For the best experience, open
https://m.punjabitribuneonline.com
on your mobile browser.
Advertisement

ਲੋਕਾਂ ਨਾਲ ਸਿਰਫ਼ ਝੂਠ ਬੋਲਦੀ ਹੈ ਭਾਜਪਾ: ਭਗਵੰਤ ਮਾਨ

07:24 AM Apr 13, 2024 IST
ਲੋਕਾਂ ਨਾਲ ਸਿਰਫ਼ ਝੂਠ ਬੋਲਦੀ ਹੈ ਭਾਜਪਾ  ਭਗਵੰਤ ਮਾਨ
‘ਆਪ’ ਉਮੀਦਵਾਰ ਮਨੋਜ ਧਨੋਵਰ ਦੇ ਹੱਕ ’ਚ ਰੈਲੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।
Advertisement

* ‘ਕੇਜਰੀਵਾਲ ਦੇ ਵਿਚਾਰ ਕੈਦ ਨਹੀਂ ਕੀਤੇ ਜਾ ਸਕਦੇ’

Advertisement

ਟ੍ਰਿਬਿਊਨ ਨਿਊਜ਼ ਸਰਵਿਸ/ਪੀਟੀਆਈ
ਡਿਗਬੋਈ (ਅਸਾਮ), 12 ਅਪਰੈਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ’ਚ ਸੁੱਟ ਸਕਦੀ ਹੈ ਪਰ ਉਨ੍ਹਾਂ ਦੇ ਵਿਚਾਰਾਂ ਨੂੰ ਕੈਦ ਨਹੀਂ ਕਰ ਸਕਦੀ। ਉਨ੍ਹਾਂ ਇੱਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਵਿਚਾਰ ਨਾਲ ਆਮ ਆਦਮੀ ਪਾਰਟੀ ਕੰਮ ਕਰਦੀ ਹੈ, ਉਹ ਦਿੱਲੀ ਤੇ ਪੰਜਾਬ ’ਚ ਨਜ਼ਰ ਆਉਂਦੇ ਹਨ।
ਉਨ੍ਹਾਂ ਕਿਹਾ, ‘ਅਸਾਮ ਅਤੇ ਪੰਜਾਬ ਦਾ ਬਹੁਤ ਪੁਰਾਣਾ ਰਿਸ਼ਤਾ ਹੈ। ਗੁਰੂ ਨਾਨਕ ਦੇਵ ਅਤੇ ਗੁਰੂ ਤੇਗ ਬਹਾਦਰ ਅਸਾਮ ਆਏ ਸਨ। ਉਨ੍ਹਾਂ ਦੇ ਇੱਥੇ ਗੁਰਦੁਆਰਾ ਸਾਹਿਬਾਨ ਵੀ ਹਨ।’ ਭਾਜਪਾ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ, ‘ਉਹ ਇੱਕ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਸਕਦੇ ਹਨ ਪਰ ਦੇਸ਼ ਭਰ ’ਚ ਹਜ਼ਾਰਾਂ ਲੋਕ ਹਨ ਜੋ ਪਾਰਟੀ ਦੇ ਸਿਧਾਤਾਂ ’ਤੇ ਚੱਲ ਰਹੇ ਹਨ।’ ਮਾਨ ਨੇ ਕਿਹਾ, ‘ਉਨ੍ਹਾਂ (ਭਾਜਪਾ) ਨੂੰ ਲੱਗਦਾ ਹੈ ਕਿ ਕੇਜਰੀਵਾਲ ਨੂੰ ਜੇਲ੍ਹ ਭੇਜ ਦੇਣ ਨਾਲ ‘ਆਪ’ ਖਤਮ ਹੋ ਜਾਵੇਗੀ ਪਰ ਉਹ ਉਨ੍ਹਾਂ ਦੇ ਵਿਚਾਰਾਂ ਨੂੰ ਕਿਵੇਂ ਕੈਦ ਕਰਨਗੇ?’ ਉਹ ਡਿਬਰੂਗੜ੍ਹ ਸੰਸਦੀ ਹਲਕੇ ਤੋਂ ‘ਆਪ’ ਉਮੀਦਵਾਰ ਮਨੋਜ ਧਨੋਵਰ ਦੇ ਹੱਕ ’ਚ ਰੈਲੀ ਕਰ ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਝੂਠ ’ਤੇ ਝੂਠ ਬੋਲ ਰਹੀ ਹੈ ਪਰ ਲੋਕਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਅਜਿਹਾ ਨਹੀਂ ਚੱਲ ਸਕਦਾ। ਉਨ੍ਹਾਂ ਕਿਹਾ ਕਿ 2015 ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਤਤਕਾਲੀ ਕਾਂਗਰਸ ਮੰਤਰੀ ਹਿਮੰਤ ਬਿਸਵਾ ਸਰਮਾ ਅਸਾਮ ਦੇ ਸਭ ਤੋਂ ਭ੍ਰਿਸ਼ਟ ਵਿਅਕਤੀ ਹਨ। ਮਾਨ ਨੇ ਕਿਹਾ, ‘ਹਾਲਾਂਕਿ ਸਰਮਾ (ਅਸਾਮ ਦੇ ਮੁੱਖ ਮੰਤਰੀ) ਹੁਣ ਬੇਦਾਗ ਹਨ ਕਿਉਂਕਿ ਉਹ ਭਾਜਪਾ ਦੀ ਵਾਸ਼ਿੰਗ ਮਸ਼ੀਨ ਅੰਦਰ ਦਾਖਲ ਹੋ ਚੁੱਕੇ ਹਨ ਪਰ ਉਹ ਕਦੋਂ ਤੱਕ ਲੋਕਾਂ ਨੂੰ ਬੇਵਕੂਫ ਬਣਾਉਣਗੇ?’ ‘ਆਪ’ ਆਗੂ ਨੇ ਕਿਹਾ ਸਰਮਾ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਅਸਾਮ ਦੇ ਸਿੱਖਿਆ ਤੇ ਸਿਹਤ ਮੰਤਰੀ ਸਨ ਪਰ ਉਨ੍ਹਾਂ ਨੂੰ ਮਿਆਰੀ ਸਕੂਲ ਤੇ ਹਸਪਤਾਲ ਬਣਾਉਣ ਤੋਂ ਕਿਸ ਨੇ ਰੋਕਿਆ। ਉਨ੍ਹਾਂ ਕਿਹਾ, ‘ਮੈਨੂੰ ਦੱਸਿਆ ਗਿਆ ਹੈ ਕਿ ਅਸਾਮ ’ਚ ਅੱਠ ਹਜ਼ਾਰ ਸਰਕਾਰੀ ਸਕੂਲ ਬੰਦ ਕਰ ਦਿੱਤੇ ਗਏ ਕਿਉਂਕਿ ਉੱਥੇ ਕੋਈ ਵਿਦਿਆਰਥੀ ਨਹੀਂ ਸੀ। ਬੱਚੇ ਸਰਕਾਰੀ ਸਕੂਲਾਂ ’ਚ ਕਿਉਂ ਨਹੀਂ ਜਾ ਰਹੇ ਹਨ। ਕਿਉਂਕਿ ਇਨ੍ਹਾਂ ਦੀ ਖਰਾਬ ਹਾਲਤ ਕਾਰਨ ਮਾਪਿਆਂ ਦਾ ਭਰੋਸਾ ਖਤਮ ਹੋ ਗਿਆ ਹੈ।’ ਮਾਨ ਨੇ ਦਾਅਵਾ ਕੀਤਾ ਕਿ ਦਿੱਲੀ ਤੇ ਪੰਜਾਬ ’ਚ ‘ਆਪ’ ਸਰਕਾਰ ਨੇ ਮਿਆਰੀ ਸਕੂਲ ਦੇ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ ਹੈ ਅਤੇ ਹੁਣ ਮਾਪੇ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ’ਚੋਂ ਕੱਢ ਕੇ ਸਰਕਾਰੀ ਸਕੂਲਾਂ ’ਚ ਦਾਖਲ ਕਰਵਾ ਰਹੇ ਹਨ। ‘ਆਪ’ ਉਮੀਦਵਾਰਾਂ ਦੇ ਜਿੱਤਣ ’ਤੇ ਅਸਾਮ ’ਚ ਵੀ ਅਜਿਹਾ ਹੀ ਹੋਵੇਗਾ।’
ਉਨ੍ਹਾਂ ਕਿਹਾ ਕਿ ਅਸਾਮ ਵਿੱਚ ਮਜ਼ਦੂਰਾਂ ਦੀ ਹਾਲਤ ਬਹੁਤ ਖਰਾਬ ਹੈ। ਅੱਜ ਇੱਥੇ ਇੱਕ ਮਜ਼ਦੂਰ ਦੀ ਦਿਹਾੜੀ 250 ਰੁਪਏ ਹੈ। ਜੇਕਰ ਆਮ ਆਦਮੀ ਪਾਰਟੀ ਜਿੱਤਦੀ ਹੈ ਤਾਂ ਮਜ਼ਦੂਰਾਂ ਦੀ ਦਿਹਾੜੀ ਵਧਾ ਕੇ 450 ਰੁਪਏ ਕੀਤੀ ਜਾਵੇਗੀ ਅਤੇ ਇਸ ਲਈ ਕਾਨੂੰਨ ਵੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ਤੋਂ ਪੰਜਾਬ ਵਿੱਚ ਤਨਖਾਹਾਂ ਵੀ ਵਧਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਬਿਜਲੀ ਬਿਲਕੁਲ ਮੁਫ਼ਤ ਹੈ।

ਭਗਵੰਤ ਮਾਨ 15 ਨੂੰ ਕਰਨਗੇ ਕੇਜਰੀਵਾਲ ਨਾਲ ਮੁਲਾਕਾਤ

ਚੰਡੀਗੜ੍ਹ (ਟਨਸ): ਮੁੱਖ ਮੰਤਰੀ ਭਗਵੰਤ ਮਾਨ ਹੁਣ 15 ਅਪਰੈਲ ਨੂੰ ਦੁਪਹਿਰ 12 ਵਜੇ ਤਿਹਾੜ ਜੇਲ੍ਹ ਵਿਚ ਬੰਦ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ। ਸੂਤਰ ਦੱਸਦੇ ਹਨ ਕਿ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਇਸ ਲਈ ਹਰੀ ਝੰਡੀ ਦੇ ਦਿੱਤੀ ਹੈ। ਪਹਿਲਾਂ ਇਸ ਮੁਲਾਕਾਤ ਲਈ 10 ਅਪਰੈਲ ਦਾ ਸਮਾਂ ਮਿਲਿਆ ਸੀ ਜੋ ਬਾਅਦ ਵਿਚ ਜੇਲ੍ਹ ਪ੍ਰਸ਼ਾਸਨ ਨੇ ਖਾਰਜ ਕਰ ਦਿੱਤਾ ਸੀ। ਸੁਰੱਖਿਆ ਕਾਰਨਾਂ ਦੇ ਹਵਾਲੇ ਨਾਲ ਜੇਲ੍ਹ ਪ੍ਰਸ਼ਾਸਨ ਨੇ ਮੁਲਾਕਾਤ ਰੱਦ ਕੀਤੀ ਸੀ ਜਿਸ ਨੂੰ ਲੈ ਕੇ ‘ਆਪ’ ਨੇ ਕਾਫੀ ਰੌਲਾ ਵੀ ਪਾਇਆ ਸੀ।

Advertisement
Author Image

joginder kumar

View all posts

Advertisement
Advertisement
×