ਭਾਜਪਾ ਨੇ ਮਨੀਪੁਰ ਨੂੰ ਅੱਗ ’ਚ ਧੱਕਿਆ: ਰਾਹੁਲ
ਲੋਹਾਰਡੱਗਾ/ਸਿਮਦੇਗਾ, 8 ਨਵੰਬਰ
ਕਾਂਗਰਸ ਆਗੂ ਰਾਾਹੁਲ ਗਾਂਧੀ ਨੇ ਅੱਜ ਭਾਜਪਾ ’ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਉਸ ਨੇ ਮਨੀਪੁਰ ਨੂੰ ਅੱਗ ’ਚ ਧੱਕ ਦਿੱਤਾ ਅਤੇ ਦੇਸ਼ ’ਚ ਲੋਕਾਂ ਨੂੰ ਧਰਮ ਦੇ ਆਧਾਰ ’ਤੇ ਵੰਡਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਰਾਹੁਲ ਨੇ ਇਹ ਵੀ ਦੋਸ਼ ਲਾਇਆ ਕਿ ਭਗਵਾ ਪਾਰਟੀ ਨੇ ਦੇਸ਼ ਦੀ 90 ਫ਼ੀਸਦ ਆਬਾਦੀ ਨੂੰ ਉਨ੍ਹਾਂ ਦੇ ਹੱਕਾਂ ਅਤੇ ਲਾਭਾਂ ਤੋਂ ਵਾਂਝੇ ਕੀਤਾ ਹੋਇਆ ਹੈ। ਲੋਹਾਰਡੱਗਾ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਹਰਿਆਣਾ ਚੋਣਾਂ ਦੌਰਾਨ ਭਾਜਪਾ ਨੇ ਜਾਟਾਂ ਖ਼ਿਲਾਫ਼ ਗ਼ੈਰ-ਜਾਟਾਂ ਨੂੰ ਭੜਕਾਇਆ। ਇਹ ਭਾਜਪਾ ਦਾ ਚਰਿੱਤਰ ਹੈ। ਕਾਂਗਰਸ ਆਗੂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਝਾਰਖੰਡ ਦੇ ਕਿਸਾਨਾਂ ਦਾ ਕੋਈ ਕਰਜ਼ਾ ਮੁਆਫ਼ ਨਹੀਂ ਕੀਤਾ ਕਿਉਂਕਿ ਉਹ ਆਦਿਵਾਸੀ, ਦਲਿਤ ਅਤੇ ਓਬੀਸੀਜ਼ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸਿਰਫ਼ ਪੂੰਜੀਪਤੀਆਂ ਦੇ ਕਰਜ਼ੇ ਹੀ ਮੁਆਫ਼ ਕਰੇਗੀ। ਸਿਮਦੇਗਾ ’ਚ ਇਕ ਹੋਰ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਭਾਜਪਾ ’ਤੇ ਆਦਿਵਾਸੀਆਂ ਦੇ ‘ਜਲ, ਜੰਗਲ ਅਤੇ ਜ਼ਮੀਨ’ ਖੋਹਣ ਦੀ ਕੋਸ਼ਿਸ਼ ਦਾ ਦੋਸ਼ ਲਾਇਆ। -ਪੀਟੀਆਈ
ਏਜੇਐੱਸਯੂ ਪਾਰਟੀ ਵੱਲੋਂ ਗਰੀਬ ਪਰਿਵਾਰਾਂ ਨੂੰ ਸਾਲਾਨਾ 1.21 ਲੱਖ ਰੁਪਏ ਦੇਣ ਦਾ ਵਾਅਦਾ
ਰਾਂਚੀ:
ਭਾਜਪਾ ਦੀ ਭਾਈਵਾਲ ਪਾਰਟੀ ਏਜੇਐੱਸਯੂ ਨੇ ਝਾਰਖੰਡ ਵਿਧਾਨ ਸਭਾ ਚੋਣਾਂ ਲਈ ਅੱਜ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਵਾਅਦਾ ਕੀਤਾ ਕਿ ਉਹ ਸੂਬੇ ਦੇ ਹਰੇਕ ਗਰੀਬ ਪਰਿਵਾਰ ਨੂੰ ਸਾਲਾਨਾ 1.21 ਲੱਖ ਰੁਪਏ ਦੀ ਸਹਾਇਤਾ ਦੇਣਗੇ। ਸੂਬੇ ਦੀਆਂ 10 ਸੀਟਾਂ ’ਤੇ ਚੋਣ ਲੜ ਰਹੀ ਪਾਰਟੀ ਦੇ ਮੁਖੀ ਸੁਦੇਸ਼ ਮਾਹਤੋ ਨੇ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਐਲਾਨ ਕੀਤਾ ਕਿ ਮਹਿਲਾਵਾਂ ਲਈ ਸਰਕਾਰੀ ਨੌਕਰੀਆਂ ’ਚ 33 ਫ਼ੀਸਦ ਰਾਖਵੇਂਕਰਨ ਦਾ ਪ੍ਰਬੰਧ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਕਮਿਸ਼ਨ ਬਣਾਇਆ ਜਾਵੇਗਾ। -ਪੀਟੀਆਈ
‘ਇੰਡੀਆ’ ਗੱਠਜੋੜ ਨੇ ਝਾਰਖੰਡ ਨੂੰ ਲੁੱਟਿਆ: ਪ੍ਰਧਾਨ
ਚਕਰਧਾਰਪੁਰ:
ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੇ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਚਕਰਧਾਰਪੁਰ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ‘ਇੰਡੀਆ’ ਗੱਠਜੋੜ ’ਤੇ ਝਾਰਖੰਡ ਨੂੰ ਲੁੱਟਣ ਅਤੇ ਤਬਾਹ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਜੇਐੱਮਐੱਮ ਦੀ ਅਗਵਾਈ ਹੇਠਲੇ ‘ਭ੍ਰਿਸ਼ਟ’ ਗੱਠਜੋੜ ਨੂੰ ਸੱਤਾ ਤੋਂ ਲਾਂਭੇ ਕਰ ਦੇਣ। -ਪੀਟੀਆਈ