ਭਾਜਪਾ ਯੋਗੀ ਜਾਂ ਮੋਦੀ ਦੇ ਨਾਅਰੇ ਵਿੱਚੋਂ ਇੱਕ ਚੁਣ ਲਵੇ: ਖੜਗੇ
* ‘ਬਟੇਂਗੇ ਤੋਂ ਕਟੇਂਗੇ’ ਦੇ ਨਾਅਰੇ ’ਤੇ ਭਾਜਪਾ ਨੂੰ ਘੇਰਿਆ
* ‘ਦੇਸ਼ ਨੂੰ ਇਕਜੁੱਟ ਰੱਖਣ ਲਈ ਕਈ ਆਗੂਆਂ ਨੇ ਜਾਨਾਂ ਦਿੱਤੀਆਂ’
ਨਾਗਪੁਰ, 9 ਨਵੰਬਰ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ‘ਬਟੇਂਗੇ ਤੋਂ ਕਟੇਂਗੇ’ ਦੇ ਨਾਅਰੇ ਦਾ ਜਵਾਬ ਦਿੰਦਿਆਂ ਅੱਜ ਕਿਹਾ ਕਿ ਕਾਂਗਰਸ ਪਾਰਟੀ ਦੇ ਕਈ ਆਗੂਆਂ ਨੇ ਦੇਸ਼ ਨੂੰ ਇਕਜੁੱਟ ਕਰਨ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਉਨ੍ਹਾਂ ਦਾਅਵਾ ਕੀਤਾ ਕਿ ਜੋ ਲੋਕ ਚਾਹੁੰਦੇ ਹਨ ਕਿ ਦੇਸ਼ ਇਕਜੁੱਟ ਰਹੇ, ਉਹ ਕਦੀ ਵੀ ਅਜਿਹੀਆਂ ਵੰਡਪਾਊ ਟਿੱਪਣੀਆਂ ਨਹੀਂ ਕਰਨਗੇ।
ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਭਾਰਤੀ ਜਨਤਾ ਪਾਰਟੀ ਨੂੰ ਕਿਹਾ ਕਿ ਪਹਿਲਾਂ ਉਹ ਤੈਅ ਕਰ ਲਵੇ ਕਿ ਉਸ ਨੇ ਯੋਗੀ ਦੇ ਨਾਅਰੇ ‘ਬਟੇਂਗੇ ਤੋ ਕਟੇਂਗੇ’ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਏਕਤਾ ਦੇ ਸੁਨੇਹੇ ‘ਏਕ ਹੈ ਤੋ ਸੇਫ ਹੈਂ’, ਵਿਚੋਂ ਕਿਸ ਨੂੰ ਅਪਣਾਉਣਾ ਹੈ। ਖੜਗੇ ਨੇ ਲਾਲ ਜਿਲਦ ਵਾਲੀ ਸੰਵਿਧਾਨ ਦੀ ਕਾਪੀ ਨੂੰ ਲੈ ਕੇ ਰਾਹੁਲ ਗਾਂਧੀ ਦੀ ਆਲੋਚਨਾ ਕਰਨ ਲਈ ਵੀ ਭਾਜਪਾ ਨੂੰ ਨਿਸ਼ਾਨੇ ’ਤੇ ਲਿਆ ਤੇ ਇਕ ਤਸਵੀਰ ਦਿਖਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਜਿਹੀ ਹੀ ਕਾਪੀ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਭੇਟ ਕੀਤੀ ਸੀ। ਕਾਂਗਰਸ ਪ੍ਰਧਾਨ ਨੇ ਭਾਜਪਾ ਤੇ ਆਰਐੱਸਐੱਸ ’ਤੇ ਵੋਟ ਹਾਸਲ ਕਰਨ ਲਈ ਲੋਕਾਂ ਨੂੰ ਭੜਕਾਉਣ ਦਾ ਦੋਸ਼ ਲਾਇਆ। ਉਨ੍ਹਾਂ ਇੱਕ ਅਖ਼ਬਾਰ ’ਚ ਪ੍ਰਕਾਸ਼ਤ ਲੇਖ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਪੜ੍ਹਿਆ ਹੈ ਕਿ ਆਰਐੱਸਐੱਸ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ‘ਬਟੇਂਗੇ ਤੋਂ ਕਟੇਂਗੇ’ ਨਾਅਰੇ ਦੀ ਹਮਾਇਤ ਕਰਦਾ ਹੈ। ਉਨ੍ਹਾਂ ਕਿਹਾ, ‘ਪਹਿਲਾਂ ਤੁਸੀਂ ਆਪਸ ’ਚ ਤੈਅ ਕਰ ਲਵੋ ਕਿ ਕਿਸ ਦਾ ਨਾਅਰਾ ਅਪਣਾਉਣਾ ਹੈ। ਯੋਗੀ ਜੀ ਦਾ ਜਾਂ ਮੋਦੀ ਜੀ ਦਾ। ਭਾਜਪਾ ਆਗੂ ਭੜਕਾਊ ਭਾਸ਼ਣ ਦਿੰਦੇ ਹਨ, ਝੂਠ ਬੋਲਦੇ ਹਨ ਅਤੇ ਲੋਕਾਂ ਦਾ ਧਿਆਨ ਮੂਲ ਮੁੱਦਿਆਂ ਤੋਂ ਭਟਕਾਉਂਦੇ ਹਨ।’ ਖੜਗੇ ਨੇ ਕਿਹਾ ਕਿ ਦੇਸ਼ ਨੂੰ ਇਕਜੁੱਟ ਕਰਨ ਲਈ ਕਾਂਗਰਸ ਦੇ ਕਈ ਵੱਡੇ ਆਗੂਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। -ਪੀਟੀਆਈ
ਭਾਜਪਾ ’ਤੇ ਕਾਂਗਰਸ ਦੀਆਂ ਗਾਰੰਟੀਆਂ ਦੀ ਨਕਲ ਕਰਨ ਦਾ ਦੋਸ਼
ਬੰਗਲੂਰੂ:
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਉਨ੍ਹਾਂ ਦੀ ਪਾਰਟੀ ਦੀਆਂ ਗਾਰੰਟੀ ਯੋਜਨਾਵਾਂ ਦੀ ਨਕਲ ਕਰ ਰਹੀ ਹੈ ਅਤੇ ਚੋਣ ‘ਜੁਮਲੇ’ ਦੇ ਹਿੱਸੇ ਵਜੋਂ ਚੋਣ ਆਧਾਰਿਤ ਸੂਬਿਆਂ ’ਚ ਅਜਿਹੇ ਹੀ ਐਲਾਨ ਕਰ ਰਹੀ ਹੈ। ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਨ੍ਹਾਂ ਕਰਨਾਟਕ ਕਾਂਗਰਸ ਸਰਕਾਰ ਦੀਆਂ ਗਾਰੰਟੀ ਯੋਜਨਾਵਾਂ ਦਾ ਪੱਖ ਪੂਰਿਆ ਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਲੋਕਾਂ ਦੀ ਭਲਾਈ ਲਈ ਕੀਤੇ ਵਾਅਦੇ ਹਮੇਸ਼ਾ ਨਿਭਾਉਂਦੀ ਹੈ। -ਪੀਟੀਆਈ