ਭਾਜਪਾ ਵੱਲੋਂ ਆਤਿਸ਼ੀ ਦੀ ਰਿਹਾਇਸ਼ ਅੱਗੇ ਮੁਜ਼ਾਹਰਾ
ਨਵੀਂ ਦਿੱਲੀ, 19 ਅਕਤੂਬਰ
ਭਾਜਪਾ ਦੀ ਦਿੱਲੀ ਇਕਾਈ ਨੇ ਸਿਵਲ ਲਾਈਨ ਸਥਿਤ ਮੁੱਖ ਮੰਤਰੀ ਆਤਿਸ਼ੀ ਦੀ ਰਿਹਾਇਸ਼ ਅੱਗੇ ਰੋਸ ਮੁਜ਼ਾਹਰਾ ਕਰਕੇ ਵਿਧਾਨ ਸਭਾ ਵਿੱਚ ਕੈਗ ਦੀ ਰਿਪੋਰਸ਼ ਪੇਸ਼ ਕਰਨ ਦੀ ਮੰਗ ਕੀਤੀ। ਇਸ ਦੌਰਾਨ ਭਾਜਪਾ ਆਗੂਆਂ ਨੇ ਮੁੱਖ ਮੰਤਰੀ ਆਤਿਸ਼ੀ ਤੇ ਅਰਵਿੰਦ ਕੇਜਰੀਵਾਲ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਮੁਜ਼ਾਹਰੇ ਦੀ ਅਗਵਾਈ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਵਿਜੇਇੰਦਰ ਗੁਪਤਾ ਵੱਲੋਂ ਕੀਤੀ ਗਈ। ਵਿਜੇਇੰਦਰ ਗੁਪਤਾ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸੇਧਦਿਆਂ ਵਿਧਾਨ ਸਭਾ ਸੈਸ਼ਨ ਬੁਲਾ ਕੇ ਕੈਗ ਦੀ ਰਿਪੋਰਟ ਪੇਸ਼ ਕਰਨ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਭਾਜਪਾ ਪਿਛਲੇ ਚਾਰ ਸਾਲਾਂ ਤੋਂ ਵਿਧਾਨ ਸਭਾ ਵਿੱਚ ਕੰਪਟਰੋਲਰ ਅਤੇ ਆਡਿਟਰ ਜਨਰਲ (ਕੈਗ) ਦੀ ਰਿਪੋਰਟ ਪੇਸ਼ ਨਾ ਕਰਨ ਲਈ ‘ਆਪ’ ਸਰਕਾਰ ਨੂੰ ਦੋਸ਼ੀ ਠਹਿਰਾ ਰਹੀ ਹੈ। ਅਧਿਕਾਰੀਆਂ ਅਨੁਸਾਰ ਕੈਗ ਰਿਪੋਰਟਾਂ ਵਿੱਚ ਰਾਜ ਦੇ ਵਿੱਤ ਆਡਿਟ, ਵਾਹਨਾਂ ਦੇ ਹਵਾ ਪ੍ਰਦੂਸ਼ਣ ਦੀ ਰੋਕਥਾਮ, ਜਨਤਕ ਸਿਹਤ ਬੁਨਿਆਦੀ ਢਾਂਚਾ ਅਤੇ ਸੇਵਾਵਾਂ, ਸ਼ਰਾਬ ਦੀ ਰੈਗੂਲੇਸ਼ਨ ਅਤੇ ਸਪਲਾਈ ਦੇ ਨਾਲ-ਨਾਲ ਵਿੱਤ ਖਾਤਿਆਂ ਅਤੇ ਨਿਯੋਜਨ ਖਾਤਿਆਂ ਸਮੇਤ ਕਈ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਉਪ ਰਾਜਪਾਲ ਵੀਕੇ ਸਕਸੈਨਾ ਦੇ ਦਫ਼ਤਰ ਨੇ ਵੀ ਮੁੱਖ ਸਕੱਤਰ ਧਰਮਿੰਦਰ ਅਤੇ ਵਿੱਤ ਸਕੱਤਰ ਅਸ਼ੀਸ਼ ਚੰਦਰ ਵਰਮਾ ਨੂੰ ਪੱਤਰ ਲਿਖ ਕੇ ਵਿਧਾਨ ਸਭਾ ਵਿੱਚ ਕੈਗ ਦੁਆਰਾ ਲੰਬਿਤ ਰਿਪੋਰਟਾਂ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਸੀ। ਐਲਜੀ ਦਫ਼ਤਰ ਨੇ ਕਿਹਾ ਸੀ ਕਿ 2020-2021 ਦੀਆਂ 12 ਰਿਪੋਰਟਾਂ ਦਿੱਲੀ ਸਰਕਾਰ ਕੋਲ ਲੰਬਿਤ ਹਨ। -ਪੀਟੀਆਈ