For the best experience, open
https://m.punjabitribuneonline.com
on your mobile browser.
Advertisement

ਸ਼ਰਾਬ ਘੁਟਾਲੇ ਲਈ ਭਾਜਪਾ ਜ਼ਿੰਮੇਵਾਰ: ਸੰਜੈ ਸਿੰਘ

07:08 AM Apr 06, 2024 IST
ਸ਼ਰਾਬ ਘੁਟਾਲੇ ਲਈ ਭਾਜਪਾ ਜ਼ਿੰਮੇਵਾਰ  ਸੰਜੈ ਸਿੰਘ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਗੁੰਟਾ ਰੈੱਡੀ ਨਾਲ ਤਸਵੀਰ ਦਿਖਾਉਂਦੇ ਹੋਏ ਸੰਜੈ ਸਿੰਘ। -ਫੋਟੋ: ਭੂਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਅਪਰੈਲ
‘ਆਪ’ ਦੇ ਸੰਸਦ ਮੈਂਬਰ ਸੰਜੈ ਸਿੰਘ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੇ ਆਬਕਾਰੀ ਨੀਤੀ ਮਾਮਲੇ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਲਾਖਾਂ ਪਿੱਛੇ ਡੱਕਣ ਦੀ ਸਾਜ਼ਿਸ਼ ਘੜੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਆਬਕਾਰੀ ਨੀਤੀ ਦੇ ਇਕ ਮੁਲਜ਼ਮ ਰਾਘਵ ਮਗੁੰਟਾ ’ਤੇ ਕੇਜਰੀਵਾਲ ਖ਼ਿਲਾਫ਼ ਝੂਠਾ ਬਿਆਨ ਦੇਣ ਲਈ ਦਬਾਅ ਬਣਾਇਆ ਸੀ। ਜੇਲ੍ਹ ਤੋਂ ਬਾਹਰ ਆਉਣ ਦੇ ਦੋ ਦਿਨਾਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੰਜੈ ਸਿੰਘ ਨੇ ਭਾਜਪਾ ’ਤੇ ਦੋਸ਼ ਲਾਇਆ ਕਿ ਰਾਘਵ ਮਗੁੰਟਾ ਦੇ ਪਿਤਾ ਵਾਈਐੱਸਆਰ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਮਗੁੰਟਾ ਸ੍ਰੀਨਿਵਾਸਲੁ ਰੈੱਡੀ ਖ਼ਿਲਾਫ਼ 16 ਸਤੰਬਰ, 2022 ਨੂੰ ਕਾਰਵਾਈ ਕੀਤੀ ਗਈ ਸੀ। ‘ਉਸ ਉਪਰ ਕੇਜਰੀਵਾਲ ਵਿਰੁੱਧ ਝੂਠਾ ਬਿਆਨ ਦੇਣ ਲਈ ਦਬਾਅ ਪਾਇਆ ਗਿਆ ਸੀ ਪਰ ਜਦੋਂ ਉਨ੍ਹਾਂ ਇਨਕਾਰ ਕਰ ਦਿੱਤਾ ਤਾਂ ਉਸ ਦੇ ਪੁੱਤਰ ਰਾਘਵ ਮਗੁੰਟਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਲਗਾਤਾਰ ਪੁੱਛ-ਪੜਤਾਲ ਮਗਰੋਂ ਰਾਘਵ ਨੇ ਕੇਜਰੀਵਾਲ ਵਿਰੁੱਧ ਆਪਣਾ ਬਿਆਨ ਬਦਲ ਲਿਆ ਅਤੇ ਉਹ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਬਣ ਗਿਆ।’ ਸੰਜੈ ਸਿੰਘ ਨੇ ਕਿਹਾ ਕਿ ਸ਼ਰਾਬ ਘੁਟਾਲੇ ਲਈ ਭਾਜਪਾ ਜ਼ਿੰਮੇਵਾਰ ਹੈ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਇਸ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਇੱਕ ਇਮਾਨਦਾਰ ਆਗੂ ਹਨ ਤੇ ਉਨ੍ਹਾਂ ਦਾ ਉਦੇਸ਼ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਦਿੱਲੀ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣਾ ਹੈ। ਰਾਜ ਸਭਾ ਮੈਂਬਰ ਨੇ ਕਿਹਾ ਕਿ ਮਗੁੰਟਾ ਰੈੱਡੀ ਨੇ ਤਿੰਨ ਬਿਆਨ ਦਿੱਤੇ ਜਦਕਿ ਉਸ ਦੇ ਬੇਟੇ ਰਾਘਵ ਨੇ ਸੱਤ ਬਿਆਨ ਦਿੱਤੇ। ਉਨ੍ਹਾਂ ਮੁਤਾਬਕ 16 ਸਤੰਬਰ ਨੂੰ ਜਦੋਂ ਮਗੁੰਟਾ ਰੈੱਡੀ ਨੂੰ ਈਡੀ ਨੇ ਪਹਿਲੀ ਵਾਰ ਪੁੱਛਿਆ ਸੀ ਕਿ ਕੀ ਉਹ ਅਰਵਿੰਦ ਕੇਜਰੀਵਾਲ ਨੂੰ ਜਾਣਦੇ ਹਨ ਤਾਂ ਉਸ ਨੇ ਸੱਚ ਦੱਸਦਿਆਂ ਕਿਹਾ ਕਿ ਉਹ ਕੇਜਰੀਵਾਲ ਨੂੰ ਚੈਰੀਟੇਬਲ ਟਰੱਸਟ ਦੀ ਜ਼ਮੀਨ ਦੇ ਮਾਮਲੇ ਵਿੱਚ ਮਿਲਿਆ ਸੀ। ਇਸ ਮਗਰੋਂ ਉਸ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਪੰਜ ਮਹੀਨੇ ਜੇਲ੍ਹ ਵਿੱਚ ਰਹਿਣ ਮਗਰੋਂ ਉਸ ਦੇ ਪਿਤਾ ਨੇ ਆਪਣਾ ਬਿਆਨ ਬਦਲ ਲਿਆ। ਸੰਜੈ ਸਿੰਘ ਨੇ ਦੋਸ਼ ਲਾਇਆ ਕਿ ਰਾਘਵ ਮਗੁੰਟਾ ਨੂੰ ਪੰਜ ਮਹੀਨੇ ਤਸੀਹੇ ਦਿੱਤੇ ਗਏ ਅਤੇ ਉਸ ਤੋਂ ਬਾਅਦ ਉਹ ਸਾਜ਼ਿਸ਼ ਦਾ ਹਿੱਸਾ ਬਣ ਗਿਆ ਅਤੇ ਬਿਆਨ ਬਦਲਦਿਆਂ ਸਰਕਾਰੀ ਗਵਾਹ ਬਣ ਗਿਆ। ਉਨ੍ਹਾਂ ਕਿਹਾ ਕਿ ਸੱਤ ਵਿੱਚੋਂ ਛੇ ਬਿਆਨਾਂ ਵਿੱਚ ਉਹ ਕੇਜਰੀਵਾਲ ਖ਼ਿਲਾਫ਼ ਕੁਝ ਨਹੀਂ ਬੋਲਿਆ ਸੀ ਪਰ 16 ਜੁਲਾਈ ਨੂੰ ਸੱਤਵੇਂ ਬਿਆਨ ਵਿੱਚ ਉਹ ਆਪਣਾ ਰੁਖ਼ ਬਦਲ ਕੇ ਭਾਜਪਾ ਦੀ ਸਾਜ਼ਿਸ਼ ਦਾ ਹਿੱਸਾ ਬਣ ਜਾਂਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਗੁੰਟਾ ਰੈੱਡੀ ਦੀ ਤਸਵੀਰ ਵੀ ਨਸ਼ਰ ਕੀਤੀ। ਰੈੱਡੀ ਨੂੰ ਭਾਜਪਾ ਦੇ ਆਂਧਰਾ ਪ੍ਰਦੇਸ਼ ’ਚ ਭਾਈਵਾਲ ਟੀਡੀਪੀ ਤੋਂ ਲੋਕ ਸਭਾ ਟਿਕਟ ਮਿਲੀ ਹੋਈ ਹੈ। ਉਧਰ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਸੰਜੈ ਸਿੰਘ ਨੂੰ ਸਵਾਲ ਕੀਤਾ ਕਿ ਜੇ ਆਬਕਾਰੀ ਨੀਤੀ ਠੀਕ ਸੀ ਤਾਂ ਇਸ ਨੂੰ ਕਿਉਂ ਬਦਲਿਆ ਗਿਆ। ਸਚਦੇਵਾ ਨੇ ਕਿਹਾ ਕਿ ਉੱਚੀ ਆਵਾਜ਼ ਵਿੱਚ ਬੋਲਣ ਨਾਲ ਝੂਠ ਸੱਚ ਵਿੱਚ ਨਹੀਂ ਬਦਲ ਜਾਵੇਗਾ। ਸਚਦੇਵਾ ਨੇ ਕਿਹਾ ਕਿ ਜ਼ਮਾਨਤ ਮਿਲਣ ਦਾ ਮਤਲਬ ਅਪਰਾਧ ਤੋਂ ਮੁਕਤ ਹੋਣਾ ਨਹੀਂ ਹੈ ਅਤੇ ਸੰਜੈ ਸਿੰਘ ਖ਼ਿਲਾਫ਼ ਜਾਂਚ ਅਜੇ ਜਾਰੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×