For the best experience, open
https://m.punjabitribuneonline.com
on your mobile browser.
Advertisement

ਭਾਜਪਾ ਪ੍ਰਧਾਨ ਅਰੁਣ ਸੂਦ ਨੇ ਰਾਜਨਾਥ ਕੋਲ ਉਠਾਇਆ ਪਿੰਡਾਂ ਦਾ ਮੁੱਦਾ

09:26 PM Jun 29, 2023 IST
ਭਾਜਪਾ ਪ੍ਰਧਾਨ ਅਰੁਣ ਸੂਦ ਨੇ ਰਾਜਨਾਥ ਕੋਲ ਉਠਾਇਆ ਪਿੰਡਾਂ ਦਾ ਮੁੱਦਾ
Advertisement

ਆਤਿਸ਼ ਗੁਪਤਾ

Advertisement

ਚੰਡੀਗੜ੍ਹ, 26 ਜੂਨ

Advertisement

ਚੰਡੀਗੜ੍ਹ ਦੇ ਪਿੰਡ ਵਾਸੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਪਿੰਡ ਵਾਸੀਆਂ ਵੱਲੋਂ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਚੰਡੀਗੜ੍ਹ ਦੇ ਭਾਜਪਾ ਪ੍ਰਧਾਨ ਅਰੁਣ ਸੂਦ ਤੱਕ ਪਹੁੰਚ ਕੀਤੀ ਗਈ। ਉਸ ਦੇ ਬਾਵਜੂਦ ਪਿੰਡ ਵਾਸੀਆਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ। ਹੁਣ ਲੰਘੇ ਦਿਨ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਚੰਡੀਗੜ੍ਹ ਦੇ ਦੌਰੇ ਦੌਰਾਨ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੇ ਉਨ੍ਹਾਂ ਕੋਲ ਸਿਟੀ ਬਿਊਟੀਫੁੱਲ ਦੇ ਪਿੰਡਾਂ ਦਾ ਮੁੱਦਾ ਉਠਾਇਆ। ਸ੍ਰੀ ਸੂਦ ਨੇ ਕੇਂਦਰੀ ਰੱਖਿਆ ਮੰਤਰੀ ਨੂੰ ਚੰਡੀਗੜ੍ਹ ਦੇ ਪਿੰਡ ਵਾਸੀਆਂ ਦਾ ਇਕ ਮੰਗ ਪੱਤਰ ਸੌਂਪਦੇ ਹੋਏ ਚੰਡੀਗੜ੍ਹ ਦੇ ਪਿੰਡਾਂ ਦੀਆਂ ਮੰਗਾਂ ਬਾਰੇ ਜਾਣੂ ਕਰਵਾਇਆ।

ਭਾਜਪਾ ਪ੍ਰਧਾਨ ਨੇ ਕਿਹਾ ਕਿ ਚੰਡੀਗੜ੍ਹ ਵਿੱਚੋਂ ਸਾਲ 2019 ‘ਚ ਪੰਚਾਇਤੀ ਰਾਜ ਖ਼ਤਮ ਕਰ ਦਿੱਤਾ ਗਿਆ ਸੀ ਅਤੇ ਸਾਰੇ ਪਿੰਡਾਂ ਨੂੰ ਨਗਰ ਨਿਗਮ ਅਧੀਨ ਲਿਆਂਦਾ ਗਿਆ ਸੀ। ਪਿੰਡਾਂ ਨੂੰ ਨਗਰ ਨਿਗਮ ਅਧੀਨ ਤਾਂ ਲਿਆਂਦਾ ਗਿਆ ਪਰ ਪਿੰਡਾਂ ਦੀ ਖੇਤੀਬਾੜੀ ਵਾਲੀ ਜ਼ਮੀਨਾਂ ਦਾ ਸ਼ਹਿਰੀਕਰਨ ਅਤੇ ਪਿੰਡ ਵਾਸੀਆਂ ਦਾ ਮੁੜਵਸੇਬਾ ਨਹੀਂ ਹੋ ਸਕਿਆ। ਉਨ੍ਹਾਂ ਮੰਗ ਕੀਤੀ ਕਿ ਸਿਟੀ ਬਿਊਟੀਫੁੱਲ ਦੀਆਂ ਖੇਤੀਬਾੜੀ ਵਾਲੀਆਂ ਜ਼ਮੀਨਾਂ ਦਾ ਕੁਲੈਕਟਰ ਰੇਟ ਸ਼ਹਿਰਾਂ ਦੀ ਤਰਜ਼ ‘ਤੇ ਵਧਾਇਆ ਜਾਵੇ। ਉੱਥੇ ਹੀ ਸੋਹਣੇ ਸ਼ਹਿਰ ਦੇ ਪਿੰਡਾਂ ਦਾ ਵਿਕਾਸ ਬਾਕੀ ਸ਼ਹਿਰ ਦੀ ਤਰਜ਼ ‘ਤੇ ਕੀਤਾ ਜਾਵੇ।

ਸ੍ਰੀ ਸੂਦ ਨੇ ਕਿਹਾ ਕਿ ਚੰਡੀਗੜ੍ਹ ਦੇ ਪਿੰਡਾਂ ਵਿੱਚ ਜ਼ਿਆਦਾਤਰ ਵੱਸੋਂ ਲਾਲ ਡੋਰੇ ਤੋਂ ਬਾਹਰ ਰਹਿੰਦੀ ਹੈ। ਪਿੰਡਾਂ ਵਿੱਚ ਲਾਲ ਡੋਰੇ ਕਰ ਕੇ ਵਧੇਰੇ ਵਿਕਾਸ ਕਾਰਜ ਰੁਕੇ ਪਏ ਹਨ ਅਤੇ ਵੱਡੀ ਗਿਣਤੀ ਲੋਕਾਂ ਨੂੰ ਨਰਕ ਭਰਿਆ ਜੀਵਨ ਜਿਉਣ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਚੰਡੀਗੜ੍ਹ ਦੇ ਪਿੰਡਾਂ ਵਿੱਚੋਂ ਲਾਲ ਡੋਰਾ ਖਤਮ ਕੀਤਾ ਜਾਵੇ ਅਤੇ ਸਾਰਿਆਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹਿਰ ਵਿੱਚ ਲੈਂਡ ਪੂਲਿੰਗ ਪਾਲਿਸੀ ਲਿਆਉਣ ਦੀ ਮੰਗ ਵੀ ਕੀਤੀ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਜਪਾ ਪ੍ਰਧਾਨ ਅਰੁਣ ਸੂਦ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਦਿਆਂ ਇਨ੍ਹਾਂ ਬਾਰੇ ਕੇਂਦਰ ਸਰਕਾਰ ਦੇ ਸਬੰਧਤ ਵਿਭਾਗ ਨਾਲ ਗੱਲ ਕਰ ਕੇ ਮਸਲਾ ਹੱਲ ਕਰਨ ਦਾ ਭਰੋਸਾ ਦਿਵਾਇਆ। ਭਾਜਪਾ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਪਿਛਲੇ ਕੁਝ ਮਹੀਨਿਆਂ ਦੌਰਾਨ ਸਾਰੇ ਪਿੰਡਾਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਸੀਵਰੇਜ ਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਈਆਂ ਗਈਆਂ ਹਨ ਅਤੇ ਸੜਕਾਂ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪਿੰਡ ਵਾਸੀਆਂ ਦੀ ਕੁਲੈਕਟਰ ਰੇਟ ਵਧਾਉਣ ਤੇ ਲਾਲ ਡੋਰੇ ਨੂੰ ਖਤਮ ਕਰਨ ਦੀ ਮੰਗ ਸਬੰਧੀ ਕੇਂਦਰ ਸਰਕਾਰ ਨਾਲ ਸੰਪਰਕ ਕਰ ਰਹੇ ਹਨ। ਇਨ੍ਹਾਂ ਮੰਗਾਂ ਨੂੰ ਵੀ ਜਲਦੀ ਪੂਰਾ ਕਰਵਾਇਆ ਜਾਵੇਗਾ।

ਭਾਜਪਾ ਨੇ ਐਮਰਜੈਂਸੀ ਦੀ ਵਰ੍ਹੇਗੰਢ ਨੂੰ ਕਾਲੇ ਦਿਨ ਵਜੋਂ ਕੀਤਾ ਯਾਦ

ਚੰਡੀਗੜ੍ਹ (ਟਨਸ): ਭਾਰਤੀ ਜਨਤਾ ਪਾਰਟੀ ਨੇ 25 ਜੂਨ 1975 ਨੂੰ ਦੇਸ਼ ਵਿੱਚ ਲਗਾਈ ਗਈ ਐਮਰਜੈਂਸੀ ਦੀ ਵਰ੍ਹੇਗੰਢ ਨੂੰ ਕਾਲੇ ਦਿਨ ਵਜੋਂ ਯਾਦ ਕੀਤਾ। ਚੰਡੀਗੜ੍ਹ ਭਾਜਪਾ ਨੇ ਸੈਕਟਰ-33 ਸਥਿਤ ਭਾਜਪਾ ਦਫ਼ਤਰ ‘ਕਮਲਮ’ ਵਿੱਚ ‘ਪ੍ਰਬੁੱਧ ਨਾਗਰਿਕ ਸੰਮੇਲਨ’ ਕਰਵਾਇਆ। ਇਸ ਮੌਕੇ ਐਮਰਜੈਂਸੀ ਤੋਂ ਪ੍ਰਭਾਵਿਤ ਤੇ ਲੋਕਤੰਤਰ ਦੀ ਰਾਖੀ ਲਈ ਸੰਘਰਸ਼ ਕਰਨ ਵਾਲੇ ਆਗੂ ਰਾਜ ਟੰਡਨ, ਸਤਪਾਲ ਜੈਨ, ਜਤਿੰਦਰ ਚੋਪੜਾ, ਪਵਨ ਆਹੂਜਾ ਨੂੰ ਸਨਮਾਨਿਤ ਕੀਤਾ ਗਿਆ। ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਸੁਭਾਸ ਸ਼ਰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ 25 ਜੂਨ 1975 ਨੂੰ ਦੇਸ਼ ‘ਤੇ ਤਾਨਾਸ਼ਾਹ ਰਵੱਈਏ ਤਹਿਤ ਐਮਰਜੈਂਸੀ ਲਗਾ ਕੇ ਦੇਸ਼ ਦੇ ਸੰਵਿਧਾਨ ਦਾ ਗਲਾ ਘੁੱਟਿਆ ਸੀ। ਇਸ ਦੇ ਨਾਲ ਹੀ ਭਾਜਪਾ ਆਗੂ ਨੇ ਐਮਰਜੈਂਸੀ ਦੌਰਾਨ ਦੇਸ਼ ‘ਚ ਵਾਪਰੀਆਂ ਘਟਨਾਵਾਂ ਤੇ ਅੰਦੋਲਨਾਂ ਬਾਰੇ ਜਾਣਕਾਰੀ ਦਿੱਤੀ। ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੇ ਦੇਸ਼ ਵਿੱਚ ਐਮਰਜੈਂਸੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਥਿਤ ਇਸ਼ਾਰੇ ‘ਤੇ ਤਤਕਾਲੀ ਰਾਸ਼ਟਰਪਤੀ ਫਰੁਖੂਦੀਨ ਅਲੀ ਮਹਿਮਦ ਨੇ ਲਗਾਈ ਸੀ। ਉੁਨ੍ਹਾਂ ਕਿਹਾ ਕਿ ਐਮਰਜੈਂਸੀ ਲਗਾਉਣ ਵਾਲਾ ਇਹ ਦਿਨ ਭਾਰਤ ਦੇ ਇਤਿਹਾਸ ‘ਚ ਕਾਲੇ ਦਿਨ ਵਜੋਂ ਹੀ ਜਾਣਿਆ ਜਾਵੇਗਾ, ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ ਸੰਵਿਧਾਨ ਦੀ ਰਾਖੀ ਲਈ ਸੰਘਰਸ਼ ਕਰਨ ਵਾਲੇ ਆਗੂਆਂ ਨੂੰ ਸਨਮਾਨਿਤ ਕਰ ਕੇ ਮਾਣ ਮਹਿਸੂਸ ਕਰ ਰਹੇ ਹਨ। ਭਾਜਪਾ ਆਗੂਆਂ ਨੇ ਅੱਜ ਐਮਰਜੈਂਸੀ ਨੂੰ ਲੈ ਕੇ ਇਕ ਫਿਲਮ ਵੀ ਦਿਖਾਈ ਗਈ।

Advertisement
Tags :
Advertisement