਾਰਟੀ ਦੇ ਰੂਪ ਵਿਚ ਭਾਜਪਾ ਭਾਰਤ ਦੇ ਸਮੁਚੇ ਤੇ ਸੰਵੇਦਨਸ਼ੀਲ ਤਾਣੇ-ਬਾਣੇ ਦੇ ਵਿਹਾਰਕ ਪਹਿਲੂਆਂ ਦੇ ਮੱਦੇਨਜ਼ਰ ਪ੍ਰਚਾਰ ਦੇ ਤਰੀਕਿਆਂ ਦੀ ਪੂਰੀ ਤਰ੍ਹਾਂ ਨਾਲ ਪਾਲਣ ਕਰੇਗੀ।
ਚੋਣ ਕਮਿਸ਼ਨ ਨੇ ਨੱਢਾ ਦੇ ਨਾਲ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਵੀ ਇਸੇ ਤਰ੍ਹਾਂ ਦਾ ਨੋਟਿਸ ਜਾਰੀ ਕੀਤਾ ਸੀ, ਜਿਸ ਵਿਚ ਉਨ੍ਹਾਂ ਨੂੰ ਉਨ੍ਹਾਂ ਤੇ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਖਿਲਾਫ਼ ਭਾਜਪਾ ਵੱਲੋਂ ਦਾਇਰ ਸ਼ਿਕਾਇਤਾਂ ਦਾ ਜਵਾਬ ਦੇਣ ਲਈ ਕਿਹਾ ਗਿਆ ਸੀ। ਕਮਿਸ਼ਨ ਨੇ ਖੜਗੇ ਦੇ ਬਚਾਅ ਨੂੰ ਵੀ ਖਾਰਜ ਕਰ ਦਿੱਤਾ ਤੇ ਪਾਰਟੀ ਨੂੰ ਸੁਰੱਖਿਆ ਬਲਾਂ ਦਾ ਸਿਆਸੀਕਰਨ ਨਾ ਕਰਨ ਤੇ ਹਥਿਆਰਬੰਦ ਬਲਾਂ ਦੀ ਸਮਾਜਿਕ ਆਰਥਿਕ ਬਣਤਰ ਬਾਰੇ ਵੰਡੀਆਂ ਪਾਉਣ ਵਾਲੇ ਬਿਆਨ ਨਾ ਦੇਣ ਦੀ ਨਸੀਹਤ ਕੀਤੀ। ਕਮਿਸ਼ਨ ਅਗਨੀਪਥ ਯੋਜਨਾ ਨੂੰ ਲੈ ਕੇ ਕਾਂਗਰਸ ਦੇ ਸਿਖਰਲੇ ਆਗੂਆਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਦਾ ਜ਼ਿਕਰ ਕਰ ਰਿਹਾ ਸੀ। ਕਮਿਸ਼ਨ ਨੇ ਕਾਂਗਰਸ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਏ ਕਿ ਉਸ ਦੇ ਸਟਾਰ ਪ੍ਰਚਾਰਕ ਤੇ ਉਮੀਦਵਾਰ ਅਜਿਹੇ ਬਿਆਨ ਨਾ ਦੇਣ, ਜਿਸ ਨਾਲ ਇਹ ਗ਼ਲਤ ਧਾਰਨਾ ਬਣੇ ਕਿ ਸੰਵਿਧਾਨ ਨੂੰ ਖਤਮ ਕੀਤਾ ਜਾ ਸਕਦਾ ਹੈ।
ਕਮਿਸ਼ਨ ਨੇ ਦੋਵਾਂ ਕੌਮੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਕਿਹਾ ਕਿ ਉਹ ਆਪਣੇ ਸਟਾਰ ਪ੍ਰਚਾਰਕਾਂ ਨੂੰ ਰਸਮੀ ਸਲਾਹ ਦੇਣ ਤਾਂ ਕਿ ਉਹ ਆਪਣੇ ਸੰਵਾਦ ਨੂੰ ਸਹੀ ਕਰ ਸਕਣ, ਚੌਕਸੀ ਵਰਤਣ ਤੇ ਸ਼ਿਸ਼ਟਾਚਾਰ ਬਣਾਈ ਰੱਖਣ। ਕਮਿਸ਼ਨ ਨੇ ਨੱਢਾ ਤੇ ਖੜਗੇ, ਦੋਵਾਂ ਨੂੰ ਕਿਹਾ ਕਿ ਚੋਣ ਇਕ ਅਜਿਹਾ ਅਮਲ ਹੈ ਜਿੱਥੇ ਸਿਆਸੀ ਪਾਰਟੀਆਂ ਨਾ ਸਿਰਫ਼ ਜਿੱਤਣ ਲਈ ਚੋਣ ਲੜਦੀਆਂ ਹਨ ਬਲਕਿ ਉਨ੍ਹਾਂ ਨੂੰ (ਖੁ਼ਦ ਨੂੰ) ਵੋਟਰਾਂ ਦੇ ਆਦਰਸ਼ ਦੇ ਰੂਪ ਵਿਚ ਪੇਸ਼ ਕਰਨ ਦਾ ਮੌਕਾ ਵੀ ਮਿਲਦਾ ਹੈ। ਕਮਿਸ਼ਨ ਨੇ ਕਿਹਾ, ‘‘ਦੂਜੀ ਗੱਲ ਇਹ ਹੈ ਕਿ ਭਾਰਤੀ ਚੋਣਾਂ ਦੀ ਬਹੁਮੁੱਲੀ ਵਿਰਾਸਤ ਤੇ ਸਾਡੀ ਚੋਣ ਜਮਹੂਰੀਅਤ ਨੂੰ ਕਿਸੇ ਵੱਲੋਂ ਕਮਜ਼ੋਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।’’ ਕਮਿਸ਼ਨ ਨੇ ਕਿਹਾ ਕਿ ਸਿਆਸੀ ਪਾਰਟੀਆਂ ’ਤੇ ਦੇਸ਼ ਦੇ ਮੌਜੂਦਾ ਤੇ ਭਵਿੱਖੀ ਆਗੂ ਤਿਆਰ ਕਰਨ ਦੀ ਜ਼ਿੰਮੇਵਾਰੀ ਵੀ ਹੈ। ਕਮਿਸ਼ਨ ਮੁਤਾਬਕ ਉਸ ਦਾ ਇਹ ਵਿਚਾਰ ਹੈ ਕਿ ਸਟਾਰ ਪ੍ਰਚਾਰਕ ਆਪਣੇ ਭਾਸ਼ਣਾਂ ਲਈ ਜ਼ਿੰਮੇਵਾਰ ਬਣੇ ਰਹਿਣਗੇ ਜਦੋਂਕਿ ਕਮਿਸ਼ਨ ‘ਕੇਸ ਦਰ ਕੇਸ’ ਪਾਰਟੀ ਪ੍ਰਧਾਨਾਂ ਨੂੰ ਵੀ ਸਵਾਲ ਕਰੇਗਾ। -ਪੀਟੀਆਈ

ਚੋਣ ਜ਼ਾਬਤੇ ਦੀ ਉਲੰਘਣਾ ਨਾਲ ਬੱਚਿਆਂ ਵਾਂਗ ਨਜਿੱਠ ਰਿਹੈ ਚੋਣ ਕਮਿਸ਼ਨ: ਸੀਤਾਰਾਮ ਯੇਚੁਰੀ

ਨਵੀਂ ਦਿੱਲੀ: ਸੀਪੀਆਈ(ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਅੱਜ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਜਾਰੀ ‘ਨਿਰਦੇਸ਼’ ਉਨ੍ਹਾਂ ਦੀ ਪਾਰਟੀ ਵੱਲੋਂ ਸ਼ਿਕਾਇਤਾਂ ’ਚ ਉਠਾਏ ਮੁੱਦਿਆਂ ਦਾ ਹੱਲ ਨਹੀਂ ਕਰਦਾ ਅਤੇ ਦੋਸ਼ ਲਾਇਆ ਕਿ ਚੋਣ ਪੈਨਲ ਚੋਣ ਜ਼ਾਬਤੇ ਦੀ ਗੰਭੀਰ ਉਲੰਘਣਾ ਨਾਲ ਨਜਿੱਠਣ ਲਈ ਬੱਚਿਆਂ ਵਾਂਗ ਵਿਹਾਰ ਕਰ ਰਿਹਾ ਹੈ। ਯੇਚੁਰੀ ਨੇ ਚੋਣ ਕਮਿਸ਼ਨ ਵੱਲੋਂ ਭਾਜਪਾ ਪ੍ਰਧਾਨ ਜੇਪੀ ਨੱਢਾ ਨੂੰ ਜਾਰੀ ਨੋਟਿਸ ‘ਐਕਸ’ ’ਤੇ ਪੋਸਟ ’ਚ ਸਾਂਝਾ ਕਰਦਿਆਂ ਕਿਹਾ, ‘‘ਮੋਦੀ ਤੇ ਹੋਰ ਭਾਜਪਾ ਨੇਤਾਵਾਂ ਦੇ ਨਫ਼ਰਤੀ ਭਾਸ਼ਣਾਂ ਖ਼ਿਲਾਫ਼ ਸ਼ਿਕਾਇਤਾਂ ’ਚ ਸਾਡੀ ਪਾਰਟੀ ਵੱਲੋਂ ਉਠਾਏ ਗਏ ਕਿਸੇ ਵੀ ਮੁੱਦੇ ਦਾ ਚੋਣ ਕਮਿਸ਼ਨ ਨੇ ਅੱਜ ਜਾਰੀ ਨਿਰਦੇਸ਼ ’ਚ ਹੱਲ ਨਹੀਂ ਕੀਤਾ।’’ ਉਨ੍ਹਾਂ ਕਿਹਾ, ‘‘ਚੋਣ ਕਮਿਸ਼ਨ ਆਦਰਸ਼ ਚੋਣ ਜ਼ਾਬਤੇ ਦੇ ਗੰਭੀਰ ਉਲੰਘਣਾ ਦੀਆਂ ਸ਼ਿਕਾਇਤਾਂ ਪ੍ਰਤੀ ਬੱਚਿਆਂ ਵਾਂਗ ਵਿਚਰ ਰਿਹਾ ਹੈ। ਮਰਿਆਦਾ ਬਰਕਰਾਰ ਰੱਖਣ ਲਈ ਜਾਰੀ ਅਜਿਹੇ ਨਰਮ ਨਿਰਦੇਸ਼ ਇਸ ਦੀ ਭਰੋਸੇਯੋਗਤਾ ਬਹਾਲ ਨਹੀਂ ਕਰ ਸਕਦੇ।’’ ਯੇਚੁਰੀ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਆਦਰਸ਼ ਚੋਣ ਜ਼ਾਬਤਾ ਲਾਗੂ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ। -ਪੀਟੀਆਈ

Advertisement

Advertisement
Advertisement