ਭਾਜਪਾ ਵੱਲੋਂ ਤਿੰਨ ਰਾਜਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ
ਜੈਪੁਰ, 9 ਅਕਤੂਬਰ
ਪੰਜ ਰਾਜਾਂ ਦੀਆਂ ਅਸੈਂਬਲੀ ਚੋਣਾਂ ਦੇ ਐਲਾਨ ਨਾਲ ਭਾਜਪਾ ਨੇ ਅੱਜ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਲਈ ਆਪਣੇ ਕੁਝ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਸੂਚੀ ਵਿੱਚ ਕੇਂਦਰੀ ਮੰਤਰੀਆਂ, ਮੌਜੂਦਾ ਤੇ ਸਾਬਕਾ ਮੁੱਖ ਮੰਤਰੀਆਂ ਨੂੰ ਉਮੀਦਵਾਰ ਐਲਾਨੇ ਜਾਣ ਦਾ ਸਿਲਸਿਲਾ ਜਾਰੀ ਹੈ।
ਰਾਜਸਥਾਨ ਲਈ ਐਲਾਨੀ 41 ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਰਾਜਸਮੰਦ ਤੋਂ ਸੰਸਦ ਮੈਂਬਰ ਦੀਆ ਕੁਮਾਰੀ ਤੇ ਜੈਪੁਰ ਰੂਰਲ ਤੋਂ ਐੱਮਪੀ ਰਾਜਵਰਧਨ ਸਿੰਘ ਰਾਠੌਰ ਸਣੇ ਕੁੱਲ ਸੱਤ ਸੰਸਦ ਮੈਂਬਰਾਂ ਦੇ ਨਾਂ ਵੀ ਸ਼ਾਮਲ ਹਨ। ਦੀਆ ਕੁਮਾਰੀ ਨੂੰ ਜੈਪੁਰ ਵਿਦਿਆਧਰ ਨਗਰ ਹਲਕੇ ਤੇ ਰਾਠੌਰ ਨੂੰ ਝੋਠਵਾੜਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਭਾਜਪਾ ਤਰਜਮਾਨ ਨੇ ਕਿਹਾ ਕਿ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ ਇਨ੍ਹਾਂ 41 ਉਮੀਦਵਾਰਾਂ ਦੇ ਨਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਰਾਜਸਥਾਨ ਅਸੈਂਬਲੀ ਦੀਆਂ ਕੁੱਲ 200 ਸੀਟਾਂ ਲਈ 23 ਨਵੰਬਰ ਨੂੰ ਵੋਟਾਂ ਪੈਣਗੀਆਂ। ਉਧਰ ਮੱਧ ਪ੍ਰਦੇਸ਼ ਵਿੱਚ ਭਾਜਪਾ ਨੇ 57 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਸੂਬੇ ਦੇ ਮੁੱਖ ਮੰਤਰੀ ਸ਼ਵਿਰਾਜ ਸਿੰਘ ਚੌਹਾਨ ਆਪਣੀ ਰਵਾਇਤੀ ਬੁਧਨੀ ਸੀਟ ਤੋਂ ਹੀ ਚੋਣ ਲੜਨਗੇ। ਸੂਬੇੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੂੰ ਦਤੀਆ ਸੀਟ ਤੋਂ ਟਿਕਟ ਦਿੱਤੀ ਗਈ ਹੈ। 57 ਉਮੀਦਵਾਰਾਂ ਵਾਲੀ ਇਸ ਚੌਥੀ ਸੂਚੀ ਵਿੱਚ 24 ਮੰਤਰੀ ਤੇ ਬਾਕੀ ਸਾਰੇ ਮੌਜੂਦਾ ਵਿਧਾਇਕ ਹਨ। ਭਾਜਪਾ ਹੁਣ ਤੱਕ 230 ਮੈਂਬਰੀ ਮੱਧ ਪ੍ਰਦੇਸ਼ ਅਸੈਂਬਲੀ ਲਈ 136 ਸੀਟਾਂ ’ਤੇ ਉਮੀਦਵਾਰਾਂ ਦੇ ਨਾਂ ਐਲਾਨ ਚੁੱਕੀ ਹੈ। ਮੱਧ ਪ੍ਰਦੇਸ਼ ਵਿੱਚ 17 ਨਵੰਬਰ ਨੂੰ ਪੋਲਿੰਗ ਹੋਵੇਗੀ। ਇਸ ਦੌਰਾਨ ਛੱਤੀਸਗੜ੍ਹ ਦੀ 90 ਮੈਂਬਰੀ ਅਸੈਂਬਲੀ ਲਈ ਐਲਾਨੀ 64 ਉਮੀਦਵਾਰਾਂ ਦੀ ਦੂਜੀ ਸੂਚੀ ਵਿੱਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਤੇ ਸੂਬਾਈ ਪ੍ਰਧਾਨ ਅਰੁਣ ਸਾਓ, ਜੋ ਲੋਕ ਸਭਾ ਮੈਂਬਰ ਵੀ ਹਨ, ਦੇ ਨਾਂ ਸ਼ਾਮਲ ਹਨ। ਕੇਂਦਰੀ ਮੰਤਰੀ ਰੇਣੁਕਾ ਸਿੰਘ ਤੇ ਗੋਮਤੀ ਰਾਏ ਨੂੰ ਵੀ ਉਮੀਦਵਾਰ ਐਲਾਨਿਆ ਗਿਆ ਹੈ। ਰਮਨ ਸਿੰਘ ਨੂੰ ਰਾਜਨੰਦਗਾਓਂ ਤੇ ਸਾਓ ਨੂੰ ਲੋਰਮੀ ਤੋਂ ਟਿਕਟ ਮਿਲੀ ਹੈ। ਛੱਤੀਸਗੜ੍ਹ ਵਿੱਚ ਦੋ ਗੇੜਾਂ (7 ਨਵੰਬਰ ਤੇ 17 ਨਵੰਬਰ) ਤਹਿਤ ਪੋਲਿੰਗ ਹੋਣੀ ਹੈ। -ਪੀਟੀਆਈ