ਭਾਜਪਾ ਨੇ ਵਾਇਨਾਡ ’ਚ ਢਿੱਗਾਂ ਡਿੱਗਣ ਦਾ ਸਿਆਸੀਕਰਨ ਕੀਤਾ: ਪ੍ਰਿਯੰਕਾ
ਵਾਇਨਾਡ, 4 ਨਵੰਬਰ
ਕਾਂਗਰਸ ਜਨਰਲ ਸਕੱਤਰ ਅਤੇ ਵਾਇਨਾਡ ਲੋਕ ਸਭਾ ਸੀਟ ਤੋਂ ਯੂਡੀਐੱਫ ਦੀ ਉਮੀਦਵਾਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਇੱਥੇ ਦੋਸ਼ ਲਾਇਆ ਕਿ ਭਾਜਪਾ ਨੇ ਇਸ ਸਾਲ ਜੁਲਾਈ ਵਿੱਚ ਢਿੱਗਾਂ ਡਿੱਗਣ ਦੀ ਘਟਨਾ ਦਾ ਸਿਆਸੀਕਰਨ ਕੀਤਾ ਹੈ। ਚੋਣ ਪ੍ਰਚਾਰ ਦੇ ਦੂਜੇ ਦਿਨ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਸੁਲਤਾਨ ਬਾਥਰੀ ਵਿਧਾਨ ਸਭਾ ਹਲਕੇ ਦੇ ਕੇਨਿਚਿਰਾ ਵਿੱਚ ਨੁੱਕੜ ਮੀਟਿੰਗ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ, ‘‘ਜਿਸ ਆਫਤ ਕਾਰਨ ਲੋਕਾਂ ਨੂੰ ਭਾਰੀ ਤਕਲੀਫ ਝੱਲਣੀ ਪਈ, ਉਸ ਦਾ ਵੀ ਭਾਜਪਾ ਨੇ ਸਿਆਸੀਕਰਨ ਕਰ ਦਿੱਤਾ, ਅਸੀਂ ਇੱਕ ਅਜਿਹੀ ਜਗ੍ਹਾ ’ਤੇ ਖੜ੍ਹੇ ਹਾਂ, ਜਿੱਥੇ ਤੁਹਾਨੂੰ ਆਪਣੇ ਦੇਸ਼, ਆਪਣੀਆਂ ਲੋੜਾਂ ਅਤੇ ਤੁਸੀਂ ਜਿਸ ਤਰ੍ਹਾਂ ਦੀ ਸਿਆਸਤ ਚਾਹੁੰਦੇ ਹੋ, ਉਸ ਬਾਰੇ ਸੋਚਣਾ ਚਾਹੀਦਾ ਹੈ।’’ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਪ੍ਰਿਯੰਕਾ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਨਫ਼ਰਤ ਫੈਲਾਅ ਰਹੀ ਭਾਜਪਾ ਦੀ ਸਿਆਸਤ ਦੀ ਪਛਾਣ ਗੁੱਸਾ, ਭੇਦ-ਭਾਵ ਅਤੇ ਬਰਬਾਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਅਸਲ ਮੁੱਦਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ। ਕਾਂਗਰਸ ਨੇਤਾ ਨੇ ਦਾਅਵਾ ਕੀਤਾ ਕਿ ਬੇਰੁਜ਼ਗਾਰੀ ਹੁਣ ਤੱਕ ਦੇ ਸਭ ਤੋਂ ਉੱਚ ਪੱਧਰ ’ਤੇ ਹੈ ਅਤੇ ਕੀਮਤਾਂ ਲਗਾਤਾਰ ਵਧ ਰਹੀਆਂ ਹਨ, ਜਿਨ੍ਹਾਂ ਦੇ ਰੁਕਣ ਦਾ ਕੋਈ ਸੰਕੇਤ ਨਹੀਂ ਹੈ। ਪ੍ਰਿਯੰਕਾ ਗਾਂਧੀ ਨੇ ਕਿਹਾ, ‘‘ਸਿਆਸਤ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ’ਤੇ ਕੇਂਦਰਿਤ ਨਹੀਂ ਹੈ। ਭਾਜਪਾ ਦੀ ਸਿਆਸਤ ਦਾ ਉਦੇਸ਼ ਪੂਰੀ ਤਰ੍ਹਾਂ ਨਾਲ ਤੁਹਾਡਾ ਤੁਹਾਡੀਆਂ ਸਮੱਸਿਆਵਾਂ ਤੋਂ ਧਿਆਨ ਭਟਕਾਉਣਾ ਹੈ ਕਿਉਂਕਿ ਇਸ ਦਾ ਇਕਲੌਤਾ ਉਦੇਸ਼ ਸੱਤਾ ਵਿੱਚ ਬਣੇ ਰਹਿਣਾ ਹੈ, ਭਾਵੇਂ ਕੋਈ ਵੀ ਕੀਮਤ ਚੁਕਾਉਣੀ ਪਵੇ।’’ ਉਨ੍ਹਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਲੋੜੀਂਦੀ ਸਹਾਇਤਾ ਰਾਸ਼ੀ ਮੁਹੱਈਆ ਕਰਵਾਉਣ ’ਚ ਨਾਕਾਮ ਰਹਿਣ ਦਾ ਦੋਸ਼ ਲਾਇਆ। -ਪੀਟੀਆਈ