ਭਾਜਪਾ ਨੇ ਕੇਜਰੀਵਾਲ ਤੇ ਮਾਨ ਦੀ ਚੁੱਪ ’ਤੇ ਸਵਾਲ ਚੁੱਕੇ
ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਜਨਵਰੀ
ਭਾਜਪਾ ਉਮੀਦਵਾਰਾਂ ਦੁਸ਼ਯੰਤ ਕੁਮਾਰ ਗੌਤਮ, ਰਾਜਕੁਮਾਰ ਆਨੰਦ, ਐਡਵੋਕੇਟ ਪ੍ਰਿਯੰਕਾ ਗੌਤਮ, ਰਿੰਕੂ ਕੁਮਾਰੀ, ਖੁਸ਼ੀ ਰਾਮ ਚੁਨਾਰ, ਦੀਪਕ ਬਾਲਮੀਕੀ, ਦੀਪਤੀ ਇੰਦੌਰਾ ਅਤੇ ਕਮਲ ਬਾਗਦੀ ਦੇ ਤਾਲਮੇਲ ਵਿੱਚ ਅੰਮ੍ਰਿਤਸਰ (ਪੰਜਾਬ) ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨ-ਤੋੜ ਬਾਰੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪ ’ਤੇ ਸਵਾਲ ਚੁੱਕੇ ਹਨ। ਇੱਥੇ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਭਾਜਪਾ ਉਮੀਦਵਾਰਾਂ ਨੇ ਦੋਸ਼ ਲਾਇਆ ਕਿ ਇਸ ਚੁੱਪ ਤੋਂ ਆਮ ਆਦਮੀ ਪਾਰਟੀ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਕੇਜਰੀਵਾਲ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਬਾਰੇ ਨਹੀਂ ਬੋਲ ਰਹੇ ਤਾਂ ਕੱਲ੍ਹ ਜੇਕਰ ਦਲਿਤ ਭਾਈਚਾਰੇ ਦੇ ਕਿਸੇ ਵੀ ਵਿਧਾਇਕ ਨੂੰ ਕੁਝ ਹੋ ਗਿਆ ਤਾਂ ਉਹ ਵੀ ਚੁੱਪ-ਚਾਪ ਬੈਠ ਜਾਣਗੇ। ਭਾਜਪਾ ਉਮੀਦਵਾਰਾਂ ਨੇ ‘ਆਪ’ ਦੇ ਪਹਿਲੇ ਦਲਿਤ ਆਗੂ ਮਰਹੂਮ ਸੰਤੋਸ਼ ਕੋਲੀ ਲਈ ਇਨਸਾਫ਼ ਦੀ ਮੰਗ ਕੀਤੀ।
ਦੁਸ਼ਯੰਤ ਕੁਮਾਰ ਗੌਤਮ ਨੇ ਦੋਸ਼ ਲਾਇਆ ਕਿ ‘ਆਪ’ ਨੇ ਲਗਾਤਾਰ 11 ਸਾਲ ਦਲਿਤਾਂ ਦਾ ਸ਼ੋਸ਼ਣ ਕੀਤਾ ਅਤੇ ਅੱਜ ਜਦੋਂ ਦਲਿਤ ਉਨ੍ਹਾਂ ਖ਼ਿਲਾਫ਼ ਤਾਂ ਉਹ ਪ੍ਰੇਸ਼ਾਨ ਹਨ। ਰਾਜਕੁਮਾਰ ਆਨੰਦ ਨੇ ਕਿਹਾ, ‘‘ਮੈਂ ਅਸਤੀਫਾ ਇਸ ਲਈ ਦਿੱਤਾ ਕਿਉਂਕਿ ਦਿੱਲੀ ਵਿੱਚ 9 ਸਾਲਾਂ ਤੱਕ ਐੱਸਸੀ/ਐੱਸਟੀ ਫੰਡ ਡਾਇਵਰਟ ਕੀਤੇ ਗਏ, ਇਹ ਵੀ ਇੱਕ ਵੱਡਾ ਘੁਟਾਲਾ ਸੀ।’’ ਪ੍ਰਿਯੰਕਾ ਗੌਤਮ ਨੇ ਕਿਹਾ ਕਿ 11 ਸਾਲਾਂ ਤੋਂ ਸਰਕਾਰ ਚਲਾ ਰਹੇ ਕੇਜਰੀਵਾਲ ਦੱਸਣ ਕਿ ਉਨ੍ਹਾਂ ਨੇ ਬਾਬਾ ਸਾਹਿਬ ਲਈ ਇੱਕ ਵੀ ਕੰਮ ਕੀਤਾ ਹੈ। ਖੁਸ਼ੀਰਾਮ ਚੁਨਾਰ ਨੇ ਕਿਹਾ ਕਿ ਪੰਜਾਬ ’ਚ ਬਾਬਾ ਸਾਹਿਬ ਦੇ ਬੁੱਤ ’ਤੇ ਹਥੌੜੇ ਨਹੀਂ ਚਲਾਏ ਗਏ, ਸਗੋਂ ਹਰ ਅਨੁਸੂਚਿਤ ਸਮਾਜ ਦੇ ਲੋਕਾਂ ਦੇ ਦਿਲਾਂ ’ਤੇ ਹਥੌੜੇ ਚਲਾਏ ਗਏ ਹਨ। ਦੀਪਤੀ ਇੰਦੌਰਾ ਨੇ ਕਿਹਾ ਕਿ ਦਲਿਤਾਂ, ਸ਼ੋਸ਼ਿਤਾਂ ਅਤੇ ਪਛੜਿਆਂ ਨੂੰ ਸਨਮਾਨ ਦੇਣ ਵਾਲੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਮੂਰਤੀ ਦਾ ਇਸ ਤਰ੍ਹਾਂ ਦਾ ਅਪਮਾਨ ਦਲਿਤ ਬਰਦਾਸ਼ਤ ਨਹੀਂ ਕਰਨਗੇ। ਕਮਲ ਬਾਗੜੀ ਨੇ ਕਿਹਾ ਕਿ ਦਿੱਲੀ ਵਿੱਚ ਦਲਿਤ ਭਾਈਚਾਰੇ ਨਾਲ ਧੋਖਾ ਕਰਨ ਤੋਂ ਬਾਅਦ ਹੁਣ ਕੇਜਰੀਵਾਲ ਪੰਜਾਬ ਵਿੱਚ ਵੀ ਧੋਖਾ ਕਰ ਰਿਹਾ ਹੈ।